ਲੋਕਾਂ ਦੇ ਬਚਾਅ ਲਈ ਸੜਕਾਂ ’ਤੇ ਆਈਆਂ ਕਿਸ਼ਤੀਆਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੁਲਾਈ
ਪਟਿਆਲਾ ਜ਼ਿਲ੍ਹਾ ਵੱਡੀ ਪੱਧਰ ’ਤੇ ਪਾਣੀ ਦੀ ਮਾਰ ਹੇੇਠ ਹੈ। ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਪਾਣੀ ਭਰ ਜਾਣ ਕਾਰਨ ਫੌਜ ਦੇ ਜਵਾਨ ਲੋਕਾਂ ਦੀ ਮਦਦ ਕਰ ਰਹੇ ਹਨ। ਗੋਪਾਲ ਕਲੋਨੀ ਵਿਚੋਂ ਫੌਜ ਨੇ ਦੋ ਸੌ ਪਰਿਵਾਰਾਂ ਨੂੰ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾ ਦਿੱਤਾ ਹੈ। ੲਿਸੇ ਤਰ੍ਹਾਂ ਅਰਬਨ ਅਸਟੇਟ ਅਤੇ ਚਨਿਾਰ ਬਾਗ ਵਿਚਲੇ ਘਰਾਂ ’ਚ ਤਿੰਨ ਤੋਂ ਪੰਜ ਫੁੱਟ ਤੱਕ ਪਾਣੀ ਦਾਖ਼ਲ ਹੋਣ ਕਾਰਨ ਅੱਜ ਦੂਜੇ ਦਨਿ ਵੀ ਫੌਜ ਦੇ ਜਵਾਨ ਅਤੇ ਹੋਰ ਵਾਲੰਟੀਅਰ ਪੀੜਤਾਂ ਨੂੰ ਕਿਸ਼ਤੀਆਂ ਤੇ ਟਰੈਕਟਰਾਂ ਆਦਿ ਰਾਹੀਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਂਦੇ ਰਹੇ।
ਜ਼ਿਕਰਯੋਗ ਹੈ ਕਿ ਇਸ ਦੌਰਾਨ ਅਰਬਨ ਅਸਟੇਟ ਦੇ ਤਿੰਨ ਤੋਂ ਪੰਜ ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਇਸ ਦੇ ਨੇੜਲੇ ਚਨਿਾਰ ਬਾਗ ਵਿਚ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਲੋਕਾਂ ਦੇ ਘਰਾਂ ਵਿਚਲੇ ਸਾਮਾਨ ਸਮੇਤ ਕਾਰਾਂ ਤੇ ਹੋਰ ਵਾਹਨ ਵੀ ਨੁਕਸਾਨੇ ਗਏ ਹਨ। ਡੀਸੀ ਸਾਕਸ਼ੀ ਸਾਹਨੀ ਦਾ ਕਹਿਣਾ ਸੀ ਕਿ ਭਾਵੇਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ, ਪਰ ਅਜੇ ਵੀ ਅਨੇਕਾਂ ਲੋਕ ਆਪਣੀ ਮਰਜ਼ੀ ਮੁਤਾਬਿਕ ਉਪਰਲੀਆਂ ਮੰਜ਼ਿਲਾਂ ’ਤੇ ਰਹਿ ਰਹੇ ਹਨ।
ਇਸੇ ਦੌਰਾਨ ਸਦੀਆਂ ਤੋਂ ਚੱਲੀ ਆ ਰਹੀ ਰੀਤ ਮੁਤਾਬਕ ਪਟਿਆਲਾ ਦੇ ਸ਼ਾਹੀ ਪਰਿਵਾਰ ਨੇ ਅੱਜ ਇਥੇ ਸ਼ਹਿਰ ਦੇ ਨਾਲੋਂ ਲੰਘਦੀ ਵੱਡੀ ਨਦੀ ਵਿਚ ਨੱਥ-ਚੂੜਾ ਚੜ੍ਹਾਇਆ ਹੈ। ਇਹ ਰਸਮ ਸਨੌਰ ਰੋਡ ’ਤੇ ਸਥਿਤ ਇਸ ਨਦੀ ਦੇ ਪੁਲ ’ਤੇ ਖੜ੍ਹ ਕੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪਟਿਆਲਾ ਦੇ ਮੌਜੂਦਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨਿਭਾਈ। ਇਸ ਦੌਰਾਨ ਉਨ੍ਹਾਂ ਦੀ ਧੀ ਜੈਇੰਦਰ ਕੌਰ ਸਮੇਤ ਹੋਰ ਵੀ ਮੌਜੂਦ ਸਨ। ਪਹਿਲਾਂ ਉਨ੍ਹਾਂ ਨੇ ਇਤਿਹਾਸਕ ਕਿਲਾ ਮੁਬਾਰਕ ਵਿੱਚ ਬੁਰਜ ਬਾਬਾ ਆਲਾ ਸਿੰਘ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਵਿਗਿਆਨਕ ਪੱਖ ਤੋਂ ਕਈ ਲੋਕ ਅਤੇ ਵਿਰੋਧੀ ਧਿਰਾਂ ਇਸ ਗੱਲ ਨੂੰ ਨਕਾਰ ਦੀਆਂ ਹਨ ਪਰ ਇਥੇ ਇਹ ਧਾਰਨਾ ਬਣੀ ਰਹੀ ਹੈ ਕਿ ਸ਼ਾਹੀ ਪਰਿਵਾਰ ਦੀ ਤਰਫ਼ੋਂ ਨਦੀ ਵਿਚ ਨੱਥ ਤੇ ਚੂੜਾ ਭੇਟ ਕਰਨ ਨਾਲ ਪਾਣੀ ਦਾ ਪੱਧਰ ਘਟਣ ਲੱਗਦਾ ਹੈ। ਇਸ ਦੌਰਾਨ ਜਿਥੇ ਨੱਥ ਸੋਨੇ ਦੀ ਹੁੰਦੀ ਹੈ, ਉਥੇ ਹੀ ਚੂੜਾ ਆਮ ਸ਼ਗਨਾਂ ਵਾਲਾ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਸੂਟ ਅਤੇ ਬਿੰਦੀ ਸਮੇਤ ਹੋਰ ਵਸਤਾਂ ਵੀ ਸ਼ਾਮਲ ਹੁੰਦੀਆਂ ਹਨ। ਇਸੇ ਕੜੀ ਵਜੋਂ ਸ਼ਾਹੀ ਪਰਿਵਾਰ ਦੀ ਨੂੰਹ ਪ੍ਰਨੀਤ ਕੌਰ ਨੇ ਅੱਜ ਇਥੇ ਸਨੌਰ ਰੋਡ ’ਤੇ ਜਾ ਕੇ ਇਸ ਨਦੀ ਵਿਚ ਨੱਥ ਤੇ ਚੂੜਾ ਭੇਟ ਕੀਤਾ।
ਪ੍ਰਨੀਤ ਕੌਰ ਨੇ ਕਿਹਾ ਕਿ ਮੌਸਮ ਠੀਕ ਨਾ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਨਹੀਂ ਆ ਸਕੇ, ਜਿਸ ਕਾਰਨ ਐਤਕੀਂ ਇਹ ਰੀਤ ਪਰਿਵਾਰ ਤਰਫ਼ੋਂ ਉਨ੍ਹਾਂ ਨੇ ਨਿਭਾਈ ਹੈ। ਵਿਰੋਧੀ ਧਿਰਾਂ ਦੀਆਂ ਟਿੱਪਣੀਆਂ ਬਾਰੇ ਉਨ੍ਹਾਂ ਕਿਹਾ ਕਿ ਅੱਜ ਦਾ ਦਨਿ ਰਾਜਨੀਤੀ ਕਰਨ ਦਾ ਨਹੀਂ ਹੈ।
ਉਧਰ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਜਿਹੀ ਕਾਰਵਾਈ ਨੂੰ ਬੇਤੁਕੀ ਦੱਸਿਆ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦਾ ਕਹਿਣਾ ਸੀ ਕਿ ਵਿਗਿਆਨਕ ਪੱਖ ਤੋਂ ਨੱਥ ਚੂੜੇ ਦੀ ਕੋਈ ਅਹਿਮੀਅਤ ਨਹੀਂ ਹੈ।
ਸ਼ਾਮ ਵੇਲੇ ਵੱਡੀ ਨਦੀ ਵਿੱਚ ਪਾਣੀ ਘਟਿਆ
ਪਟਿਆਲਾ ਨਦੀ ਵਿੱਚ ਭਾਵੇਂ ਦੋ ਦਨਿਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਆ ਰਿਹਾ ਹੈ ਪਰ ਅੱਜ ਦਨਿ ਵੇਲੇ ਇਹ ਪਾਣੀ ਘਟਣਾ ਸ਼ੁਰੂ ਹੋ ਗਿਆ। ਇਸ ਨਦੀ ਵਿਚ ਖਤਰੇ ਦਾ ਨਿਸ਼ਾਨ 10 ਫੁੱਟ ’ਤੇ ਹੈ ਪਰ ਇਥੇ ਪਾਣੀ ਕਈ ਫੁੱਟ ਉਪਰ ਚੱਲਦਾ ਰਿਹਾ ਹੈ। ਸਰਕਾਰੀ ਰਿਪੋਰਟਾਂ ’ਤੇ ਝਾਤ ਮਾਰੀਏ ਤਾਂ ਅੱਜ ਦੁਪਹਿਰੇ ਦੋ ਵਜੇ ਇਸ ਨਦੀ ਵਿਚ 17 ਫੁੱਟ ਪਾਣੀ ਸੀ, ਜੋ ਚਾਰ ਵਜੇ 16.80 ਫੁੱਟ ਅਤੇ ਸ਼ਾਮੀ ਛੇ ਵਜੇ 16.50 ਫੁੱਟ ਹੀ ਰਹਿ ਗਿਆ। ਦੂਜੇ ਬੰਨ੍ਹੇ ਸ਼ਾਹੀ ਪਰਿਵਾਰ ਦੇ ਸਮਰਥਕ ਇਨ੍ਹਾਂ ਅੰਕੜਿਆਂ ਨੂੰ ਨੱਥ ਚੂੜਾ ਚੜ੍ਹਾਏ ਜਾਣ ਦੀ ਕਾਰਵਾਈ ਨਾਲ ਜੋੜ ਕੇ ਪ੍ਰਚਾਰ ਰਹੇ ਹਨ।