ਰੰਜਿਸ਼ ਕਾਰਨ ਦੋ ਧੜਿਆਂ ਵਿਚਾਲੇ ਖ਼ੂਨੀ ਝੜਪ
ਸ਼ਗਨ ਕਟਾਰੀਆ
ਬਠਿੰਡਾ, 21 ਅਗਸਤ
ਇੱਥੇ ਨਗਰ ਸੁਧਾਰ ਟਰਸਟ ਦਫ਼ਤਰ ਦੇ ਸਾਹਮਣੇ ਦੋ ਗੱਡੀਆਂ ਅਤੇ ਦੋ ਮੋਟਰਸਾਈਕਲਾਂ ’ਤੇ ਆਏ ਹਮਲਾਵਰਾਂ ਨੇ ਇਕ ਸਕੌਡਾ ਗੱਡੀ ’ਤੇ ਸਵਾਰ ਚਾਰ ਵਿਅਕਤੀਆਂ ’ਤੇ ਰੰਜਿਸ਼ ਕਾਰਨ ਗੋਲੀਆਂ ਦਾਗ ਦਿੱਤੀਆਂ। ਸਿਰ ’ਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਕਾਰ ਸਵਾਰ ਲਲਿਤ ਕੁਮਾਰ ਉਰਫ਼ ਪੰਡਤ ਵਾਸੀ ਪਰਸਰਾਮ ਨਗਰ ਬਠਿੰਡਾ ਨੂੰ ਆਦੇਸ਼ ਹਸਪਤਾਲ ਲਿਜਾਇਆ ਗਿਆ। ਬਾਅਦ ’ਚ ਉਸ ਦੀ ਗੰਭੀਰ ਹਾਲਤ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਅੱਜ ਕਰੀਬ ਢਾਈ ਵਜੇ ਸਿੱਪਲ ਹੋਟਲ ਨਜ਼ਦੀਕ ਪ੍ਰਜਾਪਤ ਕਲੋਨੀ ਨੂੰ ਜਾਣ ਵਾਲੀ ਸੜਕ ’ਤੇ ਤਿੰਨ ਗੱਡੀਆਂ ਆ ਕੇ ਰੁਕੀਆਂ ਅਤੇ ਇਨ੍ਹਾਂ ਵਿਚ ਕਰੀਬ ਦੋ ਦਰਜਨ ਨੌਜਵਾਨ ਸਵਾਰ ਸਨ। ਕੁਝ ਦੇਰ ਬਾਅਦ ਦੋ ਗੱਡੀਆਂ ਚਲੀਆਂ ਗਈਆਂ ਤੇ ਲਾਲ ਰੰਗ ਦੀ ਸਕੌਡਾ ਕਾਰ ਖੜ੍ਹੀ ਰਹੀ। ਇਸ ਦੌਰਾਨ ਦੋ ਗੱਡੀਆਂ ਤੇ ਦੋ ਮੋਟਰਸਾਈਕਲਾਂ ’ਤੇ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਆਏ ਤੇ ਲਾਲ ਰੰਗ ਦੀ ਕਾਰ ਨੂੰ ਘੇਰ ਕੇ ਗੋਲੀਆਂ ਚਲਾਈਆਂ। ਵਰਤੇ ਗਏ ਹਥਿਆਰਾਂ ’ਚੋਂ 12 ਬੋਰ ਦੀ ਬੰਦੂਕ ਅਤੇ 315 ਬੋਰ ਦੀ ਬੰਦੂਕ ਦੇ ਖੋਲ ਮਿਲੇ ਹਨ। ਜ਼ਖ਼ਮੀ ਲਲਿਤ ਕੁਮਾਰ ਉਰਫ਼ ਪੰਡਤ ਫਾਇਨਾਂਸ ਦਾ ਕੰਮ ਕਰਦਾ ਹੈ। ਉਸ ਦਾ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਹਮਲਾਵਰ ਨੌਜਵਾਨ ਵੀ ਇਕ ਫਾਇਨਾਂਸ ਕੰਪਨੀ ’ਚ ਰਿਕਵਰੀ ਦਾ ਕੰਮ ਕਰਦੇ ਸਨ। ਅੱਜ ਸਵੇਰੇ ਲਗਭਗ 10 ਵਜੇ ਵੀ ਮਾਨ ਪੈਟਰੋਲ ਪੰਪ ਕੋਲ ਦੋਹਾਂ ਧਿਰਾਂ ਦਾ ਆਪਸ ਵਿਚ ਝਗੜਾ ਹੋਇਆ ਸੀ ਪਰ ਮੌਕੇ ’ਤੇ ਪਹੁੰਚੀ ਪੁਲੀਸ ਨੇ ਦੋਹਾਂ ਧਿਰਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਦੋਹੇਂ ਧਿਰਾਂ ਸਮਾਂ ਬੰਨ੍ਹ ਕੇ ਹੋਟਲ ਸਿੱਪਲ ਕੋਲ ਘਟਨਾ ਸਥਾਨ ’ਤੇ ਪਹੁੰਚੀਆਂ ਤੇ ਆਪਸ ’ਚ ਭਿੜ ਗਈਆਂ। ਪੁਲੀਸ ਅਨੁਸਾਰ ਤਿੰਨ ਹਮਲਾਵਰਾਂ ਦੀ ਪਛਾਣ ਰਾਹੁਲ, ਕ੍ਰਿਸ਼ਨ ਅਤੇ ਸਟੈਫ਼ੀ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਤਿੰਨਾਂ ਤੋਂ ਇਲਾਵਾ 10-12 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।