ਸੰਤ ਮਨੀ ਸਿੰਘ ਦੁੱਲੇਵਾਲਾ ਦੀ ਯਾਦ ਵਿੱਚ ਖੂਨਦਾਨ ਕੈਂਪ
ਪੱਤਰ ਪ੍ਰੇਰਕ
ਭਗਤਾ ਭਾਈ, 11 ਜੂਨ
ਸਿੱਖ ਧਰਮ ਦੀ ਮਹਾਨ ਸ਼ਖ਼ਸੀਅਤ ਸੰਤ ਮਨੀ ਸਿੰਘ ਦੀ ਯਾਦ ਵਿੱਚ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ 72ਵੇਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿੱਚ ਖੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ। ਇਸ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਉਪਰੰਤ ਤਿੰਨੇ ਦਿਨ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸਿੱਖ ਇਤਿਹਾਸ ਸੁਣਾਇਆ। ਸਥਾਨਕ ਕਮੇਟੀ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਦੁੱਲੇਵਾਲਾ ਨੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ 50 ਯੂਨਿਟ ਖੂਨ ਇਕੱਤਰ ਕੀਤਾ ਗਿਆ। ਡਾ. ਨਰਿੰਦਰ ਗਰੋਵਰ ਐਮਡੀ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਡਾਕਟਰੀ ਟੀਮ ਅਤੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਕਰਨੈਲ ਸਿੰਘ ਦੁੱਲੇਵਾਲਾ ਤੇ ਬਾਕੀ ਕਮੇਟੀ ਮੈਂਬਰਾਂ ਨੇ ਸਮਾਗਮ ਦੌਰਾਨ ਸਹਿਯੋਗ ਲਈ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ, ਪਿੰਡ ਦੇ ਪਤਵੰਤੇ ਅਤੇ ਸਿਹਤ ਕੇਂਦਰ ਦੁੱਲੇਵਾਲਾ ਦੇ ਟੀਮ ਮੈਂਬਰ ਹਾਜ਼ਰ ਸਨ।