ਅਚਨਚੇਤੀ ਲੱਗੀਆਂ ਚੋਣ ਡਿਊਟੀਆਂ ਤੋਂ ਬੀਐਲਓਜ਼ ਪ੍ਰੇਸ਼ਾਨ
ਬੀਰਬਲ ਰਿਸ਼ੀ
ਧੂਰੀ, ਸ਼ੇਰਪੁਰ, 13 ਅਕਤੂਬਰ
ਬੀਐੱਲਓਜ਼ ਦੀਆਂ ਬਿਨਾਂ ਕਿਸੇ ਟਰੇਨਿੰਗ ਦੇ ਅਚਨਚੇਤ ਪ੍ਰੀਜ਼ਾਈਡਿੰਗ ਅਫਸਰ ਸਮੇਤ ਹੋਰ ਡਿਊਟੀਆਂ ਲਗਾਏ ਜਾਣ ਤੋਂ ਪ੍ਰੇਸ਼ਾਨ ਕੇਡਰ ਨੇ ਅੱਜ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ। ਬੂਥ ਲੈਵਲ ਅਫਸਰ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਅਚਨਚੇਤ ਡਿਊਟੀਆਂ ਲੱਗਣ ਦੇ ਸੁਨੇਹੇ ਲੱਗੇ ਪਰ ਉਨ੍ਹਾਂ ਨੂੰ ਪਹਿਲਾਂ ਇਸ ਸਬੰਧੀ ਕੋਈ ਵੀ ਟਰੇਨਿੰਗ ਨਹੀਂ ਦਿੱਤੀ ਗਈ। ਦੂਜੀ ਸਮੱਸਿਆ ਇਹ ਹੈ ਕਿ ਡਿਊਟੀ ਆਪਣੇ ‘ਹੋਮ ਬਲਾਕ’ ਦੀ ਥਾਂ ਧੂਰੀ ਵਾਲਿਆਂ ਦੀ ਲਹਿਰਾਗਾਗਾ ਅਤੇ ਲਹਿਰੇ ਵਾਲਿਆਂ ਦੀ ਧੂਰੀ ਲਗਾਈ ਗਈ ਹੈ ਜੋ ਤਰਕਸੰਗਤ ਨਹੀਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਪਰ ਐਤਵਾਰ ਹੋਣ ਕਰਕੇ ਕਿਸੇ ਸਮਰੱਥ ਅਧਿਕਾਰੀ ਨਾਲ ਗੱਲ ਨਹੀਂ ਹੋ ਸਕੀ। ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਘਨੌਰ ਨੇ ਅਚਨਚੇਤ ਤੇ ਬਿਨਾਂ ਕਿਸੇ ਟਰੇਨਿੰਗ ਡਿਊਟੀਆਂ ਲਗਾਉਣ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ। ਇਸ ਸਬੰਧੀ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਮੰਗ ਪੱਤਰ ਦੇਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਬੀਐਲਓਜ਼ ਦੀ ਸਮੱਸਿਆ ਸਬੰਧੀ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਰਹੇ ਹਨ।
ਪੂਰੇ ਪੰਜਾਬ ’ਚ ਬੀਐੱਲਓਜ਼ ਦੀਆਂ ਡਿਊਟੀਆਂ ਲੱਗੀਆਂ ਹਨ: ਏਡੀਸੀ
ਏਡੀਸੀ (ਵਿਕਾਸ) ਸੁਖਚੈਨ ਸਿੰਘ ਨੇ ਕਿਹਾ ਕਿ ਬੀਐੱਲਓਜ਼ ਦੀਆਂ ਡਿਊਟੀਆਂ ਪੂਰੇ ਪੰਜਾਬ ਵਿੱਚ ਹੀ ਲੱਗੀਆਂ ਹਨ ਕਿਉਂਕਿ ਜਦੋਂ ਵੀ ਕਿਤੇ ਚੋਣ ਵਿੱਚ ਅਮਲੇ ਦੀ ਲੋੜ ਪੈਂਦੀ ਹੈ ਤਾਂ ਮੌਕੇ ’ਤੇ ਬੁਲਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟਰੇਨਿੰਗ ਲਈ ਉਨ੍ਹਾਂ ਨੂੰ ਅੱਜ ਬੁਲਾਇਆ ਗਿਆ ਸੀ ਅਤੇ ਜੇ ਟਰੇਨਿੰਗ ਜੁਆਇੰਨ ਨਹੀਂ ਕੀਤੀ ਤਾਂ ਨੋਟਿਸ ਨਿੱਕਲਣਗੇ। ਇਸ ਵਾਰ ਚੋਣ ਅਮਲੇ ਦੇ ਖਾਣੇ ਤੇ ਹੋਰ ਪ੍ਰਬੰਧ ਪੰਚਾਇਤ ਅਫਸਰਾਂ ਨੂੰ ਕਿਹਾ ਗਿਆ ਹੈ।