ਬਠਿੰਡਾ: ਇੰਸਟਾਗ੍ਰਾਮ ’ਤੇ ਮਕਬੂਲ ਕਮਲ ਕੌਰ ਭਾਬੀ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 12 ਜੂਨ
ਇੰਸਟਾਗ੍ਰਾਮ ਉੱਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਕੰਚਨ ਕੁਮਾਰੀ ਦੀ ਲਾਸ਼ ਬੀਤੀ ਦੇਰ ਰਾਤ ਇਥੇ ਆਦੇਸ਼ ਹਸਪਤਾਲ ਨੇੜੇ ਪਾਰਕ ਕੀਤੀ ਕਾਰ ਵਿਚੋਂ ਮਿਲੀ ਹੈ। ਲਾਸ਼ ਦੀ ਸ਼ਨਾਖਤ ਅੱਜ ਸਵੇਰੇ ਕੀਤੀ ਗਈ ਹੈ। ਲਾਸ਼ ਦੀ ਹਾਲਤ ਦੇਖ ਕੇ ਕਿਆਸ ਲਾਏ ਜਾ ਰਹੇ ਹਨ ਕਿ ਕਮਲ ਕੌਰ ਭਾਬੀ ਦੀ ਮੌਤ ਦੋ-ਤਿੰਨ ਦਿਨ ਪਹਿਲਾਂ ਹੋ ਗਈ ਸੀ।
ਕਮਲ ਕੌਰ ਭਾਬੀ ਸੋਸ਼ਲ ਮੀਡੀਆ ਉੱਤੇ ਅਕਸਰ ਇਤਰਾਜ਼ਯੋਗ ਤੇ ਭੱਦੀ ਸ਼ਬਦਾਵਲੀ ਵਾਲੇ ਵੀਡੀਓਜ਼ ਪਾਉਣ ਕਰਕੇ ਸੁਰਖੀਆਂ ਵਿਚ ਰਹਿੰਦੀ ਸੀ। ਉਸ ਦੇ ਇੰਸਟਾਗ੍ਰਾਮ ’ਤੇ 3.86 ਲੱਖ ਫਾਲੋਅਰਜ਼ ਹਨ। ਸੱਤ ਮਹੀਨੇ ਪਹਿਲਾਂ ਅਤਿਵਾਦੀ ਅਰਸ਼ ਡੱਲਾ ਨੇ ਵੀ ਅਸ਼ਲੀਲ ਸਮੱਗਰੀ ਨੂੰ ਲੈ ਕੇ ਕਮਲ ਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਕਾਰ ਵਿੱਚੋਂ ਬਦਬੂ ਆਉਣ ਮਗਰੋਂ ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਐੱਸਪੀ (ਸਿਟੀ) ਨਰਿੰਦਰ ਸਿੰਘ ਦੀ ਅਗਵਾਈ ’ਚ ਪੁੱਜੀ ਪੁਲੀਸ ਪਾਰਟੀ ਨੇ ਲਾਸ਼ ਨੂੰ ਕਾਰ ’ਚੋਂ ਬਾਹਰ ਕੱਢਿਆ। ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਵਾ ਦਿੱਤੀ ਗਈ ਹੈ।
Today,evening, PS Cantt Bathinda received an information from the Control Room that a foul smell was emanating from a parked vehicle in the parking area of Adesh Hospital, Bhucho. The police party immediately reached the spot and upon investigation,(1/2) pic.twitter.com/1SnPuQ76Tq
— BATHINDA POLICE (@BathindaPolice) June 11, 2025
ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਵਿਚ ਜੁੱਟ ਗਈ ਹੈ। ਉਂਝ ਮੌਤ ਦੇ ਕਾਰਨਾਂ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ ਹੈ। ਕਮਲ ਕੌਰ ਉਰਫ਼ ਕੰਚਨ ਕੁਮਾਰੀ ਲੁਧਿਆਣਾ ਦੀ ਵਸਨੀਕ ਦੱਸੀ ਜਾਂਦੀ ਹੈ। ਪੁਲੀਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਹ ਬਠਿੰਡਾ ਕਦੋਂ ਅਤੇ ਕਿਸ ਉਦੇਸ਼ ਨਾਲ ਆਈ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਨੂੰ 2-3 ਦਿਨ ਹੋ ਚੁੱਕੇ ਹਨ।