ਮਿੱਡ-ਡੇਅ ਮੀਲ ਕੁੱਕ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ
ਪੱਤਰ ਪ੍ਰੇਰਕ
ਸਮਰਾਲਾ, 24 ਨਵੰਬਰ
ਮਿੱਡ-ਡੇਅ ਮੀਲ ਕੁੱਕ ਯੂਨੀਅਨ ਬਲਾਕ ਸਮਰਾਲਾ ਦੀ ਮੀਟਿੰਗ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਵਿਖੇ ਬਲਾਕ ਪ੍ਰਧਾਨ ਰਾਣੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ, ਕਮਲਜੀਤ ਕੌਰ ਕਲਿਆਣ ਕਾਰਜਕਾਰੀ ਪ੍ਰਧਾਨ ਪੰਜਾਬ, ਮੁਮਤਾਜ ਬੇਗਮ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ’ਤੇ ਪੁੱਜੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਕਿਹਾ ਕਿ 28 ਅਕਤੂਬਰ ਨੂੰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੁਲਾਕਾਤ ਦੌਰਾਨ ਮਿੱਡ-ਡੇਅ ਮੀਲ ਕੁੱਕ ਯੂਨੀਅਨ ਦੀਆਂ ਛੇ ਮੰਗਾਂ ਮੰਨੀਆਂ ਸਨ, ਜਿਨ੍ਹਾਂ ਵਿੱਚ ਮਿੱਡ-ਡੇਅ ਮੀਲ ਕੁੱਕਾਂ ਦਾ ਛੇ ਲੱਖ ਦਾ ਬੀਮਾ, ਪਤੀ ਲਈ ਦੋ ਲੱਖ ਰੁਪਏ, ਸਧਾਰਨ ਮੌਤ ਹੋਣ ਤੇ ਇੱਕ ਲੱਖ ਦਾ ਬੀਮਾ, 100 ਬੱਚਿਆਂ ਪਿੱਛੇ 2 ਕੁੱਕ ਕੰਮ ਕਰਦੇ ਸੀ, ਹੁਣ ਤਿੰਨ ਕੁੱਕ ਕੰਮ ਕਰਨਗੇ, 100 ਦੀ ਗਿਣਤੀ ਨੂੰ ਰੱਦ ਕਰਕੇ 50 ਦੀ ਗਿਣਤੀ ਲਾਗੂ ਕੀਤੀ ਗਈ, ਕੁੱਕਾਂ ਨੂੰ ਵਰਦੀ ਦੀ ਥਾਂ ’ਤੇ ਐਪਰੇਨ, ਦਸਤਾਨੇ, ਟੋਪੀਆਂ ਆਦਿ ਦਿੱਤੀਆਂ ਜਾਣਗੀਆਂ, 31 ਮਾਰਚ ਤੋਂ ਪਹਿਲਾਂ ਕੁੱਕ ਨਹੀਂ ਹਟਾਏ ਜਾਣਗੇ, ਇਸ ਤੋਂ ਇਲਾਵਾ ਕੁੱਕਾਂ ਨੂੰ ਕੇਨਰਾ ਬੈਂਕ ਵਿੱਚ ਖਾਤਾ ਖੁਲਵਾਉਣ ਨਾਲ 16 ਲੱਖ ਰੁਪਏ ਬੀਮੇ ਦਾ ਲਾਭ ਮਿਲੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਜੇਕਰ 30 ਨਵੰਬਰ ਤੱਕ ਲਾਗੂ ਨਹੀਂ ਕੀਤੀਆਂ ਜਾਂਦੀਆਂ ਤਾਂ, ਮਿੱਡ-ਡੇਅ ਮੀਲ ਕੁੱਕ ਯੂਨੀਅਨ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਿੱਡ- ਡੇ-ਮੀਲ ਕੁੱਕਾਂ ਨੂੰ ਉਨ੍ਹਾਂ ਨੂੰ ਪ੍ਰਾਪਤ ਸਹੂਲਤਾਂ, ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ।