ਕੁਰੜੀ ਸਕੂਲ ’ਚ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲਾ
ਪੱਤਰ ਪ੍ਰੇਰਕ
ਬਨੂੜ, 28 ਅਕਤੂਬਰ
ਕੌਮੀ ਅਵਿਸ਼ਕਾਰ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਰੜੀ ਵਿੱਚ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲਾ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਆਕ੍ਰਿਤੀ ਦੀ ਅਗਵਾਈ ਹੇਠ ਕਰਵਾਏ ਇਸ ਮੁਕਾਬਲੇ ’ਚ ਬਨੂੜ ਬਲਾਕ ਦੇ 25 ਸਕੂਲਾਂ ਦੇ 200 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਦੀ ਮੁੱਖ ਥੀਮ ਸਾਇੰਸ ਅਤੇ ਤਕਨਾਲੋਜੀ ਦੇ ਮਨੁੱਖਤਾ ਨੂੰ ਲਾਭ ਵਿਸ਼ੇ ਨਾਲ ਸਬੰਧਤ ਸੀ। ਇਸ ਦਾ ਸੰਚਾਲਨ ਪ੍ਰੋਗਰਾਮ ਦੀ ਕੋਆਰਡੀਨੇਟਰ ਨਵਨੀਤ ਕੌਰ ਵੱਲੋਂ ਕੀਤਾ ਗਿਆ। ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੀਗੇਮਾਜਰਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਕਰਾਲਾ ਨੇ ਦੂਜਾ, ਸਰਕਾਰੀ ਹਾਈ ਸਕੂਲ ਛੱਤ ਨੇ ਤੀਜਾ ਸਥਾਨ ਹਾਸਲ ਕੀਤਾ। ਬਿਹਤਰੀਨ ਅਦਾਕਾਰ ਦਾ ਖ਼ਿਤਾਬ ਸਰਕਾਰੀ ਮਿਡਲ ਸਕੂਲ ਕਲੌਲੀ ਦੇ ਲਵਪ੍ਰੀਤ ਸਿੰਘ ਅਤੇ ਬਿਹਤਰੀਨ ਅਦਾਕਾਰਾ ਦਾ ਖ਼ਿਤਾਬ ਗੀਗੇਮਾਜਰਾ ਯੰਸ਼ਿਕਾ ਮੈਨਰੋ ਨੇ ਜਿੱਤਿਆ। ਸਕੂਲ ਆਫ਼ ਐਮੀਨੈਂਸ ਬਨੂੜ ਦੀ ਜਸ਼ਨਦੀਪ ਕੌਰ ਨੇ ਬਿਹਤਰੀਨ ਡਾਇਰੈਕਟਰ, ਸ਼ਵੇਤਾ ਕੁਰੜੀ ਨੇ ਬਿਹਤਰੀਨ ਸਕਰਿਪਟ ਲੇਖਕਾ ਦਾ ਖ਼ਿਤਾਬ ਜਿੱਤਿਆ। ਮੁਕਾਬਲਿਆਂ ਦੀ ਜੱਜਮੈਂਟ ਲੈਕਚਰਾਰ ਮਿਨਾਕਸ਼ੀ ਮਹਾਜਨ ਦਿਆਲਪੁਰਾ, ਮੀਨੂੰ ਸ਼ਰਮਾ ਗੀਗੇਮਾਜਰਾ, ਅਰਵਿੰਦਰ ਕੌਰ ਖਿਜ਼ਰਗੜ੍ਹ ਤੇ ਅਵੀਸ਼ਾ ਸੇਤੀਆ ਕਾਰਕੌਰ ਨਿਭਾਈ। ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।