For the best experience, open
https://m.punjabitribuneonline.com
on your mobile browser.
Advertisement

ਸਿੱਖਿਆ ਬੋਰਡ: ਮਹਿਲਾ ਸੁਪਰਵਾਈਜ਼ਰ ਨੂੰ ਫ਼ਾਰਗ ਕਰਨ ਦਾ ਮਾਮਲਾ ਭਖਿਆ

11:44 AM Apr 07, 2024 IST
ਸਿੱਖਿਆ ਬੋਰਡ  ਮਹਿਲਾ ਸੁਪਰਵਾਈਜ਼ਰ ਨੂੰ ਫ਼ਾਰਗ ਕਰਨ ਦਾ ਮਾਮਲਾ ਭਖਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 6 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਆਉਟਸੋਰਸ ਰਾਹੀਂ ਪਿਛਲੇ ਛੇ ਸਾਲ ਤੋਂ ਕੰਮ ਕਰ ਰਹੀ ਸੁਪਰਵਾਈਜ਼ਰ ਰਜਨੀ ਨੂੰ ਨੌਕਰੀ ਤੋਂ ਫ਼ਾਰਗ ਕਰਨ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਵੱਖ-ਵੱਖ ਟਰੇਡ ਯੂਨੀਅਨਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੇ ਇਸ ਮੁਲਾਜ਼ਮ ਵਿਰੋਧੀ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਹੁਕਮਰਾਨਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਬੋਰਡ ਕਾਰਪੋਰੇਸ਼ਨ ਮਹਾਸੰਘ ਦੇ ਪ੍ਰਧਾਨ ਤਾਰਾ ਸਿੰਘ ਅਤੇ ਜਨਰਲ ਸਕੱਤਰ ਰਾਜ ਕੁਮਾਰ ਨੇ ਕਿਹਾ ਕਿ ਸਿੱਖਿਆ ਬੋਰਡ ਵਿੱਚ ਪਿਛਲੇ ਇੱਕ ਦਹਾਕੇ ਤੋਂ ਕਰੀਬ 50 ਸਫ਼ਾਈ ਕਰਮਚਾਰੀ ਆਉਟਸੋਰਸ ਦੇ ਆਧਾਰ ’ਤੇ ਕੰਮ ਕਰ ਰਹੇ ਹਨ ਪਰ ਇਨ੍ਹਾਂ ’ਤੇ ਕੋਈ ਕਿਰਤ ਕਾਨੂੰਨ ਲਾਗੂ ਨਹੀਂ ਕੀਤੇ ਜਾ ਰਹੇ। ਬੋਰਡ ਦਾ ਠੇਕੇਦਾਰ ਈਪੀਐੱਫ, ਈਐੱਸਆਈ ਸਹੂਲਤ ਦੇਣ ਲਈ ਪਾਬੰਦ ਹੈ ਪਰ ਸਫ਼ਾਈ ਕਰਮਚਾਰੀਆਂ ਨੂੰ ਨਾ ਤਾਂ ਈਪੀਐਫ ਖਾਤਾ ਨੰਬਰਾਂ ਦਾ ਪਤਾ ਹੈ ਅਤੇ ਨਾ ਹੀ ਉਨ੍ਹਾਂ ਦੇ ਈਐੱਸਆਈ ਕਾਰਡ ਬਣੇ ਹਨ। ਜਦੋਂ ਇਨ੍ਹਾਂ ਕਰਮਚਾਰੀਆਂ ਨੇ ਆਪਣੇ ਸੋਸ਼ਣ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਠੇਕੇਦਾਰ ਨੇ ਉਨ੍ਹਾਂ ਨੂੰ ਟਰਮੀਨੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਵੀਂ ਭਰਤੀ ਸ਼ੁਰੂ ਕਰ ਦਿੱਤੀ।
ਪੀੜਤ ਕਰਮਚਾਰੀਆਂ ਨੇ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਚੁੱਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਸਫ਼ਾਈ ਸੇਵਕ ਯੂਨੀਅਨ ਦਾ ਗਠਨ ਕੀਤਾ ਗਿਆ ਹੈ। ਪੀੜਤ ਕਰਮਚਾਰੀਆਂ ਨੇ ਬੋਰਡ ਦੇ ਸਕੱਤਰ, ਸਫ਼ਾਈ ਠੇਕੇਦਾਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਕੇ ਚਿਤਾਵਨੀ ਦਿੱਤੀ ਕਿ ਜੇਕਰ ਮਹਿਲਾ ਸੁਪਰਵਾਈਜ਼ਰ ਨੂੰ ਤੁਰੰਤ ਨੌਕਰੀ ’ਤੇ ਬਹਾਲ ਨਾ ਕੀਤਾ ਅਤੇ ਕਿਰਤ ਕਾਨੂੰਨ ਲਾਗੂ ਨਾ ਕੀਤੇ ਗਏ ਤਾਂ ਸਫ਼ਾਈ ਸੇਵਕ ਲੜੀਵਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਨੋਦ ਕੁਮਾਰ, ਪ੍ਰੈਸ ਸਕੱਤਰ ਹਰਕੇਸ਼ ਰਾਣਾ, ਡੇਲੀਵੇਜ ਕਰਮਚਾਰੀ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ, ਬੂਟਾ ਸਿੰਘ, ਨਵਪ੍ਰੀਤ ਸਿੰਘ, ਕਰਨ ਸਿੰਘ ਅਤੇ ਪੀਐੱਸਆਈਈਸੀ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ, ਵਿੱਤ ਸਕੱਤਰ ਬਲਵੰਤ ਸਿੰਘ, ਤੇਜਿੰਦਰ ਸਿੰਘ ਨੇ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×