ਜ਼ਮੀਨ ਵਿੱਚ ਦੱਬੀ ਨੌਜਵਾਨ ਦੀ ਲਾਸ਼ ਬਰਾਮਦ
ਪਵਨ ਗੋਇਲ
ਭੁੱਚੋ ਮੰਡੀ, 15 ਦਸੰਬਰ
ਸਥਾਨਕ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਅੱਜ ਬਾਅਦ ਦੁਪਹਿਰ ਸਥਾਨਕ ਚੱਕਾਂ ਵਾਲੇ ਰੇਲਵੇ ਫਾਟਕ ਨੇੜੇ ਜ਼ਮੀਨ ਵਿੱਚ ਦੱਬੀ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਲੱਭੀ (18) ਪੁੱਤਰ ਮੇਲਾ ਸਿੰਘ ਵਾਸੀ ਗਿੱਲ ਖੁਰਦ ਵਜੋਂ ਹੋਈ ਹੈ। ਇਹ ਬਰਾਮਦਗੀ ਨਥਾਣਾ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ, ਭੁੱਚੋ ਦੇ ਡੀਐੱਸਪੀ ਰਵਿੰਦਰ ਸਿੰਘ ਰੰਧਾਵਾ, ਨਥਾਣਾ ਦੇ ਐੱਸਐੱਚਓ ਦਿਲਬਾਗ ਸਿੰਘ ਅਤੇ ਚੌਕੀ ਇੰਚਾਰਜ ਨਿਰਮਲਜੀਤ ਸਿੰਘ ਦੀ ਦੇਖਰੇਖ ਹੇਠ ਹੋਈ। ਸਹਾਰਾ ਜਨ ਸੇਵਾ ਭੁੱਚੋ ਮੰਡੀ ਦੇ ਵਾਲੰਟੀਅਰਾਂ ਨੇ ਲਾਸ਼ ਕੱਢ ਕੇ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ।
ਇਸ ਘਟਨਾ ਸਬੰਧੀ ਚੌਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ 2 ਦਸੰਬਰ ਤੋਂ ਲਾਪਤਾ ਸੀ। ਉਸ ਦੀ ਲਾਸ਼ ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਬਰਾਮਦ ਕਰ ਲਈ ਗਈ ਹੈ ਅਤੇ ਉਸ ਦੇ ਪਿਤਾ ਮੇਲਾ ਸਿੰਘ ਨੇ ਇਸ ਦੀ ਪਛਾਣ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮੇਲਾ ਸਿੰਘ ਦੇ ਬਿਆਨਾਂ ’ਤੇ ਨਰਸ ਮੀਨਾਕਸ਼ੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਕਤਲ ਦੇ ਕਾਰਨਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਡੂੰਘਾਈ ਨਾਲ ਤਫ਼ਤੀਸ਼ ਕਰਨ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।