ਭਾਜਪਾ ’ਚ ਰਲੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਦੀ ਦੂਜੇ ਦਿਨ ਹੀ ਘਰ ਵਾਪਸੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਅਪਰੈਲ
ਬਲਾਕ ਯੂਥ ਕਾਂਗਰਸ ਪਾਤੜਾਂ ਦੇ ਪ੍ਰਧਾਨ ਅਮਨਦੀਪ ਸਿੰਘ ਚੌਧਰੀ ਨੇ ਇੱਕ ਦਿਨ ਪਹਿਲਾਂ ਹੀ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਅੱਜ ਦੂਜੇ ਦਿਨ ਮੁੜ ਉਨ੍ਹਾਂ ਕਾਂਗਰਸ ਵਿੱਚ ਵਾਪਸੀ ਕਰ ਲਈ ਹੈ। ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਸਮੇਤ ਹਲਕਾ ਸ਼ੁਤਰਾਣਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਉਨ੍ਹਾਂ ਗੁਮਰਾਹ ਕਰਕੇ ਭਾਰਤੀ ਜਨਤਾ ਪਾਰਟੀ ਵਿੱਚ ਲੈ ਜਾਣ ਦਾ ਜ਼ਿਕਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਦਾ ਵਫਾਦਾਰ ਸਿਪਾਹੀ ਹੈ।
ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਅਮਨਦੀਪ ਸਿੰਘ ਚੌਧਰੀ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਭਾਜਪਾ ਵਿੱਚ ਸ਼ਾਮਿਲ ਹੋਣ ਬਾਰੇ ਸੋਚਿਆ ਨਹੀਂ ਸੀ। ਉਹ ਨਿੱਜੀ ਕੰਮ ਲਈ ਪਰਨੀਤ ਕੌਰ ਕੋਲ ਗਿਆ ਸੀ ਜਿਸ ਦੌਰਾਨ ਉਨ੍ਹਾਂ ਨੂੰ ਗੁਮਰਾਹ ਕਰਕੇ ਭਾਜਪਾ ਵਿੱਚ ਸ਼ਾਮਿਲ ਕਰ ਲਿਆ ਤੇ ਚੰਡੀਗੜ੍ਹ ਤੋਂ ਬਿਆਨ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੱਕਾ ਕਾਂਗਰਸੀ ਹੈ ਉਹ ਪਹਿਲਾਂ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਰਹਿਣ ਦੇ ਨਾਲ-ਨਾਲ ਇਸ ਵਾਰ ਵੀ ਬਲਾਕ ਪ੍ਰਧਾਨ ਚੁਣੇ ਗਏ ਸਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਅਤੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਮਨਦੀਪ ਸਿੰਘ ਚੌਧਰੀ ਉੱਤੇ ਮਾਣ ਹੈ ਕਿਉਂਕਿ ਉਹ ਹਲਕਾ ਸ਼ੁਤਰਾਣਾ ਵਿੱਚ ਕਾਂਗਰਸ ਪਾਰਟੀ ਲਈ ਜੀ ਜਾਨ ਨਾਲ ਕੰਮ ਕਰ ਰਹੇ ਹਨ।
ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਮਤੌਲੀ, ਸਾਬਕਾ ਪ੍ਰਧਾਨ ਦਲੇਰ ਸਿੰਘ ਹਰਿਆਊ, ਮੋਹਰ ਸਿੰਘ ਜਿਉਣਪੁਰਾ, ਨਿਰਮਲ ਸਿੰਘ ਪੰਨੂ ਤੇ ਗੁਰਦਰਸ਼ਨ ਸਿੰਘ ਗਲੌਲੀ ਆਦਿ ਹਾਜ਼ਰ ਸਨ