ਬੀਐੱਨ ਗੋਸਵਾਮੀ ਨੇ ਕਲਾ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ: ਗੁਰਬਚਨ ਜਗਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਦਸੰਬਰ
ਇੱਥੋਂ ਦੇ ਟ੍ਰਿਬਿਊਨ ਸਕੂਲ ਸੈਕਟਰ-29 ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਬਾਸਕਟਬਾਲ ਕੋਰਟ ਦਾ ਉਦਘਾਟਨ ਅੱਜ ਕੀਤਾ ਗਿਆ। ਇਹ ਕੋਰਟ ਸਿੰਥੈਟਿਕ ਟਰਫ ’ਤੇ ਤਿਆਰ ਕੀਤਾ ਗਿਆ ਹੈ। ਇਸ ਵਿਚ ਫਲੱਡ ਲਾਈਟ ਹੇਠ ਮੈਚ ਖੇਡਣ ਦੀ ਵੀ ਸਹੂਲਤ ਮਿਲੇਗੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ‘ਦਿ ਟ੍ਰਿਬਿਊਨ ਟਰੱਸਟ’ ਦੇ ਟਰੱਸਟੀ, ਮਨੀਪੁਰ ਦੇ ਸਾਬਕਾ ਰਾਜਪਾਲ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਕੋ ਚੇਅਰਮੈਨ ਗੁਰਬਚਨ ਜਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਦਿ ਟ੍ਰਿਬਿਊਨ ਟਰੱਸਟ’ ਦੇ ਸਾਬਕਾ ਪ੍ਰਧਾਨ ਤੇ ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਜਸਟਿਸ ਐੱਸਐੱਸ ਸੋਢੀ ਤੋਂ ਇਲਾਵਾ ਮਰਹੂਮ ਡਾ. ਬੀਐੱਨ ਗੋਸਵਾਮੀ ਦੇ ਪੋਤੇ ਮਾਧਵ ਗੋਸਵਾਮੀ ਵੀ ਸ਼ਾਮਲ ਹੋਏ। ਇਸ ਮੌਕੇ ਸ੍ਰੀ ਜਗਤ ਨੇ ਇਤਿਹਾਸਕਾਰ ਡਾ. ਬੀਐੱਨ ਗੋਸਵਾਮੀ ਵੱਲੋਂ ਸ਼ਹਿਰ ਤੇ ਕਲਾ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਗੋਸਵਾਮੀ ਪਰਿਵਾਰ ਵੀ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਲਈ ਕਈ ਮਿਸਾਲੀ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਐਨ ਗੋਸਵਾਮੀ ਤੇ ਉਹ ਹੁਸ਼ਿਆਰਪੁਰ ਦੇ ਇਕ ਹੀ ਕਾਲਜ ਵਿਚੋਂ ਪੜ੍ਹੇ ਸਨ ਤੇ ਗੋਸਵਾਮੀ ਉਸ ਵੇਲੇ ਕਾਲਜ ਵਿਚ ਵੀ ਸਾਰੀਆਂ ਧਿਰਾਂ ਵਿਚ ਮਕਬੂਲ ਸਨ। ਉਨ੍ਹਾਂ ਨੇ ਕਲਾ ਦੇ ਪਿਆਰ ਲਈ ਸਿਵਲ ਸਰਵਿਸਿਜ਼ ਦੀ ਦੋ ਸਾਲ ਨੌਕਰੀ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਤੇ ਚੰਡੀਗੜ੍ਹ ਆ ਵੱਸੇ। ਇਸ ਮੌਕੇ ਟ੍ਰਿਬਿਊਨ ਸਮੂਹ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ, ਮੁੱਖ ਸੰਪਾਦਕ ਜਯੋਤੀ ਮਲਹੋਤਰਾ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ, ਪੰਜਾਬੀ ਟ੍ਰਿਬਿਊਨ ਦੇ ਕਾਰਜਕਾਰੀ ਸੰਪਾਦਕ ਅਰਵਿੰਦਰ ਕੌਰ ਜੌਹਲ ਵੀ ਮੌਜੂਦ ਸਨ।
ਇਸ ਮੌਕੇ ਟ੍ਰਿਬਿਊਨ ਸਕੂਲ ਦੀ ਪ੍ਰਿੰਸੀਪਲ ਰਾਣੀ ਪੋਦਾਰ ਨੇ ਗੋਸਵਾਮੀ ਪਰਿਵਾਰ ਦੇ ਇਸ ਬਾਸਕਟਬਾਲ ਕੋਰਟ ਵਿਚ ਪਾਏ ਯੋਗਦਾਨ ਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਖੇਡਾਂ ਜ਼ਰੀਏ ਅਨੁਸ਼ਾਸਨ ਵਿਚ ਰਹਿੰਦੇ ਹਨ ਤੇ ਖੇਡਾਂ ਜ਼ਰੀਏ ਹੀ ਮੁਕਾਬਲੇਬਾਜ਼ੀ ਰਾਹੀਂ ਸਿਖਰ ਦਾ ਸਥਾਨ ਹਾਸਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਖੇਡ ਵਿਭਾਗ ਦੇ ਮੁਖੀ ਡਾ. ਸਚਿਨ ਕਸ਼ਯਪ ਨੇ ਧੰਨਵਾਦ ਕੀਤਾ।
ਇਸ ਦੌਰਾਨ ਚੰਡੀਗੜ੍ਹ ਯੂਥ ਗਰਲਜ਼ ਟੀਮ ਅਤੇ ਖਾਲਸਾ ਗਰਲਜ਼ ਕਾਲਜ ਟੀਮ ਦਰਮਿਆਨ ਪ੍ਰਦਰਸ਼ਨੀ ਮੈਚ ਵੀ ਖੇਡਿਆ ਗਿਆ। ਸਮਾਗਮ ਵਿਚ ਟੀਮ ਇੰਡੀਆ ਦੇ ਸੀਨੀਅਰ ਪ੍ਰਬੰਧਨ ਟੀਮ ਦੇ ਮੈਂਬਰ ਅਮਰੀਸ਼ ਮਹਿਤਾ, ਡਾ. ਹਿਤੇਸ਼ ਸ਼ਰਮਾ ਅਤੇ ਮਨੂ ਸਹਿਗਲ, ਦਿ ਟ੍ਰਿਬਿਊਨ ਸਕੂਲ ਮੈਨੇਜਮੈਂਟ ਦੇ ਮੈਂਬਰ ਚਾਂਦ ਨਹਿਰੂ, ਕੋਮਲ ਆਨੰਦ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਵਾਈਪੀਐਸ ਪਟਿਆਲਾ ਦੇ ਹੈੱਡ ਮਾਸਟਰ ਨਵੀਨ ਕੁਮਾਰ ਦੀਕਸ਼ਿਤ, ਵਾਈਪੀਐਸ ਪਟਿਆਲਾ ਦੇ ਖੇਡ ਮੁਖੀ ਵੇਗਲਰ ਐਮ.ਵਾਲਟਰ, ਐਸਜੀਜੀਐਸ ਕਾਲਜ ਸੈਕਟਰ 26 ਦੇ ਐਸੋਸੀਏਟ ਪ੍ਰੋਫੈਸਰ ਅਤੇ ਚੰਡੀਗੜ੍ਹ ਬਾਸਕਟਬਾਲ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਡਾ: ਮਨਦੀਪ ਥੌੜ , ਬਾਸਕਟਬਾਲ ਐਸੋਸੀਏਸ਼ਨ ਚੰਡੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਤੇ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਆਰ ਡੀ ਸਿੰਘ ਰਿਆੜ ਮੀ ਮੌਜੂਦ ਸਨ।