For the best experience, open
https://m.punjabitribuneonline.com
on your mobile browser.
Advertisement

ਖੂਨਦਾਨ ਸਭ ਤੋਂ ਉੱਤਮ ਸੇਵਾ

08:44 PM Jun 23, 2023 IST
ਖੂਨਦਾਨ ਸਭ ਤੋਂ ਉੱਤਮ ਸੇਵਾ
Advertisement

ਲਲਿਤ ਗੁਪਤਾ

Advertisement

ਸਮੇਂ ਦਾ ਹਰ ਪਲ ਅਤੇ ਖੂਨ ਦੀ ਹਰ ਬੂੰਦ ਅਨਮੋਲ ਹੈ। ਸਹੀ ਸਮੇਂ ‘ਤੇ ਖੂਨ ਨਾ ਮਿਲਣ ਕਾਰਨ ਦੁਨੀਆ ‘ਚ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਕਈ ਪਰਿਵਾਰ ਅਜਿਹੇ ਹਨ, ਜੋ ਪੈਸੇ ਦੀ ਘਾਟ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਜਾਨ ਬਚਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਸੰਕਟਕਾਲੀਨ ਸਥਿਤੀਆਂ ਵਿੱਚ, ਮੁਫਤ ਖੂਨਦਾਨ ਕਰ ਕੇ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਨੇ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਵਜੋਂ ਕਿਉਂ ਚੁਣਿਆ ਹੈ? ਦਰਅਸਲ, ਵਿਸ਼ਵ ਖੂਨਦਾਨ ਦਿਵਸ ਵਿਗਿਆਨ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਗਿਆਨੀ ਕਾਰਲ ਲੈਂਡਸਟੀਨਰ ਦੀ ਯਾਦ ਵਿੱਚ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਮਹਾਨ ਵਿਗਿਆਨੀ ਕਾਰਲ ਲੈਂਡਸਟੀਨਰ ਦਾ ਜਨਮ 14 ਜੂਨ 1868 ਨੂੰ ਹੋਇਆ ਸੀ। ਉਸ ਨੇ ਮਨੁੱਖੀ ਖੂਨ ਵਿੱਚ ਮੌਜੂਦ ਐਗਲੂਟਿਨਿਨ ਦੀ ਮੌਜੂਦਗੀ ਦੇ ਆਧਾਰ ‘ਤੇ ਖੂਨ ਦੇ ਸੈੱਲਾਂ ਦੇ ਏ, ਬੀ ਅਤੇ ਓ ਸਮੂਹਾਂ ਦੀ ਪਛਾਣ ਕੀਤੀ। ਖੂਨ ਦੇ ਇਸ ਵਰਗੀਕਰਨ ਨੇ ਮੈਡੀਕਲ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਖੋਜ ਲਈ ਮਹਾਨ ਵਿਗਿਆਨੀ ਕਾਰਲ ਲੈਂਡਸਟੀਨਰ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਇਸ ਖੋਜ ਸਦਕਾ ਅੱਜ ਕਰੋੜਾਂ ਤੋਂ ਵੱਧ ਲੋਕ ਖ਼ੂਨਦਾਨ ਕਰਦੇ ਹਨ ਅਤੇ ਇਸ ਕਾਰਨ ਲੱਖਾਂ ਜਾਨਾਂ ਬਚ ਜਾਂਦੀਆਂ ਹਨ।

Advertisement

ਕਾਰਲ ਲੈਂਡਸਟੀਨਰ ਦੁਆਰਾ ਖੂਨ ਦੇ ਸਮੂਹਾਂ ਦੀ ਖੋਜ ਕਰਨ ਤੋਂ ਪਹਿਲਾਂ ਤੱਕ, ਬਿਨਾ ਗਰੁੱਪ ਦੀ ਜਾਣਕਾਰੀ ਦੇ ਖੂਨ ਚੜ੍ਹਾਇਆ ਜਾਂਦਾ ਸੀ। ਬਿਨਾ ਜਾਣਕਾਰੀ ਦੇ ਖ਼ੂਨ ਚੜ੍ਹਾਉਣਾ ਬਹੁਤੀ ਵਾਰ ਘਾਤਕ ਸਿੱਧ ਹੋ ਜਾਂਦਾ ਸੀ। ਵਿਸ਼ਵ ਸਿਹਤ ਸੰਗਠਨ, ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੁਸਾਇਟੀਜ਼ (WHO) ਨੇ ਪਹਿਲੀ ਵਾਰ 2005 ਵਿੱਚ ਵਿਸ਼ਵ ਖੂਨਦਾਨ ਦਿਵਸ ਮਨਾਇਆ। ਵਿਸ਼ਵ ਖੂਨਦਾਨ ਦਿਵਸ 2023 ਦਾ ਥੀਮ ਹੈ ‘ਖੂਨ ਦਿਓ, ਪਲਾਜ਼ਮਾ ਦਿਓ, ਜੀਵਨ ਸਾਂਝਾ ਕਰੋ, ਅਕਸਰ ਸਾਂਝਾ ਕਰੋ।” ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਇਸ ਸਾਲ ਦੀ ਥੀਮ ਪਲਾਜ਼ਮਾ ਅਤੇ ਖੂਨਦਾਨ ਕਰ ਕੇ ਜੀਵਨ ਬਚਾਉਣ ਦੇ ਸੰਦੇਸ਼ ਨੂੰ ਫੈਲਾਉਣ ‘ਤੇ ਕੇਂਦਰਿਤ ਹੈ। ਵਿਸ਼ਵ ਖੂਨਦਾਨ ਦਿਵਸ ‘ਤੇ ਦੁਨੀਆ ਦੇ ਕਈ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਸ ਦਿਨ ਕਈ ਹਸਪਤਾਲਾਂ ਵਿੱਚ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ ਜਾਂਦਾ ਹੈ ਅਤੇ ਖੂਨਦਾਨ ਕਰਨ ਦੀ ਪ੍ਰਕਿਰਿਆ ਬਾਰੇ ਸਹੀ ਸਿੱਖਿਆ ਦਿੱਤੀ ਜਾਂਦੀ ਹੈ। ਖੂਨਦਾਨ ਕਿਸ ਨੂੰ ਕਰਨਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ ਕਰਨਾ ਚਾਹੀਦਾ ਬਾਰੇ ਵੀ ਸਹੀ ਜਾਣਕਾਰੀ ਇਸ ਦਿਨ ਡਾਕਟਰਾਂ ਅਤੇ ਸੋਸ਼ਲ ਵਰਕਰਾਂ ਵੱਲੋਂ ਦਿੱਤੀ ਜਾਂਦੀ ਹੈ।

ਅੰਕੜਿਆਂ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਖੂਨਦਾਨ ਦੇ ਮਾਮਲੇ ‘ਚ ਕਾਫੀ ਪਿੱਛੇ ਹੈ। ਇਸ ਕੜੀ ਨੂੰ ਤੋੜਨ ਲਈ ਇਸ ਖ਼ੂਨਦਾਨ ਦਿਵਸ ਦਾ ਮੁੱਖ ਉਦੇਸ਼ ਖੂਨਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਨਾਲ ਸਬੰਧਤ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਹੈ। ਲੋੜਵੰਦ ਵਿਅਕਤੀ ਦੀ ਖੂਨ ਦੀ ਲੋੜ ਨੂੰ ਹਰ ਹਾਲਤ ਵਿੱਚ ਪੂਰਾ ਕਰਨ ਲਈ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਣਾ ਚਾਹੀਦਾ ਹੈ। ਖ਼ੂਨਦਾਨ ਦੀ ਇਹ ਮੁਹਿੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦੀ ਹੈ ਅਤੇ ਖੂਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰੇ ‘ਤੇ ਮੁਸਕਾਨ ਪ੍ਰਦਾਨ ਕਰਦੀ ਹੈ। ਕੋਈ ਵੀ ਸਿਹਤਮੰਦ (18-65 ਸਾਲ) ਖੂਨਦਾਨ ਕਰ ਸਕਦਾ ਹੈ। ਮਰਦ ਹਰ 3 ਮਹੀਨਿਆਂ ਬਾਅਦ ਸੁਰੱਖਿਅਤ ਢੰਗ ਨਾਲ ਖੂਨਦਾਨ ਕਰ ਸਕਦੇ ਹਨ, ਜਦੋਂਕਿ ਔਰਤਾਂ ਹਰ 4 ਮਹੀਨਿਆਂ ਬਾਅਦ ਸੁਰੱਖਿਅਤ ਢੰਗ ਨਾਲ ਖੂਨਦਾਨ ਕਰ ਸਕਦੀਆਂ ਹਨ।

ਕਿੰਨੇ ਹੀ ਲੋਕਾਂ ਨੂੰ ਖੂਨਦਾਨ ਕਰ ਕੇ ਨਵੀਂ ਜ਼ਿੰਦਗੀ ਮਿਲਦੀ ਹੈ ਪਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਖੂਨਦਾਨ ਸਰੀਰ ਨੂੰ ਕਮਜ਼ੋਰ ਬਣਾਉਂਦਾ ਹੈ। ਖੂਨਦਾਨ ਕਰਨ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇੰਨਾ ਹੀ ਨਹੀਂ, ਇੱਕ ਗਲਤ ਧਾਰਨਾ ਇਹ ਵੀ ਹੈ ਕਿ ਨਿਯਮਤ ਖੂਨਦਾਨ ਕਰਨ ਨਾਲ ਲੋਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ ਅਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇੱਥੇ ਭੰਬਲਭੂਸਾ ਇਸ ਤਰ੍ਹਾਂ ਫੈਲਿਆ ਹੋਇਆ ਹੈ ਕਿ ਲੋਕ ਖੂਨਦਾਨ ਕਰਨ ਤੋਂ ਕੰਨੀ ਕਤਰਾਉਂਦੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਖੂਨਦਾਨ ਨਾ ਕਰਨ ਦੀ ਸਲਾਹ ਦੇਣ ਲੱਗ ਜਾਂਦੇ ਹਨ।

ਖੂਨਦਾਨ ਕਰਨ ਦੇ ਫਾਇਦੇ:

ਖੂਨਦਾਨ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਅਸੀਂ ਕਿਸੇ ਹੋਰ ਦੀ ਜਾਨ ਬਚਾਉਣ ਲਈ ਆਪਣਾ ਯੋਗਦਾਨ ਪਾਉਂਦੇ ਹਾਂ। ਖੂਨਦਾਨ ਕਰਨ ਦੇ ਬਹੁਤ ਸਾਰੇ ਫਾਇਦੇ ਹਨ, ਜਿਵੇਂ ਇਹ ਕਾਰਡੀਓਵੈਸਕੁਲਰ (ਦਿਲ ਦੀ) ਸਿਹਤ ਵਿੱਚ ਸੁਧਾਰ ਕਰਦਾ ਹੈ। ਖੂਨਦਾਨ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘਟਾਉਂਦਾ ਹੈ। ਖੂਨਦਾਨ ਕਰਨ ਨਾਲ ਖੂਨ ਦੇ ਥੱਕੇ ਨਹੀਂ ਬਣਦੇ, ਖੂਨ ਕੁਝ ਹੱਦ ਤੱਕ ਪਤਲਾ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਜਾਂਦਾ ਹੈ। ਸਰੀਰ ਵਿੱਚ ਆਕਸੀਜਨ ਦੀ ਸਪਲਾਈ ਸਹੀ ਢੰਗ ਨਾਲ ਹੁੰਦੀ ਹੈ। ਖੂਨਦਾਨ ਤੁਹਾਡਾ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਲਈ ਸਾਲ ਵਿੱਚ ਘੱਟੋ-ਘੱਟ ਦੋ ਵਾਰ ਖੂਨਦਾਨ ਕਰੋ। ਖੂਨਦਾਨ ਕਰਨ ਨਾਲ ਕੈਲੋਰੀ ਅਤੇ ਚਰਬੀ ਜਲਦੀ ਬਰਨ ਹੁੰਦੀ ਹੈ। ਨਿਯਮਤ ਤੌਰ ‘ਤੇ ਖੂਨਦਾਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਆਇਰਨ ਦਾ ਪੱਧਰ ਸੰਤੁਲਿਤ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਇਹ ਹੀਮੋਕ੍ਰੋਮੇਟੋਸਿਸ ਨਾਮਕ ਬਿਮਾਰੀ ਤੋਂ ਬਚਾਉਂਦਾ ਹੈ। ਖੂਨਦਾਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ, ਜਿਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਖੂਨਦਾਨ ਕਰਨ ਨਾਲ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ। ਸਰੀਰ ਵਿਚ ਆਇਰਨ ਦੀ ਜ਼ਿਆਦਾ ਮਾਤਰਾ ਲੀਵਰ ‘ਤੇ ਦਬਾਅ ਪਾਉਂਦੀ ਹੈ। ਇਸ ਦੇ ਨਾਲ ਹੀ ਖੂਨਦਾਨ ਕਰਨ ਨਾਲ ਆਇਰਨ ਦੀ ਮਾਤਰਾ ਵੀ ਸੰਤੁਲਿਤ ਹੋ ਜਾਂਦੀ ਹੈ। ਖੂਨ ਦਾ ਸੰਚਾਰ ਸਹੀ ਢੰਗ ਨਾਲ ਹੁੰਦਾ ਹੈ, ਜਿਸ ਕਾਰਨ ਧਮਨੀਆਂ ‘ਚ ਬਲੌਕੇਜ ਅਤੇ ਚਰਬੀ ਜੰਮਣ ਦੀ ਸਮੱਸਿਆ ਨਹੀਂ ਹੁੰਦੀ ਅਤੇ ਦਿਲ ਦੇ ਦੌਰੇ ਤੋਂ ਬਚਾਅ ਹੁੰਦਾ ਹੈ। ਖੂਨਦਾਨ ਕਰਨ ਨਾਲ ਕੈਂਸਰ ਦਾ ਖਤਰਾ ਵੀ ਘੱਟਦਾ ਹੈ। ਜਦੋਂ ਤੁਸੀਂ ਖੂਨਦਾਨ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਨਵੇਂ ਟਿਸ਼ੂ ਬਣਦੇ ਹਨ, ਜਿਸ ਨਾਲ ਤੁਸੀਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹੋ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਖੂਨਦਾਨ ਕਰਨ ਨਾਲ ਤੁਹਾਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਭਾਵ ਤੁਸੀਂ ਅੰਦਰੋਂ ਚੰਗਾ ਮਹਿਸੂਸ ਕਰੋਗੇ। ਤੁਹਾਨੂੰ ਆਪਣੇ ਆਪ ‘ਤੇ ਮਾਣ ਹੋਵੇਗਾ ਕਿਉਂਕਿ ਤੁਸੀਂ ਕਿਸੇ ਦੀ ਜਾਨ ਬਚਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੇ ਹੋ। ਖੂਨਦਾਨ ਇੱਕ ਮਹਾਨ ਦਾਨ ਹੈ। ਹੌਲੀ-ਹੌਲੀ ਲੋਕ ਇਸ ਦੀ ਮਹੱਤਤਾ ਨੂੰ ਸਮਝਣ ਲੱਗੇ ਹਨ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ। ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅਜੇ ਵੀ ਖੂਨਦਾਨ ਕਰਨ ਤੋਂ ਡਰਦੇ ਹਨ। ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਸਾਡਾ ਫਰਜ਼ ਹੈ। ਜੇਕਰ ਲੋਕ ਸੇਵਾ ਕਰਨੀ ਹੈ ਤਾਂ ਖੂਨਦਾਨ ਸਭ ਤੋਂ ਉੱਤਮ ਸੇਵਾ ਹੈ।

ਸੰਪਰਕ: 97815-90500

Advertisement
Advertisement