ਮੁਹੱਲਾ ਕਲੀਨਿਕ ਵਿੱਚ ਨਹੀਂ ਹੋ ਰਹੇ ਖੂਨ ਦੇ ਟੈਸਟ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 10 ਜੂਨ
ਕਸਬਾ ਸ਼ਹਿਣਾ ਵਿੱਚ ਇਸ ਸਾਲ 27 ਜਨਵਰੀ ਨੂੰ ਸ਼ੁਰੂ ਹੋਏ ਮੁਹੱਲਾ ਕਲੀਨਿਕ ਵਿੱਚ 5 ਮਹੀਨਿਆਂ ਬਾਅਦ ਵੀ ਖੂਨ ਦੇ ਟੈਸਟ ਕਰਨ ਦੀ ਸਹੂਲਤ ਦੀ ਸ਼ੁਰੂਆਤ ਨਹੀਂ ਹੋ ਸਕੀ ਹੈ। ਲੋਕਾਂ ਨੂੰ ਆਪਣੇ ਟੈਸਟ ਪ੍ਰਾਈਵੇਟ ਦੁਕਾਨਾਂ ਤੋਂ ਕਰਵਾਉਣੇ ਪੈਂਦੇ ਹਨ। ਮੁਹੱਲਾ ਕਲੀਨਿਕ ਬਣਾਉਣ ਵੇਲੇ 41 ਕਿਸਮ ਦੇ ਖੂਨ ਟੈਸਟ ਕਰਨ ਦੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ। ਹਸਪਤਾਲ ਵਿੱਚ ਓਪੀਡੀ ਪਹਿਲਾ ਨਾਲੋਂ ਵਧ ਗਈ ਹੈ, 70-75 ਮਰੀਜ਼ ਰੋਜ਼ਾਨਾ ਆ ਰਹੇ ਹਨ। ਦਵਾਈਆਂ ਵੀ ਮਿਲ ਰਹੀਆਂ ਹਨ। ਮੁਹੱਲਾ ਕਲੀਨਿਕ ਵਿੱਚ ਦੂਜੀ ਖੇਪ ਦਵਾਈਆਂ ਦੀ ਆ ਗਈ ਹੈ। 25 ਹਜ਼ਾਰ ਦੀ ਆਬਾਦੀ ਵਾਲੇ ਕਸਬੇ ਸ਼ਹਿਣਾ ਵਿੱਚ ਰਾਤ ਸਮੇਂ ਕੋਈ ਵੀ ਸਰਕਾਰੀ ਮੈਡੀਕਲ ਸਹੂਲਤ ਨਹੀਂ ਹੈ।
ਸਮੱਸਿਆ ਦੇ ਹੱਲ ਲਈ ਯਤਨ ਜਾਰੀ: ਸਿਵਲ ਸਰਜਨ
ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਬਲੱਡ ਟੈਸਟ ਦੀ ਸਮੱਸਿਆ ਇਕੱਲੇ ਸ਼ਹਿਣਾ ਵਿੱਚ ਹੀ ਨਹੀ ਹੈ, ਹੋਰਨਾਂ ਥਾਵਾਂ ‘ਤੇ ਵੀ ਹੈ। ਇਸ ਦੇ ਹੱਲ ਲਈ ਯਤਨ ਜਾਰੀ ਹਨ। ਬਾਕੀ ਮੁਹੱਲਾ ਕਲੀਨਿਕ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ।