ਪੁਲੀਸ ਵੱਲੋਂ ਪੰਜਾਬ-ਹਰਿਆਣਾ ਹੱਦ ’ਤੇ ਨਾਕਾਬੰਦੀ
ਕੇਕੇ ਬਾਂਸਲ
ਰਤੀਆ, 26 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਤੀਆ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾ ਕੇ ਐੱਫਐੱਸਟੀ, ਐੱਸਐੱਸਟੀ ਦੀ ਟੀਮ ਅਤੇ ਪੁਲੀਸ ਵਲੋਂ ਹਰ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਨਾਜਾਇਜ਼ ਪੈਸਾ, ਹਥਿਆਰ ਅਤੇ ਸ਼ਰਾਬ ਕਿਸੇ ਵੀ ਹਾਲਤ ਵਿੱਚ ਇਲਾਕੇ ਵਿੱਚ ਦਾਖਲ ਨਾ ਹੋ ਸਕੇ। ਰਤੀਆ ਵਿਧਾਨ ਸਭਾ ਹਲਕੇ ਦੇ ਏਆਰਓ ਅਤੇ ਤਹਿਸੀਲਦਾਰ ਵਿਜੇ ਕੁਮਾਰ ਨੇ ਹਰਿਆਣਾ-ਪੰਜਾਬ ਸਰਹੱਦ ’ਤੇ ਮਹਿਮੜਾ ਅਤੇ ਹਾਂਸਪੁਰ ਪਿੰਡਾਂ ਵਿੱਚ ਲਗਾਏ ਨਾਕੇ ਦਾ ਨਿਰੀਖਣ ਕੀਤਾ। ਉਨ੍ਹਾਂ ਨਾਕੇ ’ਤੇ ਤਾਇਨਾਤ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵੱਲੋਂ ਚੈੱਕ ਕੀਤੇ ਜਾਣ ਵਾਲੇ ਵਾਹਨਾਂ ਸਬੰਧੀ ਮੁਕੰਮਲ ਵੇਰਵੇ ਇੱਕ ਰਜਿਸਟਰ ਵਿੱਚ ਦਰਜ ਕਰਨ। ਉਨ੍ਹਾਂ ਕਿਹਾ ਕਿ ਵਾਹਨ ਦਾ ਨੰਬਰ, ਵਾਹਨ ਮਾਲਕ ਦਾ ਨਾਂ ਅਤੇ ਹੋਰ ਸਬੰਧਤ ਸਾਰੀ ਜਾਣਕਾਰੀ ਰਜਿਸਟਰ ਵਿੱਚ ਦਰਜ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਟੀਮਾਂ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਆਪਣੀ ਡਿਊਟੀ ਸੰਜੀਦਗੀ ਨਾਲ ਨਿਭਾਉਣ। ਤਹਿਸੀਲਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਕੋਈ ਵਿਅਕਤੀ 50 ਹਜ਼ਾਰ ਰੁਪਏ ਤੱਕ ਦੀ ਰਕਮ ਆਪਣੇ ਨਾਲ ਲੈ ਜਾ ਸਕਦਾ ਹੈ। ਜੇਕਰ ਇਸ ਤੋਂ ਵੱਧ ਨਕਦੀ ਮਿਲਦੀ ਹੈ ਤਾਂ ਇਸ ਨੂੰ ਤੁਰੰਤ ਜ਼ਬਤ ਕਰਨਾ ਯਕੀਨੀ ਬਣਾਇਆ ਜਾਵੇ। ਜੇਕਰ ਪੈਸੇ ਲੈ ਕੇ ਜਾਣਾ ਜ਼ਰੂਰੀ ਹੈ ਤਾਂ ਤੁਹਾਨੂੰ ਨਕਦੀ ਦੀ ਰਕਮ ਦੀ ਬੈਂਕ ਸਟੇਟਮੈਂਟ ਜਾਂ ਇਹ ਜਾਣਕਾਰੀ ਦੇਣੀ ਪਵੇਗੀ ਕਿ ਨਕਦੀ ਕਿੱਥੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਕਢਵਾਉਣ ਲਈ ਕਿਊਆਰ ਕੋਡ ਵਾਲੀ ਰਸੀਦ ਦੇਣੀ ਜ਼ਰੂਰੀ ਹੈ।