For the best experience, open
https://m.punjabitribuneonline.com
on your mobile browser.
Advertisement

ਕਿਰਦਾਰਾਂ ’ਚ ਵੱਖਰੇ ਰੰਗ ਭਰਨ ਵਾਲਾ ਬੀ.ਐੱਨ. ਸ਼ਰਮਾ

10:29 AM May 25, 2024 IST
ਕਿਰਦਾਰਾਂ ’ਚ ਵੱਖਰੇ ਰੰਗ ਭਰਨ ਵਾਲਾ ਬੀ ਐੱਨ  ਸ਼ਰਮਾ
Advertisement

ਰਜਨੀ ਭਗਾਣੀਆ

Advertisement

ਬੀ.ਐੱਨ. ਸ਼ਰਮਾ ਉਰਫ਼ ਬਦਰੀ ਨਾਥ ਸ਼ਰਮਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਸ ਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਖ਼ੂਬਸੂਰਤ ਅਦਾਕਾਰੀ ਨਾਲ ਉਮਦਾ ਮੁਕਾਮ ਹਾਸਲ ਕੀਤਾ ਹੈ। ਕਾਮੇਡੀ, ਨਕਾਰਾਤਮਕ ਤੇ ਸਕਾਰਾਤਮਕ ਕਿਰਦਾਰਾਂ ਨਾਲ ਜਾਣੇ ਜਾਂਦੇ ਬੀ. ਐੱਨ. ਸ਼ਰਮਾ ਦਾ ਪਿਛੋਕੜ ਪਿੰਡ ਭਰਤਗੜ੍ਹ, ਜ਼ਿਲ੍ਹਾ ਰੋਪੜ ਦਾ ਹੈ। ਉਸ ਦਾ ਜਨਮ 23 ਅਗਸਤ 1965 ਨੂੰ ਦਿੱਲੀ ਵਿੱਚ ਹੋਇਆ ਸੀ। ਉਸ ਦੇ ਪਿਤਾ ਦੀ ਨੌਕਰੀ ਕਾਰਨ ਉਨ੍ਹਾਂ ਦਾ ਪਰਿਵਾਰ ਦਿੱਲੀ ਜਾ ਵੱਸਿਆ ਸੀ।
ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਰਿਹਾ ਹੈ ਪਰ ਉਸ ਦਾ ਪਰਿਵਾਰ ਇਸ ਦੇ ਖ਼ਿਲਾਫ਼ ਸੀ। ਉਸ ਦੇ ਪਿਤਾ ਉਸ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ ਪਰ ਉਸ ਦਾ ਰੁਝਾਨ ਅਦਾਕਾਰੀ ਵੱਲ ਹੀ ਰਿਹਾ। ਇਸੇ ਤਰ੍ਹਾਂ ਜਦੋਂ ਉਹ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਸ ਨੇ ਆਪਣੇ ਜੀਵਨ ਦਾ ਪਹਿਲਾ ਨਾਟਕ ‘ਲਵ ਕੁਸ਼’ ਖੇਡਿਆ। ਸਕੂਲ ਵੱਲੋਂ ਕਰਵਾਏ ਇਸ ਨਾਟਕ ਵਿੱਚ ਉਸ ਨੂੰ ਪੁਰਸਕਾਰ ਵੀ ਮਿਲਿਆ। ਫਿਰ ਉਹ ਇਸੇ ਤਰ੍ਹਾਂ ਨਾਟਕ ਖੇਡਣ ਲੱਗਿਆ ਜਿਸ ਕਾਰਨ ਉਸ ਨੂੰ ਪਿਤਾ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਸੀ। ਜਵਾਨ ਹੁੰਦਿਆਂ ਅਦਾਕਾਰੀ ਦਾ ਸ਼ੌਕ ਹੋਰ ਗਹਿਰਾ ਹੋਣ ਲੱਗਾ ਤੇ 1972 ਵਿੱਚ ਉਸ ਨੇ ਘਰ ਛੱਡ ਦਿੱਤਾ ਤੇ ਚੰਡੀਗੜ੍ਹ ਆਪਣੇ ਮਾਮੇ ਕੋਲ ਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਾਈ ਦੇ ਨਾਲ ਥੀਏਟਰ ਵੀ ਕੀਤਾ ਜਿੱਥੇ ਉਸ ਨੇ ਬਿਹਤਰੀਨ ਅਦਾਕਾਰ ਦਾ ਐਵਾਰਡ ਵੀ ਹਾਸਲ ਕੀਤਾ।
ਇਸ ਤੋਂ ਬਾਅਦ ਉਹ ਪੁਲੀਸ ਮਹਿਕਮੇ ਵਿੱਚ ਬਤੌਰ ਵਾਇਰਲੈੱਸ ਅਪਰੇਟਰ ਭਾਰਤੀ ਹੋਇਆ। ਘਰਦਿਆਂ ਦੇ ਕਹਿਣ ’ਤੇ ਉਹ ਪੁਲੀਸ ਵਿਭਾਗ ਵਿੱਚ ਨੌਕਰੀ ਤਾਂ ਕਰ ਰਿਹਾ ਸੀ ਪਰ ਅਦਾਕਾਰੀ ਦਾ ਜਨੂੰਨ ਅਜੇ ਵੀ ਉਸ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਇਸੇ ਦੌਰਾਨ ਦਿੱਲੀ ਵਿੱਚ ‘ਹਾਜ਼ੀ ਪੀਰ ਕੀ ਮਜ਼ਾਰ’ ਨਾਟਕ ਵੀ ਖੇਡਿਆ ਜਿਸ ਵਿੱਚ ਸ਼ਰਮਾ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਉਸ ਨੂੰ ਗੋਲਡ ਮੈਡਲ ਵੀ ਮਿਲਿਆ। ਇਸ ਤੋਂ ਮਿਲੀ ਹੌਸਲਾ-ਅਫਜ਼ਾਈ ਨਾਲ ਉਹ ਅੱਗੇ ਵਧਿਆ ਤੇ ਪਹਿਲੀ ਵਾਰ 1985 ਵਿੱਚ ਜਲੰਧਰ ਦੂਰਦਰਸ਼ਨ ਦੇ ਲੜੀਵਾਰ ‘ਜੇਬ ਕਤਰੇ’ ਵਿੱਚ ਨਕਾਰਾਤਮਕ ਕਿਰਦਾਰ ਨਾਲ ਪੇਸ਼ੇਵਰ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਸ ਨਾਲ ਉਸ ਨੂੰ ਅਦਾਕਾਰੀ ਦੇ ਹੋਰ ਮੌਕੇ ਮਿਲਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਜਸਪਾਲ ਭੱਟੀ ਨਾਲ ‘ਉਲਟਾ ਪੁਲਟਾ’ ਤੇ ‘ਫੁੱਲ ਟੈਨਸ਼ਨ’ ਸ਼ੋਅ ਵਿੱਚ ਕੰਮ ਕੀਤਾ। ਉਸ ਨੇ ਆਪਣੇ ਫਿਲਮੀ ਸਫ਼ਰ ਦਾ ਆਗਾਜ਼ ‘ਵਿਸਾਖੀ’ (1987) ਫਿਲਮ ਤੋਂ ਕੀਤਾ। ਇਸ ਤੋਂ ਬਾਅਦ ਚੱਲ ਸੋ ਚੱਲ। ਉਸ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਫਿਲਮਾਂ ‘ਗ਼ਦਰ’, ‘ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓ’ ਅਤੇ ‘ਲੇਡੀ ਡਕੈਤ’ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ। ਉਸ ਨੇ ਪੁਲੀਸ ਮਹਿਕਮੇ ਦੀ ਨੌਕਰੀ ਦੌਰਾਨ ਹੀ 45 ਦੇ ਕਰੀਬ ਫਿਲਮਾਂ ਕੀਤੀਆਂ ਅਤੇ ਉਸ ਨੂੰ ਮਹਿਕਮੇ ਦਾ ਪੂਰਾ ਸਹਿਯੋਗ ਵੀ ਮਿਲਦਾ ਰਿਹਾ।
ਉਸ ਦੀ ਅਦਾਕਾਰੀ ਨਾਲ ਸਜੀਆਂ ਕੁਝ ਅਹਿਮ ਫਿਲਮਾਂ ਹਨ ‘ਮਾਹੌਲ ਠੀਕ ਹੈ’, ‘ਜੱਟ ਐਂਡ ਜੂਲੀਅਟ’, ‘ਕੈਰੀ ਆਨ ਜੱਟਾ’, ‘ਜੱਟ ਐਂਡ ਜੂਲੀਅਟ 2’, ‘ਮੰਜੇ ਬਿਸਤਰੇ’, ‘ਊੜਾ ਐੜਾ’, ‘ਅਰਦਾਸ’, ‘ਅੜਬ ਮੁਟਿਆਰਾਂ’, ‘ਰੱਬ ਦਾ ਰੇਡੀਓ’, ‘ਕੈਰੀ ਆਨ ਜੱਟਾ 3’ ਅਤੇ ‘ਮੁਕਲਾਵਾ’ ਆਦਿ। ਬੀ.ਐੱਨ. ਸ਼ਰਮਾ ਨੂੰ ਆਪਣੀ ਵਧੀਆ ਅਦਾਕਾਰੀ ਲਈ ਬਹੁਤ ਸਾਰੇ ਮਾਣ-ਸਨਮਾਨ ਵੀ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ‘ਪੀ.ਟੀ.ਸੀ. ਪੰਜਾਬੀ’ ਫਿਲਮ ਐਵਾਰਡ ਵਿੱਚ ਸਰਵੋਤਮ ਅਦਾਕਾਰ ਦਾ ਐਵਾਰਡ ਸ਼ਾਮਲ ਹੈ। 90 ਦੇ ਕਰੀਬ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਇਸ ਅਦਾਕਾਰ ਦੀਆਂ ਜਲਦੀ ਹੀ ਹੋਰ ਫਿਲਮਾਂ ਵੀ ਦੇਖਣ ਨੂੰ ਮਿਲਣਗੀਆਂ।
ਸੰਪਰਕ: 79736-67793

Advertisement
Author Image

joginder kumar

View all posts

Advertisement
Advertisement
×