For the best experience, open
https://m.punjabitribuneonline.com
on your mobile browser.
Advertisement

ਖੂਨੀ ਝੜਪ: ਡੀਆਈਜੀ ਵੱਲੋਂ ਸੰਗਰੂਰ ਜੇਲ੍ਹ ਦਾ ਦੌਰਾ

08:45 AM Apr 21, 2024 IST
ਖੂਨੀ ਝੜਪ  ਡੀਆਈਜੀ ਵੱਲੋਂ ਸੰਗਰੂਰ ਜੇਲ੍ਹ ਦਾ ਦੌਰਾ
ਸੰਗਰੂਰ ਜੇਲ੍ਹ ’ਚੋਂ ਬਾਹਰ ਆਉਂਦੇ ਹੋਏ ਡੀਆਈਜੀ ਹਰਚਰਨ ਭੁੱਲਰ, ਐੱਸਐੱਸਪੀ ਸਰਤਾਜ ਚਾਹਲ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਅਪਰੈਲ
ਸੰਗਰੂਰ ਜ਼ਿਲ੍ਹਾ ਜੇਲ੍ਹ ’ਚ ਬੀਤੀ ਦੇਰ ਸ਼ਾਮ ਕੈਦੀਆਂ ਵਿਚਾਲੇ ਖੂਨੀ ਝੜਪ ਦੌਰਾਨ ਦੋ ਕੈਦੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਵਿਚ ਅੱਜ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਜੇਲ੍ਹ ਦਾ ਦੌਰਾ ਕੀਤਾ ਤੇ ਹਾਲਾਤ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਸੰਗਰੂਰ ਪੁਲੀਸ ਵੱਲੋਂ ਇਸ ਮਾਮਲੇ ’ਚ ਡਿਪਟੀ ਸੁਪਰਡੈਂਟ (ਸਕਿਉਰਿਟੀ) ਜੇਲ੍ਹ ਦੇ ਬਿਆਨਾਂ ’ਤੇ 10 ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੇਲ੍ਹ ਦੇ ਡਿਪਟੀ ਸੁਪਰਡੈਂਟ ਸਕਿਉਰਿਟੀ ਨੇ ਪੁਲੀਸ ਕੋਲ ਦਰਜ ਬਿਆਨਾਂ ’ਚ ਦੱਸਿਆ ਕਿ ਜੇਲ੍ਹ ’ਚ ਬੰਦ ਸਿਮਰਨਜੀਤ ਸਿੰਘ ਉਰਫ਼ ਜੁਝਾਰ ਵਾਸੀ ਰਸੂਲਪੁਰ ਕੁਲਾਰ ਥਾਣਾ ਮਕਬੂਲਪੁਰ (ਅੰਮ੍ਰਿਤਸਰ), ਅਮਨਦੀਪ ਸਿੰਘ ਉਰਫ਼ ਅਮਰ ਵਾਸੀ ਬੀਂਬੜੀ, ਸਤਗੁਰ ਸਿੰਘ ਉਰਫ਼ ਲਾਲੀ ਵਾਸੀ ਛਾਹੜ, ਗੁਰਧਿਆਨ ਸਿੰਘ ਉਰਫ਼ ਭੋਲੂ ਵਾਸੀ ਖੇੜੀ (ਸੰਗਰੂਰ), ਮਨਜਿੰਦਰ ਸਿੰਘ ਉਰਫ਼ ਕਾਲਾ ਸੇਖੋਂ ਵਾਸੀ ਫਰੀਦਕੋਟ, ਅਰਸ਼ਦੀਪ ਸਿੰਘ ਉਰਫ਼ ਭਾਨਾ ਵਾਸੀ ਭੀਖੀ (ਮਾਨਸਾ), ਦਿਲਪ੍ਰੀਤ ਸਿੰਘ ਉਰਫ਼ ਦਿਲ ਵਾਸੀ ਦਿਲਬਾਰਪੁਰ (ਤਰਨ ਤਾਰਨ), ਸਿਮਰਨਜੀਤ ਸਿੰਘ ਉਰਫ਼ ਸਿੰਮੀ ਵਾਸੀ ਕੜਿਆਲ (ਸੰਗਰੂਰ), ਧਰਮਿੰਦਰ ਸਿੰਘ ਉਰਫ਼ ਬੱਗਾਵਾਸੀ ਸ਼ੇਰੋਂ (ਸੰਗਰੂਰ) ਅਤੇ ਰਵਿੰਦਰ ਸਿੰਘ ਉਰਫ਼ ਲਾਲੀ ਵਾਸੀ ਬਠਿੰਡਾ ਨੇ ਬੀਤੀ 19 ਅਪਰੈਲ ਨੂੰ ਦੇਰ ਸ਼ਾਮ ਵਾਰਡ ਨੰਬਰ 7 ’ਚ ਦਾਖ਼ਲ ਹੋ ਗਏ ਅਤੇ ਚੱਕੀ ਨੰਬਰ-10 ਵਿੱਚ ਹਵਾਲਾਤੀ ਮੁਹੰਮਦ ਹਾਰਿਸ਼ ਵਾਸੀ ਮਾਲੇਰਕੋਟਲਾ, ਧਰਮਿੰਦਰ ਸਿੰਘ ਉਰਫ਼ ਘੋੜਾ ਵਾਸੀ ਕਲਿਆਣ, ਸਹਿਬਾਜ਼ ਉਰਫ਼ ਗੋਮਾ ਵਾਸੀ ਮਾਲੇਰਕੋਟਲਾ ਅਤੇ ਗਗਨਦੀਪ ਸਿੰਘ ਵਾਸੀ ਹਮੀਦੀ ’ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਧਰਮਿੰਦਰ ਸਿੰਘ ਉਰਫ਼ ਘੋੜਾ ਅਤੇ ਮੁਹੰਮਦ ਹਾਰਿਸ਼ ਦੀ ਮੌਤ ਹੋ ਗਈ ਜਦਕਿ ਗਗਨਦੀਪ ਸਿੰਘ ਅਤੇ ਸਹਿਬਾਜ਼ ਉਰਫ਼ ਗੋਮਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ।

Advertisement

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਘਟਨਾ ਦਾ ਗੰਭੀਰ ਨੋਟਿਸ

ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਜੇਲ੍ਹ ਅੰਦਰ ਵਾਪਰੀ ਘਟਨਾ ਦਾ ਗੰਭੀਰ ਲੈਂਦਿਆਂ ਏਡੀਜੀਪੀ ਜੇਲ੍ਹਾਂ ਪੰਜਾਬ ਤੋਂ ਘਟਨਾ ਦੀ ਵਿਸਥਾਰਤ ਰਿਪੋਰਟ ਮੰਗੀ ਹੈ। ਕਮਿਸ਼ਨ ਵੱਲੋਂ ਕੇਸ ਦੀ ਅਗਲੀ ਕਾਰਵਾਈ 10 ਮਈ ਤੈਅ ਕੀਤੀ ਗਈ ਹੈ ਅਤੇ ਨਿਰਧਾਰਿਤ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਅਤੇ ਮੈਂਬਰ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਹੇਠ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮੀਡੀਆ ਰਿਪੋਰਟਾਂ ਤੋਂ ਘਟਨਾ ਦਾ ਖੁਦ ਹੀ ਗੰਭੀਰ ਨੋਟਿਸ ਲਿਆ ਗਿਆ ਹੈ। ਪੱਤਰ ਅਨੁਸਾਰ ਮੀਡੀਆ ਕਵਰੇਜ਼ ਵਿੱਚ ਪੇਸ਼ ਕੀਤੇ ਵੇਰਵਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਕਮਿਸ਼ਨ ਨੇ ਮਾਮਲੇ ’ਤੇ ਇੱਕ ਵਿਆਪਕ ਰਿਪੋਰਟ ਤਲਬ ਕਰਨਾ ਜ਼ਰੂਰੀ ਸਮਝਿਆ।

ਰੰਜਿਸ਼ ਕਾਰਨ ਵਾਪਰੀ ਘਟਨਾ: ਭੁੱਲਰ

ਜੇਲ੍ਹ ਦਾ ਦੌਰਾ ਕਰਨ ਮਗਰੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੈਦੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਇਸੇ ਰੰਜਿਸ਼ ਕਾਰਨ ਘਟਨਾ ਵਾਪਰੀ ਹੈ। ਕੈਦੀਆਂ ਵੱਲੋਂ ਟੂਟੀ ਦੇ ਪਾਈਪ, ਦਰੱਖ਼ਤ ਦੇ ਟਾਹਣੇ ਅਤੇ ਦੋ ਚਾਕੂਆਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਜੁਡੀਸ਼ਲ ਜਾਂਚ ਵੱਖਰੇ ਤੌਰ ’ਤੇ ਸ਼ੁਰੂ ਹੋ ਗਈ ਹੈ। ਮਾਰੇ ਗਏ ਦੋਵੇਂ ਕੈਦੀਆਂ ਦਾ ਸਿਵਲ ਹਸਪਤਾਲ ’ਚ ਪੋਸਟ ਮਾਰਟਮ ਹੋਣ ਮਗਰੋਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

Advertisement
Author Image

sukhwinder singh

View all posts

Advertisement
Advertisement
×