ਭਾਜਪਾ ਦੇ ਖਾਤਿਆਂ ’ਤੇ ਰੋਕ ਲੱਗੇ: ਖੜਗੇ
ਨਵੀਂ ਦਿੱਲੀ/ਬੰਗਲੂਰੂ: ਕਾਂਗਰਸ ਨੇ ਅੱਜ ਇੱਥੇ ਕਿਹਾ ਕਿ ਚੋਣਾ ਬਾਂਡ ਯੋਜਨਾ ਨਾਲ ਜੁੜੇ ਮਾਮਲੇ ਦੀ ਸੁਪਰੀਮ ਕੋਰਟ ਨੂੰ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਸੱਚ ਸਾਹਮਣੇ ਆਉਣ ਤੱਕ ਭਾਜਪਾ ਦੇ ਬੈਂਕ ਖਾਤਿਆਂ ਤੋਂ ਲੈਣ-ਦੇਣ ’ਤੇ ਰੋਕ ਲਗਾਈ ਜਾਵੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਕਹਿੰਦੇ ਹਨ ‘ਨਾ ਖਾਊੁਂਗਾ, ਨਾ ਖਾਣ ਦੇਊਂਗਾ’ ਪਰ ਅੱਜ ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਵੇਂ ਭਾਜਪਾ ਨੇ ਚੋਣ ਬਾਂਡ ਤੋਂ ਪੈਸਾ ਬਣਾਇਆ ਹੈ। ਐੱਸਬੀਆਈ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਨੂੰ ਕੁੱਲ ਚੰਦੇ ਦਾ 50 ਫ਼ੀਸਦੀ ਤੋਂ ਵੱਧ ਮਿਲਿਆ ਜਦਕਿ ਕਾਂਗਰਸ ਨੂੰ ਸਿਰਫ਼ 11 ਫ਼ੀਸਦੀ ਮਿਲਿਆ।’’ ਉਨ੍ਹਾਂ ਕਿਹਾ, ‘‘ਸਾਡਾ ਖਾਤਾ ਬੰਦ ਹੈ, ਉਨ੍ਹਾਂ ਦਾ ਖੁੱਲ੍ਹਾ ਹੈ। ਉਨ੍ਹਾਂ ਨੂੰ ਛੇ ਹਜ਼ਾਰ ਕਰੋੜ ਰੁਪਏ ਮਿਲੇ, ਜਦਕਿ ਦੂਜਿਆਂ ਨੂੰ ਬਹੁਤ ਘੱਟ ਮਿਲਿਆ।’’ ਖੜਗੇ ਨੇ ਸਵਾਲ ਕੀਤਾ, ‘‘ਜੇਕਰ ਵਿਰੋਧੀ ਪਾਰਟੀ ਦਾ ਖਾਤਾ ‘ਫਰੀਜ਼’ ਕਰ ਦਿੱਤਾ ਜਾਵੇ ਤਾਂ ਉਹ ਚੋਣਾਂ ਕਿਵੇਂ ਲੜੇਗੀ? ਬਰਾਬਰ ਮੌਕਾ ਕਿੱਥੇ ਹੈ? ਇਸ ਲਈ ਮੈਂ ਉੱਚ ਪੱਧਰੀ ਜਾਂਚ ਦੀ ਮੰਗ ਕਰਦਾ ਹਾਂ। ਜਦੋਂ ਤੱਕ ਸਚਾਈ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਉਨ੍ਹਾਂ (ਭਾਜਪਾ) ਦੇ ਖਾਤੇ ਵਿੱਚੋਂ ਵੀ ਲੈਣ-ਦੇਣ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ।’’ -ਪੀਟੀਆਈ