ਜ਼ਮੀਨ ’ਚ ਦੱਬੀ ਨਵਜੰਮੇ ਬੱਚੇ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ
ਯਮੁਨਾਨਗਰ, 7 ਜਨਵਰੀ
ਕਸਬਾ ਸਢੌਰਾ ਵਿੱਚ ਇੱਕ ਅਣਪਛਾਤੇ ਨਵਜੰਮੇ ਬੱਚੇ ਦੀ ਲਾਸ਼ ਨਕਟੀ ਲਾਗੇ ਦੱਬੀ ਹੋਈ ਮਿਲੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਅਤੇ ਅਣਪਛਾਤੀ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਢੌਰਾ ਦੇ ਇੰਚਾਰਜ ਅਜੀਤ ਕੁਮਾਰ ਨੇ ਦੱਸਿਆ ਕਿ ਬਾਅਦ ਦੁਪਹਿਰ ਸਢੌਰਾ ਦੀ ਨਕਟੀ ਨਦੀ ਵਿੱਚ ਇਕ ਅਣਪਛਾਤੇ ਨਵਜੰਮੇ ਬੱਚੇ (ਲੜਕੇ) ਦੀ ਲਾਸ਼ ਇੱਕ ਟੋਏ ਵਿੱਚ ਦੱਬੀ ਹੋਈ ਸੀ। ਆਸ-ਪਾਸ ਮੌਜੂਦ ਲੋਕਾਂ ਨੇ ਦੱਸਿਆ ਕਿ ਨਦੀ ਵਿੱਚ ਖੇਡ ਰਹੇ ਬੱਚਿਆਂ ਨੇ ਸਾਮਾਨ ਦੇ ਥੈਲੇ ਵਿੱਚ ਪਈ ਬੱਚੇ ਦੀ ਲਾਸ਼ ਦੇ ਆਲੇ-ਦੁਆਲੇ ਕੁਝ ਕੁੱਤਿਆਂ ਨੂੰ ਘੁੰਮਦੇ ਦੇਖਿਆ। ਬੱਚਿਆਂ ਨੇ ਕੁੱਤਿਆਂ ਤੋਂ ਬਚਾਉਣਣ ਲਈ ਲਾਸ਼ ਨੂੰ ਮਿੱਟੀ ਨਾਲ ਢੱਕ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਨੇ ਆ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ । ਇਸ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਨਵਜੰਮੇ ਬੱਚੇ ਦੀ ਲਾਸ਼ ਨੂੰ ਟੋਏ ਵਿੱਚੋਂ ਬਾਹਰ ਕੱਢਿਆ। ਸਢੌਰਾ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਪੋਸਟਮਾਰਟਮ ਲਈ ਜਗਾਧਰੀ ਭੇਜ ਦਿੱਤਾ। ਜਿਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਣਪਛਾਤੀ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੱਛਮੀ ਯਮੁਨਾ ਨਹਿਰ ਵਿੱਚੋਂ ਮੋਟਰਸਾਈਕਲ ਮਿਲਿਆ
ਯਮੁਨਾਨਗਰ (ਪੱਤਰ ਪ੍ਰੇਰਕ): ਪੱਛਮੀ ਯਮੁਨਾ ਨਹਿਰ ਦੇ ਹਮੀਦਾ ਹੈੱਡ ’ਤੇ ਇਕ ਮੋਟਰਸਾਈਕਲ ਡਿੱਗੀ ਹੋਈ ਮਿਲੀ ਹੈ। ਸੂਚਨਾ ਮਿਲਣ ’ਤੇ ਮੌਕੇ ਉੱਤੇ ਪਹੁੰਚੀ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਮੋਟਰਸਾਈਕਲ ਨੂੰ ਬਾਹਰ ਕੱਢਿਆ। ਪੁਲੀਸ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਦੇ ਆਧਾਰ ’ਤੇ ਵੱਖ-ਵੱਖ ਪਹਿਲੂਆਂ ’ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਪਹਿਰ ਮੌਕੇ ਪਹੁੰਚੇ ਗੋਤਾਖੋਰ ਅਮਰ ਸਿੰਘ ਨੇ ਦੱਸਿਆ ਕਿ ਯਮੁਨਾ ਕੈਨਾਲ ਦੇ ਹਮੀਦਾ ਹੈੱਡ ’ਤੇ ਯਮੁਨਾ ਨਹਿਰ ਵਿੱਚੋਂ ਪਲਟੀਨਾ ਮੋਟਰਸਾਈਕਲ ਡਿੱਗਿਆ ਹੋਇਆ ਮਿਲਿਆ। ਇਸ ਸਬੰਧੀ ਰਾਹਗੀਰਾਂ ਨੇ 112 ’ਤੇ ਜਾਣਕਾਰੀ ਦਿੱਤੀ ਸੀ। ਹਮੀਦਾ ਪੁਲੀਸ ਚੌਕੀ ਦੇ ਮੁਲਾਜ਼ਮ ਵੀ ਮੌਕੇ ’ਤੇ ਪੁੱਜੇ ਅਤੇ ਗੋਤਾਖੋਰਾਂ ਦੀ ਮਦਦ ਨਾਲ ਰੱਸੀ ਦੀ ਮਦਦ ਨਾਲ ਮੋਟਰਸਾਈਕਲ ਨੂੰ ਬਾਹਰ ਕੱਢਿਆ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਾਂ ਤਾਂ ਰਾਤ ਨੂੰ ਧੁੰਦ ਕਾਰਨ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋਏ, ਪਰ ਉਹ ਕੌਣ ਲੋਕ ਹਨ ਅਤੇ ਉਹ ਕਿੱਥੋਂ ਦੇ ਵਾਸੀ ਹਨ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਇਹ ਮੋਟਰਸਾਈਕਲ ਚੋਰੀ ਦਾ ਵੀ ਹੋ ਸਕਦਾ ਹੈ ਜਾਂ ਫੇਰ ਕਿਸੇ ਵਾਰਦਾਤ ਮਗਰੋਂ ਇੱਥੇ ਸੁੱਟ ਦਿੱਤਾ ਗਿਆ ਹੋਵੇ।
ਫਤਿਹਾਬਾਦ ਨੰਬਰ ਵਾਲੀ ਥਾਰ ਭਾਖੜਾ ਵਿੱਚੋਂ ਬਰਾਮਦ
ਟੋਹਾਣਾ (ਪੱਤਰ ਪ੍ਰੇਰਕ): ਹਰਿਆਣਾ-ਪੰਜਾਬ ਸੀਮਾ ’ਤੇ ਭਾਖੜਾ ਨਹਿਰ ਵਿੱਚੋਂ ਪੰਜਾਬ ਪੁਲੀਸ ਨੇ ਨਵੀਂ ਥਾਰ ਗੱਡੀ ਬਰਾਮਦ ਕੀਤੀ ਹੈ। ਦੁਪਹਿਰ ਬਾਅਦ ਸੂਚਨਾ ਮਿਲਦੇ ਹੀ ਸੰਗਰੂਰ ਪੁਲੀਸ ਹਾਈਡਰਾ ਕਰੇਨ ’ਤੇ ਗੋਤਾਖੋਰਾਂ ਦੀ ਟੀਮ ਨੂੰ ਲੈ ਕੇ ਪੁੱਜੀ ਤਾਂ ਗੋਤਾਖੋਰਾਂ ਦੀ ਟੀਮ ਨੇ ਥਾਰ ਜੀਪ ਨੂੰ ਸੰਗਲ ਪਾ ਕੇ ਨਹਿਰ ਵਿੱਚੋਂ ਬਾਹਰ ਕੱਢ ਲਿਆ। ਥਾਰ ਗੱਡੀ ਫਤਿਹਾਬਾਦ ਤੋਂ ਰਜਿਸਟਰੇਸ਼ਨ ਹੋਈ ਹੈ ਇਸ ਦਾ ਨੰਬਰ ਐੱਚਆਰ 20.ਏਵੀ 1122 ਲਿਖਿਆ ਹੋਇਆ ਹੈ। ਗੱਡੀ ਵਿੱਚੋ ਹੋਰ ਕੁੱਝ ਨਹੀ ਮਿਲਿਆ। ਪੁਲੀਸ ਨੇ ਗੱਡੀ ਕਬਜ਼ੇ ਵਿੱਚ ਲੈ ਲਈ ਹੈ। ਥਾਰ ਗੱਡੀ ਦੀਆਂ ਸੀਟਾਂ ’ਤੇ ਪੀਵੀਸੀ ਕਵਰ ਲੱਗੇ ਹੋਏ ਸਨ ਤੇ ਉੱਤੇ ਸਰੀਆ ਲਾਲ ਸਿਆਹੀ ਨਾਲ ਬੰਨ੍ਹਿਅ ਹੋਇਆ ਸੀ।