ਧੁੱਪ ਵਾਂਗ ਧਰਤੀ ’ਤੇ ਖਿੜਿਆ ਪਾਸ਼
ਇਹ 24 ਮਾਰਚ 1988 ਦੀ ਗੱਲ ਹੈ, ਕੁਝ ਦਿਨ ਪਹਿਲਾਂ ਮੈਂ ਪੰਜ-ਛੇ ਮਹੀਨਿਆਂ ਬਾਅਦ ਘਰ ਵਾਪਸ ਆਇਆ ਸਾਂ, ਖ਼ਬਰਾਂ ਤੋਂ ਦਿਲ ਥੱਕ ਚੁੱਕਾ ਸੀ। 23 ਮਾਰਚ ਵਾਲੇ ਦਿਨ ਸ਼ਾਮੀਂ ਮੈਂ ਖ਼ਬਰਾਂ ਨਹੀਂ ਸਨ ਸੁਣੀਆਂ, ਸਵੇਰ ਦੇ ਸਾਢੇ ਕੁ ਸੱਤ ਵੱਜੇ ਨੇ, ਮੈਂ ਅਖ਼ਬਾਰ ਚੁੱਕੀ ਤਾਂ ਵੱਡੇ ਅੱਖਰਾਂ ਵਿੱਚ ਪਾਸ਼ ਦੇ ਕਤਲ ਦੀ ਖ਼ਬਰ ਸੀ। ਮੈਨੂੰ ਨਹੀਂ ਸੀ ਪਤਾ ਕਿ ਪਾਸ਼ ਵਾਪਸ ਪੰਜਾਬ ਆਇਆ ਹੋਇਆ ਹੈ, ਮੈਂ ਰੋਣ ਤੇ ਗੁੱਸੇ ਨਾਲ ਭਰ ਗਿਆ, ਮੇਰੀ ਮਾਂ ਮੇਰੇ ਲਈ ਨਾਸ਼ਤਾ ਲੈ ਕੇ ਆਈ ਸੀ ਤੇ ਮੇਰਾ ਖਾਣ ਨੂੰ ਬਿਲਕੁਲ ਜੀਅ ਨਹੀਂ ਸੀ। ਮੈਨੂੰ ਵੇਖ ਕੇ ਕਹਿਣ ਲੱਗੀ, ‘‘ਕੁਝ ਦੱਸੇਂ ਵੀ ਤਾਂ ਕੀ ਹੋਇਆ ਹੈ?’’ ਮੈਂ ਉਸ ਨੂੰ ਕੀ ਕਹਿੰਦਾ, ਮੈਨੂੰ ਬਹੁਤ ਗੁੱਸਾ ਸੀ ਤੇ ਮੈਂ ਮਾਂ ’ਤੇ ਵਰ੍ਹ ਪਿਆ, ‘‘ਕੁਝ ਨਹੀਂ, ਬਸ ਹੁਣ ਤੁਸੀਂ ਲੋਕ ਇਹ ਤਾਂ ਨਹੀਂ ਕਹਿ ਸਕੋਗੇ ਕਿ ਪਾਸ਼ ਮਰਿਆ ਨਹੀਂ ਸੀ।’’
ਮਾਂ ਨਹੀਂ ਜਾਣਦੀ ਸੀ ਕਿ ਪਾਸ਼ ਉਸ ਪੀੜ੍ਹੀ ਨਾਲ ਸਬੰਧ ਰੱਖਦਾ ਸੀ, ਜਿਸ ਤੋਂ ਅਸੀਂ ਕਵਿਤਾ ਲਿਖਣੀ ਸਿੱਖੀ। ਸੱਤਰਵਿਆਂ ਦੀ ਪੰਜਾਬੀ ਸ਼ਾਇਰੀ ਵਿੱਚ ਪਾਸ਼ ਨੇ ਨਰੋਏ ਰੰਗ ਭਰੇ ਸਨ। ਇਹੀ ਨਹੀਂ, ਪਾਸ਼ ਨਿੱਜੀ ਤੌਰ ’ਤੇ ਮੇਰੇ ਲਈ ਇੱਕ ਰਹੱਸ, ਇੱਕ ਬੁਝਾਰਤ ਵਾਂਗ ਰਿਹਾ ਹੈ। 1980ਵਿਆਂ ਦੇ ਸ਼ੁਰੂ ਵਿੱਚ ਲਿਖੀਆਂ ਮੇਰੀਆਂ ਕਵਿਤਾਵਾਂ ਵਿੱਚ ਪਾਸ਼ ਨਾਲ ਡੂੰਘਾ ਸੰਵਾਦ ਸੀ। ਮੈਂ ਇਹ ਮਹਿਸੂਸ ਕਰਦਾ ਸਾਂ/ਹਾਂ ਕਿ ਪਾਸ਼ ਨੇ ਪੰਜਾਬੀ ਕਵਿਤਾ ਵਿੱਚ ਪਹਿਲੀ ਵਾਰ ਪ੍ਰੋਲੇਤਾਰੀ ਨਾਇਕ ਦੀ ਸਥਾਪਨਾ ਕੀਤੀ, ਇਹ ਨਾਇਕ ਪ੍ਰੋਲੇਤਾਰੀ ਵੀ ਹੈ ਤੇ ਪੰਜਾਬੀ ਵੀ। ਇਸ ਨਾਇਕ ਵਿੱਚ ਉਹ ਸਾਰੇ ਅੰਸ਼ ਹਨ, ਜਿਸ ਦੀ ਪੰਜਾਬੀ ਕਲਾਸਕੀ ਤੇ ਆਧੁਨਿਕ ਸ਼ਾਇਰੀ ਨੇ ਵੱਖ-ਵੱਖ ਹਿੱਸਿਆਂ ਵਿੱਚ ਸਿਰਜਣਾ ਕੀਤੀ ਹੈ; ਉਸ ਵਿੱਚ ਨਾਥ ਜੋਗੀਆਂ ਵਾਲਾ ਅਲਗਾਓ, ਗੁਰੂ ਨਾਨਕ ਦੇਵ ਜੀ ਦਾ ਮਾਨਵਵਾਦ, ਸੂਫ਼ੀਆਂ ਦਾ ਅਲਬੇਲਾਪਣ ਤੇ ਪ੍ਰਗਤੀਵਾਦੀ ਕਵਿਤਾ ਦੇ ਲੜਾਕੂ ਤੇ ਰੋਮਾਂਚਿਕ ਅੰਸ਼ ਸਾਰੇ ਮੌਜੂਦ ਹਨ। ਪਾਸ਼ ਦੇ ਨਾਇਕ ਨੇ ਉਸ ਲਘੂ-ਮਨੁੱਖ ਦੇ ਸੰਕਲਪ ਨੂੰ ਨਕਾਰਿਆ ਹੈ ਜੋ ਸਾਡੇ ਪ੍ਰਯੋਗਵਾਦੀ ਸ਼ਾਇਰ ਲੈ ਕੇ ਆਏ ਸਨ। ਪ੍ਰਯੋਗਵਾਦੀ ਸ਼ਾਇਰ ਪ੍ਰਗਤੀਵਾਦੀ ਕਵਿਤਾ ਦੇ ਰੋਮਾਂਟਿਕ ਹੀਰੋ ਨੂੰ ਸਨਅਤੀ ਤੇ ਉੱਤਰ-ਸਨਅਤੀ ਸਮਾਜ ਵਿੱਚ ਲੈ ਜਾਣਾ ਚਾਹੁੰਦੇ ਸਨ, ਜਿਹੜਾ ਹਿੰਦੋਸਤਾਨ ਵਿੱਚ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਪਾਸ਼ ਨੇ ਇਸ ਨਾਇਕ ਨੂੰ ਵਾਪਸ ਪਿੰਡ ਲਿਆਂਦਾ ਤੇ ਇਹਨੂੰ ਆਪਣੇ ਸਮਿਆਂ ਦੇ ਕੌੜੇ ਯਥਾਰਥ ਦੀ ਠੋਸ ਜ਼ਮੀਨ ਦਿੱਤੀ। ਇੱਥੇ ਮੈਂ ਬਹਿਸ ਨਹੀਂ ਕਰਨਾ ਚਾਹਾਂਗਾ ਕਿ ਪਾਸ਼ ਦਾ ਇਤਿਹਾਸ ਬਾਰੇ ਨਿਰਣਾ ਕਿੰਨਾ ਠੀਕ ਤੇ ਕਿੰਨਾ ਗ਼ਲਤ ਹੈ; ਇਹ ਸਭ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ ਪਰ ਇਹ ਸੱਚ ਹੈ ਕਿ ਪਾਸ਼ ਨੇ ਆਮ ਲੋਕਾਂ ਦੀ ਦਿਨ-ਪ੍ਰਤੀਦਿਨ ਦੀ ਲੜਾਈ ਦੀ ਮਹੱਤਤਾ ਨੂੰ ਪਛਾਣਿਆ ਤੇ ਇਹਨੂੰ ਕਦੇ ਆਪਣੇ ਜੁਝਾਰੂ, ਕਦੇ ਗੁੱਸੇ ਭਰੇ ਤੇ ਕਦੇ ਉਦਾਸ ਤੇਵਰ ਦਿੱਤੇ। ਉਸ ਨੇ ਆਪਣੀ ਕਵਿਤਾ ਵਿੱਚ ਜੀਉਣ ਦੇ ਸਲੀਕੇ ਨੂੰ ਇਉਂ ਚਿਤਰਿਆ:
ਧੁੱਪ ਵਾਂਗ ਧਰਤੀ ’ਤੇ ਖਿੜ ਜਾਣਾ
ਤੇ ਫਿਰ ਗਲਵੱਕੜੀ ’ਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉੱਠਣਾ
ਤੇ ਚੌਂਹ ਕੂੰਟਾਂ ਅੰਦਰ ਗੂੰਜ ਜਾਣਾ
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ
ਪਿਆਰ ਕਰਨਾ ਤੇ ਜੀਣਾ
ਉਨ੍ਹਾਂ ਨੂੰ ਕਦੇ ਨਹੀਂ ਆਉਣਾ
ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ
ਪਾਸ਼ ਦਾ ਨਾਂ ਪਹਿਲੀ ਵਾਰ ਮੈਂ ਕਦ ਸੁਣਿਆ? ਸ਼ਾਇਦ ਨੌਵੀਂ ਜਾਂ ਦਸਵੀਂ ਵਿੱਚ ਪੜ੍ਹਦਾ ਸਾਂ, ਨਵਾਂ-ਨਵਾਂ ਅੰਮ੍ਰਿਤਸਰ ਆਇਆ ਸਾਂ, ਸ਼ਹਿਰੋਂ ਬਾਹਰ ਬਾਗ਼ਾਂ ਵਿੱਚ ਨਿਕਲ ਜਾਂਦਾ ਸਾਂ। ਸਿਆਲ ਦੇ ਦਿਨ ਸਨ- ਦਸੰਬਰ ਜਨਵਰੀ ਦੇ, ਇੱਕ ਮੁੰਡਾ ਜੋ ਮੇਰੇ ਨਾਲੋਂ ਕਾਫ਼ੀ ਵੱਡਾ ਸੀ ਉਹ ਵੀ ਉੱਥੇ ਪੜ੍ਹਨ ਆਉਂਦਾ ਸੀ, ਮੈਨੂੰ ਉਹਦਾ ਨਾਂ ਯਾਦ ਨਹੀਂ, ਨਾਲ ਉਹ ਦੋ-ਤਿੰਨ ਡੰਗਰ ਲਈ ਆਉਂਦਾ, ਜੋ ਚਾਲੀ ਖੂਹਾਂ ਦੇ ਵਿਚਕਾਰ ਚਰਦੇ ਰਹਿੰਦੇ। ਉਹ ਮੇਰੇ ਨਾਲ ਕਦੀ-ਕਦੀ ਬੋਲਦਾ ਸੀ ਪਰ ਜਦ ਵੀ ਬੋਲਦਾ ਤਾਂ ਬੜੇ ਪਿਆਰ ਨਾਲ। ਇੱਕ ਦਿਨ ਬੈਠਾ ਪੜ੍ਹ ਰਿਹਾ ਸੀ ਤਾਂ ਮੈਂ ਪੁੱਛਿਆ, ‘‘ਭਾਅ ਜੀ, ਕੀ ਪੜ੍ਹਨ ਡਹੇ ਓ?’’ ਤਾਂ ਕਹਿਣ ਲੱਗਾ, ‘‘ਐਧਰ ਆ, ਐਵੇਂ ਸਾਹਿਤ-ਭੂਸ਼ਨ ਪੜ੍ਹਦਾ ਰਹਿੰਦੈਂ, ਤੈਨੂੰ ਪਾਸ਼ ਦੀ ਕਵਿਤਾ ਸੁਣਾਉਂਦਾਂ।’’
ਇਸ ਤੋਂ ਪਹਿਲਾਂ ਮੈਨੂੰ ਪੰਜਾਬੀ ਦੇ ਸਿਰਫ਼ ਉਨ੍ਹਾਂ ਕਵੀਆਂ ਬਾਰੇ ਪਤਾ ਸੀ ਜੋ ਸਕੂਲ ਦੀਆਂ ਕਿਤਾਬਾਂ ਵਿੱਚ ਸਨ ਜਾਂ ਕਰਤਾਰ ਸਿੰਘ ਕਲਾਸਵਾਲੀਆ ਤੇ ਕੁਝ ਹੋਰ ਧਾਰਮਿਕ ਕਵੀ, ਜਿਨ੍ਹਾਂ ਦਾ ਲਿਖਿਆ ਮੇਰੀ ਜ਼ਬਾਨ ’ਤੇ ਸੀ ਪਰ ਏਦਾਂ ਦੀ ਕਵਿਤਾ ਮੈਂ ਪਹਿਲੀ ਵਾਰ ਸੁਣੀ ਸੀ, ਜਿਸ ਵਿੱਚ ਪਿੰਡ ਦੇ ਮੋਹ-ਵੈਰਾਗ ਵਾਲੇ ਤਸੱਵਰ (ਸਾਡੇ ਖੂਹ ’ਤੇ ਵੱਸਦਾ ਰੱਬ ਨੀਂ) ਨੂੰ ਤੋੜ ਕੇ ਉੱਥੋਂ ਦੀ ਗ਼ਰੀਬੀ ਤੇ ਗ਼ਰੀਬੀ ਦੀ ਜ਼ਲਾਲਤ ਦਾ ਜ਼ਿਕਰ ਸੀ। ਪਿੰਡ ਵਿਚਲੀਆਂ ਨਿੱਕੀਆਂ-ਨਿੱਕੀਆਂ ਗੱਲਾਂ ਸਨ: ਕਣਕਾਂ, ਸਰਪੰਚ, ਬੀ.ਡੀ.ਓ., ਥਾਣੇਦਾਰ, ਪਿੰਡ ਦੇ ਬੁੱਢੇ ਤੇ ਸੱਥਾਂ, ਜੱਟ ਦੇ ਕਾਮੇ ਮਜ਼ਦੂਰ ਤੇ ਖ਼ਾਸੀ ਉੱਚੀ ਰੋਬੀਲੀ ਸੁਰ ਸੀ, ਪੁਰਾਣਾ ਸਭ ਕੁਝ ਢਾਹ ਕੇ ਸੁਫ਼ਨਿਆਂ ਜਿਹਾ ਕੁਝ ਨਵਾਂ ਬਣਾਉਣ ਦੀ। ਮੈਨੂੰ ਯਾਦ ਹੈ, ਘਸਮੈਲੀ ਜਿਹੀ ਲੋਈ ਦੀ ਬੁੱਕਲ ਮਾਰੀ ਰੁੱਖ ਨਾਲ ਢੋਅ ਲਾਈ ਬੈਠਾ ਉਹ ਵਾਗੀ-ਪਾਹੜੂ ਮੁੰਡਾ, ਸਿਆਲ ਦੀ ਧੁੱਪ ’ਚ ਚਮਕਦਾ ਉਹਦਾ ਪੱਕਾ ਰੰਗ, ਉਹਦੇ ਗੰਦੇ ਪੈਰ, ਉਹਦੀਆਂ ਕਾਲੀਆਂ ਖ਼ਾਮੋਸ਼ ਅੱਖਾਂ ਤੇ ਉਹਦੀ ਆਵਾਜ਼ ਜਿਉਂ ਢੋਲਕੀ ’ਤੇ ਲਗਾਤਾਰ ਤਾਂਬੇ ਦੀ ਮੁੰਦਰੀ ਦੀ ਟੁਣਕਾਰ ਹੋ ਰਹੀ ਹੋਵੇ ਤੇ ਉਸ ਮੁੰਡੇ ’ਤੇ ਛੋਟੇ ਜਿਹੇ ਰਸਾਲੇ ਤੋਂ ਪੜ੍ਹੀ ਉਸ ਕਵਿਤਾ ਨੇ, ਉਸ ਧੁੱਪ ਵਿੱਚ ਮੇਰੇ ਲਈ ਉਹ ਜਾਦੂ ਬੁਣਿਆ ਜੋ ਅੱਜ ਤੀਕ ਮੇਰੇ ਦਿਲ ਵਿੱਚ ਆਲ੍ਹਣਾ ਪਾਈ ਬੈਠਾ ਹੈ, ਉਸ ਕਵਿਤਾ ਦਾ ਆਲ੍ਹਣਾ ਜਿਸ ਦਾ ਕਵੀ ਉਨ੍ਹਾਂ ਦਿਨਾਂ ਵਿੱਚ ਕਹਿ ਰਿਹਾ ਸੀ, ‘‘ਮੈਂ ਰੋਂਦੂ ਨਹੀਂ ਹਾਂ, ਕਵੀ ਹਾਂ, ਕਿਸ ਤਰ੍ਹਾਂ ਚੁੱਪ ਰਹਿ ਸਕਦਾ ਹਾਂ।’’
ਮੈਂ ਨਹੀਂ ਜਾਣਦਾ ਉਹ ਮੁੰਡਾ ਰਾਜਨੀਤਕ ਤੌਰ ’ਤੇ ਸਰਗਰਮ ਸੀ ਜਾਂ ਨਹੀਂ, ਖ਼ੁਦ ਲਿਖਦਾ ਸੀ ਜਾਂ ਨਹੀਂ ਪਰ ਪਾਸ਼ ਦੀ ਕਵਿਤਾ ਦਾ ਰਹੱਸ ਅੱਜ ਤੀਕ ਮੇਰੇ ਲਈ ਓਹੀ ਹੈ, ਉਹ ਕਵਿਤਾ ਜਿਸ ਨੂੰ ਉਹੋ ਜਿਹੇ ਵਾਗੀ-ਪਾਹੜੂ ਮੁੰਡੇ ਪੜ੍ਹ ਸਕਦੇ ਨੇ ਤੇ ਮੇਰੇ ਵਰਗੇ ਕਿਤਾਬੀ ਕੀੜਿਆਂ ਨੂੰ ਕਹਿ ਸਕਦੇ ਨੇ, ‘‘ਕੀ ਪੜ੍ਹਨ ਡਹੇ ਓ, ਐਧਰ ਆਓ ਤੁਹਾਨੂੰ ਪਾਸ਼ ਦੀ ਕਵਿਤਾ ਪੜ੍ਹਾਈਏ।’’
ਅਮਰਜੀਤ ਚੰਦਨ ਨੇ ਲਿਖਿਆ ਹੈ ਕਿ ਪਾਸ਼ ਦੀਆਂ ਕਵਿਤਾਵਾਂ ਦੇ ਕੁਝ ਬਿੰਬ ਲਾਸਾਨੀ ਹਨ। ਇਸੇ ਤਰ੍ਹਾਂ ਉਸ ਦੀ ਕਵਿਤਾ ਵਿੱਚ ਕੁਝ ਮੂਲ-ਭਾਵ ਤੇ ਤੱਤ (Motif) ਬਹੁਤ ਲਾਸਾਨੀ, ਜ਼ੋਰਦਾਰ ਤੇ ਕਲਾਤਮਕ ਤਰੀਕੇ ਨਾਲ ਉੱਭਰੇ ਜਿਨ੍ਹਾਂ ਵਿੱਚੋਂ ਮੁੱਖ ਇਹ ਸਨ: ਸਮਾਂ, ਇਤਿਹਾਸ, ਦੇਸ਼ ਤੇ ਜ਼ਿੰਦਗੀ। ਉਸ ਦੀ ਆਖ਼ਰੀ ਕਿਤਾਬ ਦਾ ਨਾਂ ਹੀ ‘ਸਾਡੇ ਸਮਿਆਂ ਵਿੱਚ’ ਹੈ, ਜਿਸ ਵਿੱਚ ਉਸ ਨੇ ਸਮੇਂ ਨੂੰ ਚਿਤਵਿਆ-ਲਿਖਿਆ :
ਇਹ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ
ਕਿ ਸਮੇਂ ਨੇ ਖੜ੍ਹ ਜਾਣਾ ਸੀ ਹੰਭੀ ਹੋਈ ਜੋਗ ਵਾਂਗ
ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕਲੰਡਰਾਂ ਨੇ
ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ
ਧੁੱਪ ਨਾਲ ਤਿੜਕੇ ਕੰਧਾਂ ਦੇ ਲੋਆਂ
ਤੇ ਧੂੰਏਂ ਨੂੰ ਤਰਸੇ ਚੁੱਲ੍ਹਿਆਂ ਨੇ
ਸਾਡੇ ਈ ਵੇਲਿਆਂ ਦੇ ਗੀਤ ਬਣਨਾ ਸੀ
ਕੁਝ ਇਸ ਤਰ੍ਹਾਂ ਦਾ ਹੀ ਅਹਿਸਾਸ ਰੂਸੀ ਕਵੀ ਓਸਿਪ ਮੈਡਲਸਟਾਮ ਨੂੰ ਆਪਣੇ ਸਮੇਂ ਨਾਲ ਦੋ-ਚਾਰ ਹੁੰਦਿਆਂ ਹੋਇਆ ਸੀ ਜਦੋਂ ਉਸ ਨੇ ਲਿਖਿਆ, ‘‘ਮੈਂ ਸਮੇਂ ਦੀਆਂ ਡੂੰਘਾਣਾਂ ਵਿੱਚ ਗਿਆ ਤੇ ਮੈਨੂੰ ਇਹ ਲੱਗਾ ਕਿ ਉੱਥੇ ਸੰਝ ਹੈ, ਬੇਹਿੱਸੀ ਹੈ (I have gone into depths of time and found it numb.)
ਏਸੇ ਕਵਿਤਾ ਵਿੱਚ ਪਾਸ਼ ਅੱਗੇ ਜਾ ਕੇ ਲਿਖਦਾ ਹੈ ‘‘ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ।’’ ਇਸ ਤਰ੍ਹਾਂ ਪਾਸ਼ ਆਪਣੇ ਵੇਲੇ ਦੇ ਕੁੜੱਤਣ ਭਰੇ ਯਥਾਰਥ ਨੂੰ ਚਿੱਥਦਾ ਹੋਇਆ ਵਕਤ ਨੂੰ ਨੰਗਿਆਂ ਕਰ ਕੇ ਉਸ ਦੇ ਸੱਚ ਅਤੇ ਯਥਾਰਥ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਇਹ ਸੱਚ, ਇਹ ਯਥਾਰਥ ਕੀ ਹੈ? ਇਹ ਸਾਡਾ ਜੀਵਨ ਹੈ। ਗ੍ਰਾਮਸ਼ੀ ਦਾ ਇੱਕ ਕਥਨ ਉਸ ਦੇ ਜੇਲ੍ਹ ਵਿੱਚੋਂ ਲਿਖੇ ਇੱਕ ਖ਼ਤ ਵਿੱਚ ਦਰਜ ਹੈ ‘‘Time is but a pseudonym for life itself”. ਸਰਲ ਪੰਜਾਬੀ ਵਿੱਚ ਕਹੀਏ ਤਾਂ ਇਸ ਦੇ ਅਰਥ ਇਹੀ ਨਿਕਲਦੇ ਹਨ ਕਿ ਸਮਾਂ ਜ਼ਿੰਦਗੀ ਦਾ ਹੀ ਦੂਸਰਾ ਨਾਂ ਹੈ। ਸ਼ਾਇਦ ਏਸੇ ਲਈ ਪਾਸ਼ ਨੇ ਇਹ ਸਵਾਲ ਕੀਤਾ ਸੀ:
ਮੈਂ ਪੁੱਛਦਾ ਹਾਂ ਅਸਮਾਨ ’ਚ ਉੜਦੇ ਹੋਏ ਸੂਰਜ ਨੂੰ
ਕੀ ਵਕਤ ਏਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇੱਕ ਸਮੁੱਚੇ ਮਨੁੱਖ ਦੀ ਚੇਤਨਾ?
ਕਿ ਹਰ ਸਵਾਲ
ਕੇਵਲ ਕੰਮ ’ਚ ਰੁੱਝੇ ਜਿਸਮ ਦੀ ਗ਼ਲਤੀ ਹੀ ਹੋਵੇ?
ਸਮੇਂ ਬਾਰੇ ਗੱਲ ਕਰਦਿਆਂ ਪਾਸ਼ ਨੇ ਇੱਕ ਹੋਰ ਥਾਂ ’ਤੇ ਆਪਣਾ ਫ਼ੈਸਲਾ ਇਸ ਤਰ੍ਹਾਂ ਦਿੱਤਾ ਸੀ:
ਜੇ ਸਮਾਂ ਆਪਣਾ ਹੁੰਦਾ
ਤਾਂ ਤੈਨੂੰ ਸੱਖਣੀਆਂ ਕਲਾਈਆਂ ਨੂੰ
ਢਕ ਢਕ ਰੱਖਣ ਦਾ ਫ਼ਿਕਰ ਨਾ ਹੁੰਦਾ
ਹਾਲੇ ਸਮਾਂ ਕੋਈ ਲਹੂ ਮੰਗਦੀ ਸੂਈ ਹੈ
ਜੋ ਪੁੜ ਤਾਂ ਸਕਦੀ ਹੈ
ਤੇਰੇ ਫੁੱਲਾਂ ਦਾ ਭਰਮ ਉਣ ਰਹੇ ਪੋਟੇ ਦੇ ਫੁੱਲ ’ਚ
ਪਰ ਸਿਊਂ ਨਹੀਂ ਸਕਦੀ
ਤੇਰੀ ਵੱਖੀ ਤੋਂ ਘਸਦੀ ਜਾ ਰਹੀ ਕੁੜਤੀ
ਇਸ ਤਰ੍ਹਾਂ ਪਾਸ਼ ਦੀ ਕਵਿਤਾ ਵਿੱਚ ਸਮਾਂ ਉਹ ਵਿਸ਼ਾਲ ਬਿੰਬ ਬਣ ਜਾਂਦਾ ਹੈ ਜੋ ਇਤਿਹਾਸ ਦੇ ਨਾਲ ਸਾਧਨਹੀਣ ਲੋਕਾਂ ਦੀਆਂ ਲੋੜਾਂ, ਥੁੜ੍ਹਾਂ, ਦੁੱਖ-ਦੁਸ਼ਵਾਰੀਆਂ, ਤਕਲੀਫ਼ਾਂ ਤੇ ਮਜਬੂਰੀਆਂ ਨੂੰ ਵੀ ਆਪਣੇ ਕਲਾਵੇ ਵਿੱਚ ਸਮੇਟਦਾ ਹੈ। ਇਸੇ ਤਰ੍ਹਾਂ ਦੇਸ਼ ਦਾ ਬਿੰਬ ਖੇਤਾਂ, ਖੇਤਾਂ ਦੇ ਪੁੱਤਰਾਂ ਤੇ ਵਕਤ (ਸਮੇਂ) ਨਾਲ ਜਾ ਜੁੜਦਾ ਹੈ:
ਭਾਰਤ-
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿੱਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ,
ਖੇਤਾਂ ਦੇ ਉਨ੍ਹਾਂ ਪੁੱਤਰਾਂ ਤੋਂ ਹਨ
ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ,
ਵਕਤ ਮਿਣਦੇ ਹਨ।
ਕਿ ਭਾਰਤ ਦੇ ਅਰਥ
ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ।
ਸਗੋਂ ਖੇਤਾਂ ਵਿੱਚ ਦਾਇਰ ਹਨ।
ਜਿੱਥੇ ਅੰਨ ਉੱਗਦਾ ਹੈ
ਜਿੱਥੇ ਸੰਨ੍ਹਾਂ ਲੱਗਦੀਆਂ ਹਨ...
ਇਹ ਸ਼ਬਦ 1960ਵਿਆਂ ਦੇ ਅਖ਼ੀਰ ਵਿੱਚ ਲਿਖੇ ਗਏ ਸਨ ਤੇ ਉਸ ਸਮੇਂ ਦਾ ਚਿਤਰਨ ਸਨ, ਪਰ 2020-21 ਦੇ ਕਿਸਾਨ ਅੰਦੋਲਨ ਦੌਰਾਨ ਇਹ ਸ਼ਬਦ ਨਵੇਂ ਮਾਅਨੇ, ਨਵੇਂ ਅਰਥ-ਰੂਪ ਲੈ ਕੇ ਉੱਭਰੇ ਤੇ ਖੇਤਾਂ ਦੇ ਪੁੱਤਰਾਂ ਨੇ ਵਕਤ ਨੂੰ ਰੁੱਖਾਂ ਦੇ ਪ੍ਰਛਾਵਿਆਂ ਨਾਲ ਨਹੀਂ, ਸਗੋਂ ਸੱਤਾ ਤੇ ਤਾਕਤ ਦੇ ਅਗਨ-ਜਲੌਅ ਨਾਲ ਮਿਣਿਆ ਤੇ ਉਸ ਨੂੰ ਮਾਤ ਦਿੱਤੀ; ਉਸ ਸਮੇਂ ਸਾਰੇ ਦੇਸ਼ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਭਾਰਤ ਦੇ ਅਰਥ, ਉਨ੍ਹਾਂ ‘ਖੇਤਾਂ ਵਿੱਚ ਦਾਇਰ ਹਨ/ ਜਿੱਥੇ ਅੰਨ ਉੱਗਦਾ ਹੈ/ ਜਿੱਥੇ ਸੰਨ੍ਹਾਂ ਲੱਗਦੀਆਂ ਹਨ।’’
ਪਾਸ਼ ਦਾ ਜਨਮ 9 ਸਤੰਬਰ 1950 ਨੂੰ ਹੋਇਆ। 23 ਮਾਰਚ 1988 ਨੂੰ ਅਤਿਵਾਦੀਆਂ ਨੇ ਉਸ ਨੂੰ ਤੇ ਉਸ ਦੇ ਸਾਥੀ ਹੰਸ ਰਾਜ ਨੂੰ ਕਤਲ ਕਰ ਦਿੱਤਾ। ਪੰਜਾਬ ਦਾ ਇਤਿਹਾਸ ਅਜੀਬ ਇਤਫ਼ਾਕ ਹੈ ਕਿ ਪਾਸ਼ ਦੇ ਕਤਲ ਵਾਲੇ ਦਿਨ ਤੋਂ 57 ਸਾਲ ਪਹਿਲਾਂ ਪੰਜਾਬ ਦਾ ਵੀਹਵੀਂ ਸਦੀ ਦਾ ਸਭ ਤੋਂ ਲਾਡਲਾ ਪੁੱਤਰ ਭਗਤ ਸਿੰਘ ਅੰਗਰੇਜ਼ਾਂ ਨੇ ਫਾਹੇ ਲਾ ਦਿੱਤਾ ਸੀ; ਉਹ ਮੁੰਡਾ ਜਿਸ ਨੂੰ ਸੁਭਾਸ਼ ਚੰਦਰ ਬੋਸ ਨੇ ਭਾਰਤ ਦੀ ਇਨਕਲਾਬੀ ਭਾਵਨਾ ਦਾ ਚਿੰਨ੍ਹ ਆਖਿਆ ਸੀ। ...ਤੇ ਇਹ ਵੀ ਇਤਫ਼ਾਕ ਹੇ ਕਿ ਭਗਤ ਸਿੰਘ ਤੇ ਪਾਸ਼ ਦੋਹਾਂ ਦੇ ਵਿਚਾਰਾਂ ਵਿੱਚ ਵੱਡੀ ਸਾਂਝ ਸੀ।
ਧੁੱਪ ਵਾਂਗ ਧਰਤੀ ’ਤੇ ਖਿੜਿਆ ਪਾਸ਼
ਇਨਕਲਾਬੀਆਂ ਦੇ ਵਿਚਾਰਾਂ ਦੀ ਜ਼ਮੀਨ ਸਦਾ ਸਾਂਝੀ ਹੁੰਦੀ ਹੈ। ਇੱਕ ਵਿਦਵਾਨ ਨੇ ਰੂਸੋ ਤੇ ਮਾਰਕਸ ਦੇ ਵਿਚਾਰਾਂ ਦਾ ਅਧਿਐਨ ਕਰਦਿਆਂ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ ਇਹ ਸੰਜੋਗ ਨਹੀਂ ਕਿ ਰੂਸੋ ਦੇ ਐਲਾਨ (ਮਨੁੱਖ ਆਜ਼ਾਦ ਜੰਮਦਾ ਹੈ ਪਰ ਹਰ ਕਿਤੇ ਉਹ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ) ਤੇ ਕਮਿਊਨਿਸਟ ਮੈਨੀਫੈਸਟੋ ਦੀ ਵੰਗਾਰ (ਪ੍ਰੋਲੇਤਾਰੀਆਂ ਕੋਲ ਗੁਆਉਣ ਲਈ ਕੁਝ ਨਹੀਂ ਸਿਵਾਏ ਆਪਣੀਆਂ ਜ਼ੰਜੀਰਾਂ ਦੇ) ਵਿੱਚ ਆਪਣੀ ਤਰ੍ਹਾਂ ਦੀ ਸਾਂਝ ਹੈ। ਇਹ ਅਸਲ ਵਿੱਚ ਇਨਕਲਾਬੀ ਸਾਂਝ-ਪਦਾਰਥਵਾਦੀ ਸੋਚ ਦੇ ਵਿਕਾਸ ਦੀ ਸਾਂਝ ਹੈ ਤੇ ਇਸ ਤਰ੍ਹਾਂ ਦੀ ਸਾਂਝ ਸਦਾ ਬਣੀ ਰਹਿੰਦੀ ਹੈ। ਭਗਤ ਸਿੰਘ ਤੇ ਪਾਸ਼ ਦੇ ਵਿਚਾਰਾਂ ਵਿੱਚ ਵੀ ਅਜਿਹੀ ਹੀ ਸਾਂਝ ਸੀ। ਇਸ ਸਾਂਝ ਨੂੰ ਚਿਤਵਦਿਆਂ ਮੈਂ 1989 ਵਿੱਚ ਲਿਖਿਆ ਸੀ:
ਭਗਤ ਸਿੰਘ ਨੂੰ
ਪ੍ਰਛਾਵੇਂ ਰੁਕ ਜਾਂਦੇ ਨੇ
ਤੂੰ ਪੱਗ ਉਤਾਰਦਾ ਏਂ
ਪਾਸ਼ ਨੂੰ
ਪ੍ਰਛਾਵੇਂ ਰੁਕ ਜਾਂਦੇ ਨੇ
ਤੂੰ ਮੁਸਕਰਾਉਂਦਾ ਏਂ
ਪ੍ਰਛਾਵੇਂ ਮੁੱਕ ਜਾਂਦੇ ਨੇ
ਤੁਸੀਂ ਮਿਲਦੇ ਹੋ
ਇਹ ਮਿਲਨ ਦੀ ਹਲਦੀ-ਘਾਟੀ ਹੈ
ਇਹ ਗਲਵੱਕੜੀਆਂ ਦੀ ਸਭਰਾਉਂ ਹੈ
ਸੂਰਜਾਂ ਦੇ ਲੁੱਟੇ ਸ਼ਹਿਰਾਂ ਵਿੱਚ
ਯਾਦਾਂ ਦੇ ਖੰਡਰਾਂ ਵਿੱਚ
ਇਹ ਯਾਰੀਆਂ ਦਾ ਰੁੱਖ ਹੈ
ਇਹ ਅਣਜੀਵੇ ਪਾਣੀਆਂ ਦਾ ਸਮਾਂ ਹੈ
ਇਹ ਅਣ-ਪਾਏ ਸੁਫ਼ਨਿਆਂ ਦਾ ਡਰ ਹੈ
ਜਿਸਮਾਂ ਦੀ ਅੱਗ ਵਿੱਚ ਬਲਦਾ
ਜਿਸਮਾਂ ਦੀ ਅੱਗ ਵਿੱਚ ਖੋਂਹਦਾ
ਇਹ ਖਾਲੀ ਕੰਧਾਂ ਦਾ ਸਾਗਰ ਹੈ
ਪਰ ਤੁਸੀਂ ਮਿਲਦੇ ਹੋ
ਅੰਨ ਤੇ ਆਸ ਦੇ ਦੀਵੇ ਨੇ ਜਗ ਪੈਂਦੇ
ਅੱਡੀਆਂ ’ਚ ਨਾਚ ਉਤਰਦਾ ਹੈ
ਕਤਲ ਹੋਏ ਤਾਰੇ ਨੇ ਮੁੜ ਆਉਂਦੇ
ਓਥੇ ਸੂਰਜ ਯਾਦ ਦਾ ਖੰਭ ਬਣ ਚਮਕਦਾ ਹੈ
ਓਥੇ ਪਿਆਰ ਹੈ
ਓਥੇ ਲੋਅ ਹੈ
ਓਥੇ ਤੁਸੀਂ ਮਿਲਦੇ ਹੋ
ਇਤਿਹਾਸ ਇੱਕ ਸਾਂਵਲੀ ਲਹਿਰ ਹੈ ਬਣ ਜਾਂਦਾ
ਬਚਪਨ ਨੂੰ ਛੰਡਦੀ ਕੁੜੀ ਮੁਸਕਰਾਉਂਦੀ ਹੈ
ਓਥੇ ਗਲਵੱਕੜੀ ਹੈ
ਓਥੇ ਪਾਣੀਆਂ ਦਾ ਰਕਸ ਹੈ
ਓਥੇ ਜ਼ਿੰਦਗੀ ਹੈ
ਓਥੇ ਮੈਂ ਹਾਂ
ਓਥੇ ਤੁਸੀਂ ਹੋ
ਓਥੇ ਲੋਕ ਨੇ
ਕਣਕਾਂ ਦੀ ਇਕੱਲ ਹੈ
ਝੋਨੇ ਤੇ ਮਨੁੱਖ ਦੀ ਚੁੱਪ ਹੈ
ਓਥੇ ਪਰ ਸਭ ਕੁਝ ਇਕੱਠਾ ਮਿਲਦਾ ਹੈ
ਮੌਤ, ਸਮਾਂ, ਜ਼ਿੰਦਗੀ
ਤੇ ਪਿਆਰ
ਸਭ ਤੋਂ ਖ਼ਤਰਨਾਕ
ਕਿਰਤ ਦੀ ਲੁੱਟ
ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ
ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ
ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ’ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ
ਸਭ ਤੋਂ ਖ਼ਤਰਨਾਕ
ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ’ਤੇ ਚੱਲਦੀ ਹੋਈ
ਜੋ ਤੁਹਾਡੀ ਨਜ਼ਰ ਦੇ ਲਈ
ਖੜ੍ਹੀ ਹੁੰਦੀ ਹੈ
ਸਭ ਤੋਂ ਖ਼ਤਰਨਾਕ
ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ
ਠੰਢੀ ਯੱਖ ਹੁੰਦੀ ਹੈ।
ਸਭ ਤੋਂ ਖ਼ਤਰਨਾਕ
ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ
ਬਾਰ ਮੂਹਰੇ
ਜੋ ਵੈਲੀ ਦੀ ਖੰਘ ਖੰਘਦਾ ਹੈ
ਸਭ ਤੋਂ ਖ਼ਤਰਨਾਕ
ਉਹ ਦਿਸ਼ਾ ਹੁੰਦੀ ਹੈ
ਜੀਹਦੇ ਵਿੱਚ ਆਤਮਾ ਦਾ
ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ
ਕੋਈ ਛਿਲਤਰ
ਤੁਹਾਡੇ ਜਿਸਮ ਦੇ
ਪੂਰਬ ਵਿੱਚ ਖੁੱਭ ਜਾਵੇ...।
ਪਾਸ਼