ਸੜਕ ਹਾਦਸੇ ਵਿੱਚ ਬੋਲੈਰੋ ਚਾਲਕ ਦੀ ਮੌਤ
ਗੁਰਬਖਸ਼ਪੁਰੀ
ਤਰਨ ਤਾਰਨ, 2 ਅਕਤੂਬਰ
ਇੱਥੇ ਦਾਣਾ ਮੰਡੀ ਦੇ ਬਾਹਰਵਾਰ ਸਥਿਤ ਪੈਟਰੋਲ ਪੰਪ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ| ਮ੍ਰਿਤਕ ਦੀ ਸ਼ਨਾਖਤ ਗੁਰਮੀਤ ਸਿੰਘ (42) ਵਾਸੀ ਪਿੰਡ ਕੱਦਗਿੱਲ ਵਜੋਂ ਹੋਈ ਹੈ| ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਆਪਣੀ ਬੋਲੈਰੋ ਗੱਡੀ ’ਚ ਗੋਇੰਦਵਾਲ ਸਾਹਿਬ ਦੇ ਬਾਈਪਾਸ ਤੋਂ ਆਪਣੇ ਪਿੰਡ ਵੱਲ ਆ ਰਿਹਾ ਸੀ ਕਿ ਉਸ ਨੂੰ ਸਾਹਮਣਿਓਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੈਕਟਰ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ| ਉਸਦੇ ਮਾਮਾ ਸਤਨਾਮ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ|
ਸਥਾਨਕ ਥਾਣਾ ਸਿਟੀ ਦੇ ਏਐੱਸਆਈ ਰਛਪਾਲ ਸਿੰਘ ਨੇ ਦੱਸਿਆ ਕਿ ਟਰੈਕਟਰ ਦੇ ਡਰਾਈਵਰ ਦੀ ਸ਼ਨਾਖਤ ਸਰਬਜੀਤ ਸਿੰਘ ਸਾਬਾ ਵਾਸੀ ਦਿਆਲਪੁਰ (ਥਾਣਾ ਕੱਚਾ ਪੱਕਾ) ਦੇ ਤੌਰ ’ਤੇ ਹੋਈ ਹੈ ਜਿਸ ਖਿਲਾਫ਼ ਬੀਐੱਨਐੱਸ ਦੀ ਦਫ਼ਾ 106 (2), 281, 324 (4), (5) ਅਧੀਨ ਕੇਸ ਦਰਜ ਕੀਤਾ ਗਿਆ ਹੈ|
ਹਾਦਸੇ ਵਿੱਚ ਜ਼ਖ਼ਮੀ ਅਧਿਆਪਕਾ ਦੀ ਮੌਤ
ਕਾਦੀਆਂ (ਮਕਬੂਲ ਅਹਿਮਦ): ਇੱਥੇ ਬਟਾਲਾ-ਕਾਦੀਆਂ ਰੋਡ ’ਤੇ ਸ਼ਾਹਬਾਦ ਅੱਡੇ ’ਚ ਵੱਜੀ ਰਾਜਧਾਨੀ ਬੱਸ ਦੌਰਾਨ ਜ਼ਖਮੀ ਹੋਈ ਇੱਕ ਸਰਕਾਰੀ ਅਧਿਆਪਕਾ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕਾ ਸੁਖਪਾਲ ਕੌਰ ਦੇ ਪਤੀ ਕੁਲਜੀਤ ਸਿੰਘ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੋਨੀ ਬਟਾਲਾ ਵਿੱਚ ਸੇਵਾਵਾਂ ਨਿਭਾਅ ਰਹੀ ਸੀ। ਘਟਨਾ ਵਾਲੇ ਦਿਨ ਸਕੂਲ ਛੁੱਟੀ ਹੋਣ ਤੋਂ ਬਾਅਦ ਉਹ ਬੱਸ ’ਚ ਕਾਦੀਆਂ ਆ ਰਹੀ ਸੀ ਜਿਸ ਦੌਰਾਨ ਰਾਹ ’ਚ ਇਹ ਹਾਦਸਾ ਵਾਪਰ ਗਿਆ ਅਤੇ ਉਹ ਜ਼ਖਮੀ ਹੋ ਗਈ ਸੀ। ਉਸ ਦਾ ਇਲਾਜ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਚੱਲ ਰਿਹਾ ਸੀ ਜਿਸ ਦੌਰਾਨ ਬੁੱਧਵਾਰ ਸਵੇਰੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।