ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸਮਾਪਤ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 23 ਅਕਤੂਬਰ
ਸੰਗਰੂਰ-1 ਬਲਾਕ ਵਿੱਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਦੋ ਰੋਜ਼ਾ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ ਪੁਲੀਸ ਲਾਈਨ ਸੈਂਟਰ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮੁੱਚੀ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਬਲਾਕ ਪ੍ਰਾਇਮਰੀ ਅਫ਼ਸਰ ਗੁਰਮੀਤ ਸਿੰਘ ਈਸਾਪੁਰ ਨੇ ਅਦਾ ਕੀਤੀ।
ਇਸ ਮੌਕੇ ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਇਨ੍ਹਾਂ ਛੋਟੇ ਬੱਚਿਆਂ ਦੀ ਪਨੀਰੀ ਨੂੰ ਸ਼ੁਰੂ ਤੋਂ ਹੀ ਖੇਡਾਂ ਵੱਲ ਲਗਾਇਆ ਜਾਵੇ ਤਾਂ ਸੂਬੇ ਵਿਚੋਂ ਨਾ ਸਿਰਫ ਨਸ਼ੇ ਦੇ ਕਲੰਕ ਨੂੰ ਧੋਇਆ ਜਾ ਸਕਦਾ ਹੈ, ਸਗੋਂ ਇੱਕ ਨਰੋਏ ਸਮਾਜ ਦੀ ਸਿਰਜਣਾ ਵੀ ਕੀਤੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਮੁਕਾਬਲਿਆਂ ਵਿੱਚ ਸਰਕਲ ਕਬੱਡੀ ਲੜਕਿਆਂ ਦੇ ਵਰਗ ਵਿੱਚ ਪੁਲੀਸ ਲਾਈਨ ਸੈਂਟਰ ਨੇ ਕਿਲਾ ਹਕੀਮਾਂ ਸੈਂਟਰ ਨੂੰ, ਨੈਸ਼ਨਲ ਕਬੱਡੀ ਕੁੜੀਆਂ ਦੇ ਵਰਗ ਵਿੱਚ ਕਿਲਾ ਹਕੀਮਾਂ ਨੇ ਪੁਲੀਸ ਲਾਈਨ ਨੂੰ, ਨੈਸ਼ਨਲ ਕਬੱਡੀ ਲੜਕਿਆਂ ਦੇ ਵਰਗ ਵਿੱਚ ਕਿਲਾ ਹਕੀਮਾਂ ਸੈਂਟਰ ਨੇ ਪੁਲੀਸ ਲਾਈਨ ਨੂੰ, ਖੋ-ਖੋ ਕੁੜੀਆਂ ਦੇ ਗਰੁੱਪ ਵਿੱਚ ਭਿੰਡਰਾਂ ਨੇ ਪੁਲੀਸ ਲਾਈਨ ਸੈਂਟਰ ਨੂੰ ਜਦਕਿ ਮੁੰਡਿਆਂ ਦੇ ਗਰੁੱਪ ਵਿੱਚ ਪੁਲੀਸ ਲਾਈਨ ਨੇ ਭਿੰਡਰਾਂ ਨੂੰ ਹਰਾਇਆ। ਪੁਲੀਸ ਲਾਈਨ ਸੈਂਟਰ ਦੇ ਖਿਡਾਰੀਆਂ ਨੇ ਸਮੁੱਚੀ ਟਰਾਫੀ ’ਤੇ ਕਬਜ਼ਾ ਕੀਤਾ, ਜਦਕਿ ਦੂਜਾ ਸਥਾਨ ਕਿਲਾ ਹਕੀਮਾਂ ਸੈਂਟਰ ਨੇ ਹਾਸਲ ਕੀਤਾ। ਜੇਤੂ ਟੀਮਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਮੀਤ ਕੌਰ, ਰਿਪਨ ਬਾਂਸਲ, ਹੰਸ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਕੌਰ, ਨੀਰਜ ਕੁਮਾਰ, ਨਵਦੀਪ ਸਿੰਘ, ਜਸਵੀਰ ਲੱਡਾ, ਸੰਜੀਵ ਸਿੰਘ, ਨਵਲ ਗਰਗ, ਰਮਨਦੀਪ ਗੋਇਲ , ਰਾਖੀ ਗਰਗ, ਹਰਕੀਰਤ ਕੌਰ ਤੇ ਕੁਲਦੀਪ ਕੌਰ ਆਦਿ ਮੌਜੂਦ ਸਨ।