ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਵਿਭਾਗੀ ਤਰੱਕੀਆਂ ਦਾ ਰਾਹ ਤਰਕਸੰਗਤ ਬਣਾਉਣ ਦੀ ਮੰਗ
ਪੱਤਰ ਪ੍ਰੇਰਕ
ਸ਼ੇਰਪੁਰ, 1 ਜੁਲਾਈ
ਸੂਬੇ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਲਿਖੇ ਪੱਤਰਾਂ ਰਾਹੀਂ ਵਿਭਾਗੀ ਪਦ-ਉਨਤੀ ਦਾ ਰਾਹ ਤਰਕਸੰਗਤ ਬਣਾਉਣ ਦੀ ਮੰਗ ਕੀਤੀ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਆਫਿਸਰਜ਼ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਈਸਾਪੁਰ ਨੇ ਭੇਜੇ ਪੱਤਰਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਅੱਜ ਇੱਕ-ਇੱਕ ਕਰਕੇ ਸਮੂਹ ਮੁਲਾਜ਼ਮ ਜਥੇਬੰਦੀਆਂ ਦੀਆਂ ਲਟਕਦੀਆਂ ਮੰਗਾਂ ਨੂੰ ਹੱਲ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਬੀਪੀਈਓਜ਼ ਦੀ ਤਰੱਕੀ ਤਰਕਸੰਗਤ ਨਾ ਹੋਣ ਨਾ ਹੋਣਾ ਉਨ੍ਹਾਂ ਦੇ ਕੇਡਰ ਦਾ ਵੱਡਾ ਮੁੱਦਾ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਕਿ ਬੀਪੀਈਓਜ਼ ਦੀ ਤਰੱਕੀ ਮਗਰੋਂ ਉਸਨੂੰ ‘ਹੈੱਡ ਮਾਸਟਰ’ ਬਣਾਉਣ ਦੀ ਮੌਜੂਦਾ ਨੀਤੀ ਉਨ੍ਹਾਂ ਦੇ ਆਹੁਦੇ ਨਾਲ ਇਨਸਾਫ ਨਹੀਂ ਕਿਉਂਕਿ ਬਲਾਕ ਦੀ ਸਭ ਤੋਂ ਵੱਡੀ ਅਸਾਮੀ ਮਗਰੋਂ ਉਨ੍ਹਾਂ ਦੀ ਤਰੱਕੀ ਬਤੌਰ ਪ੍ਰਿੰਸੀਪਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਲਈ ਉਹ ਹੋਰ ਮੰਗਾਂ ਮਸਲਿਆਂ ਨੂੰ ਲੈ ਕੇ ਉਹ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਲਈ ਵੀ ਪਹੁੰਚ ਕਰ ਰਹੇ ਹਨ।