ਵੱਖ ਵੱਖ ਜ਼ਿਲ੍ਹਿਆਂ ’ਚ ਵਿਦਿਆਰਥੀਆਂ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂ
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਖੇਡਾਂ ਦਾ ਰਸਮੀ ਉਦਘਾਟਨ; ਖੇਡ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਬਰਨਾਲਾ/ਟੱਲੇਵਾਲ, 2 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ 3 ਤਹਿਤ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਅੱਜ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵਲੋਂ ਕੀਤਾ ਗਿਆ। ਬਲਾਕ ਬਰਨਾਲਾ ਦੇ ਖੇਡ ਮੁਕਾਬਲੇ 4 ਸਤੰਬਰ ਤੱਕ, ਮਹਿਲ ਕਲਾਂ 5 ਤੋਂ 7 ਸਤੰਬਰ, ਸ਼ਹਿਣਾ 8 ਤੋਂ 10 ਸਤੰਬਰ ਤੱਕ ਚੱਲਣਗੇ। ਇਸ ਮੌਕੇ ਖੋ-ਖੋ ਅੰਡਰ-14 ਲੜਕੇ ਵਿੱਚ ਸਰਕਾਰੀ ਸਕੂਲ ਕਰਮਗੜ੍ਹ ਨੇ ਪਹਿਲਾ, ਪਿੰਡ ਖੁੱਡੀ ਕਲਾਂ ਨੇ ਦੂਜਾ, ਜਦਕਿ ਲੜਕੀਆਂ ਵਿੱਚ ਠੁੱਲ੍ਹੇਵਾਲ ਨੇ ਪਹਿਲਾ ਅਤੇ ਦੂਜੀ ਪੁਜੀਸ਼ਨ ਜੀਜੀਐੱਸ ਬਰਨਾਲਾ ਦੀ ਰਹੀ। ਵਾਲੀਬਾਲ ਵਿੱਚ ਅੰਡਰ-14 ਤੇ 17 (ਲੜਕੀਆਂ) ਵਿੱਚ ਪਹਿਲਾ ਅਤੇ ਦੂਜਾ ਸਥਾਨ ਕ੍ਰਮਵਾਰ ਬਡਬਰ ਸਕੂਲ ਅਤੇ ਅਸਪਾਲ ਕਲਾਂ ਸਕੂਲ ਦਾ ਰਿਹਾ, ਜਦਕਿ ਅੰਡਰ 21 ਲੜਕੀਆਂ ਵਿੱਚ ਬਡਬਰ ਪਹਿਲੇ ਅਤੇ ਪੱਖੋ ਕਲਾਂ ਸਕੂਲ ਦੂਜੇ ਨੰਬਰ ’ਤੇ ਰਿਹਾ। ਕਬੱਡੀ ਨੈਸ਼ਨਲ ਸਟਾਇਲ ਅੰਡਰ-14 ਤੇ 17 ਵਿੱਚ ਠੀਕਰੀਵਾਲਾ ਸਕੂਲ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ। ਅਥਲੈਟਿਕਸ ਵਿੱਚ ਅੰਡਰ-17 ਲੜਕੇ 3000 ਮੀ. ਦੌੜ ਮੁਕਾਬਲੇ ਵਿੱਚ ਮਨਦੀਪ ਸਿੰਘ, ਅੰਡਰ-14 ਲੜਕੇ ਸ਼ਾਟ ਪੁੱਟ ਈਵੈਂਟ ਵਿੱਚ ਬਲਕਰਨ ਸਿੰਘ, ਅੰਡਰ-14 ਲੜਕੀਆਂ ਸ਼ਾਟ ਪੁੱਟ ਵਿੱਚ ਦਿਲਰੀਤ ਕੌਰ, ਅੰਡਰ-21 ਲੜਕੀਆਂ 5000 ਮੀਟਰ ਦੌੜ ਵਿੱਚ ਮਨਦੀਪ ਕੌਰ, 21-30 ਸਾਲ (ਪੁਰਸ਼) 10,000 ਮੀ. ਵਿੱਚ ਸੁਖਜਿੰਦਰ ਸਿੰਘ, ਅੰਡਰ 21 ਲੜਕੇ 5000 ਮੀ. ਵਿੱਚ ਬਲਵਿੰਦਰ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਬਲਾਕ ਗਿੱਦੜਬਾਹਾ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਨੇ ਦੱਸਿਆ ਕਿ ਬਲਾਕ ਗਿੱਦੜਬਾਹਾ ਵਿਖੇ ਪਹਿਲੇ ਦਿਨ ਅੰ-14, ਅੰ-17 ਅਤੇ ਅੰ-21 ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਇਸ ਦੌਰਾਨ ਉੱਪ ਮੰਡਲ ਮੈਜਿਸਟ੍ਰੇਟ ਗਿੱਦੜਬਾਹਾ ਜਸਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਕਮਲਦੀਪ ਸਿੰਘ ਅਤੇ ਅਬੇ ਢਿੱਲੋਂ, ਯੂਥ ਆਗੂ, ਆਮ ਆਦਮੀ ਪਾਰਟੀ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਇਥੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ।
ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਮਾਨਸਾ ਅਤੇ ਭੀਖੀ ਬਲਾਕ ਵਿੱਚ ਅੰਡਰ-14 ਉਮਰ ਵਰਗ ਮੁੰਡੇ-ਕੁੜੀਆਂ ਦੇ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਨੈਸ਼ਨਲ ਮੁੰਡੇ ’ਚ ਮਾਨਸਾ ਪਹਿਲੇ ਅਤੇ ਮਾਨਬੀਬੜੀਆਂ ਦੂਜੇ ਸਥਾਨ ’ਤੇ ਰਹੇ ਅਤੇ ਕਬੱਡੀ ਨੈਸ਼ਨਲ ਲੜਕੀਆਂ ਖੋਖਰ ਪਹਿਲੇ ਅਤੇ ਖਿਆਲਾ ਕਲਾਂ ਦੂਜੇ ਸਥਾਨ ’ਤੇ ਰਹੇ। ਕਬੱਡੀ ਸਰਕਲ ਮੁੰਡੇ ਵਿੱਚ ਪਿੰਡ ਚੁਕੇਰੀਆਂ ਪਹਿਲੇ ਅਤੇ ਦੂਜੇ ਸਥਾਨ ’ਤੇ ਅਤੇ ਮਾਨਸਾ ਕੈਂਬਰਿਜ ਸਕੂਲ ਦੂਜੇ ਸਥਾਨ ’ਤੇ ਰਿਹਾ। ਵਾਲੀਬਾਲ ਕੁੜੀਆਂ ਵਿੱਚ ਰੈਨੇਸੈਂਸ ਸਕੂਲ ਪਹਿਲੇ ਅਤੇ ਬੁਰਜ ਹਰੀ ਦੂਜੇ ਸਥਾਨ ’ਤੇ ਰਿਹਾ।
600 ਮੀਟਰ ਰੇਸ ਕੁੜੀਆਂ ਵਿੱਚ ਸਿਮਰਨ ਕੌਰ ਪਹਿਲੇ ਅਤੇ ਜਸ਼ਨਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀ। 600 ਮੀਟਰ ਮੁੰਡੇ ਵਿੱਚ ਗੁਰਮਨ ਸਿੰਘ ਅਤੇ ਰੌਬਿਨਪ੍ਰੀਤ ਸਿੰਘ ਦੂਜੇ ਸਥਾਨ ’ਤੇ ਰਹੇ।
ਟੇਬਲ ਟੈਨਿਸ: ਸਿੰਘੇਵਾਲਾ ਸਕੂਲ ਦੀਆਂ ਲੜਕੀਆਂ ਨੇ ਸੋਨ ਤਗ਼ਮਾ ਜਿੱਤਿਆ
ਲੰਬੀ (ਪੱਤਰ ਪ੍ਰੇਰਕ): ਪੰਜਾਬ ਸਕੂਲ ਖੇਡਾਂ ਵਿੱਚ ਆਕਸਫੋਰਡ ਸਕੂਲ, ਢਾਣੀ ਸਿੰਘੇਵਾਲਾ ਨੇ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲੇ ਵਿੱਚ ਲੜਕੀਆਂ ਦੇ ਅੰਡਰ-14 ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਸਕੂਲ ਪ੍ਰਿੰਸੀਪਲ ਗੁਰਜੋਤ ਸਿੰਘ ਰੰਧਾਵਾ ਨੇ ਦੱਸਿਆ ਕਿ ਮਲੋਟ ਵਿੱਚ ਮੁਕਾਬਲੇ ਦੌਰਾਨ ਆਕਸਫੋਰਡ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਮਨਸੀਰਤ ਕੌਰ (ਅੱਠਵੀਂ), ਤਨਿਸ਼ਕਾ ਸਿੰਗਲਾ (ਅੱਠਵੀਂ), ਭਾਵਿਕਾ ਬਾਂਸਲ (ਸੱਤਵੀਂ) ਅਤੇ ਗੁਰਵੀਰ ਕੌਰ (ਸੱਤਵੀਂ) ਨੇ ਸ਼ਾਨਦਾਰ ਪ੍ਰਦਰਸ਼ਨ ਜ਼ਰੀਏ ਸੋਨ ਤਗ਼ਮਾ ਜਿੱਤਿਆ। ਹੁਣ ਉਹ ਰਾਜ ਪੱਧਰ ’ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਦੀ ਨੁਮਾਇੰਦਗੀ ਕਰਨਗੇ।
ਧਨੌਲਾ ਸਕੂਲ ਦੀ ਹੈਂਡਬਾਲ ਟੀਮ ਅੱਵਲ
ਬਰਨਾਲਾ/ਧਨੌਲਾ (ਨਿੱਜੀ ਪੱਤਰ ਪ੍ਰੇਰਕ): 68ਵੀ ਪੰਜਾਬ ਰਾਜ ਸਕੂਲ ਖੇਡਾਂ ’ਚ ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਨੇ ਹੈਂਡਬਾਲ ਟੀਮ 17 ਸਾਲ ਲੜਕੀਆਂ ਨੇ ਜ਼ਿਲ੍ਹੇ ’ਚ ਬਾਬਾ ਸੰਦਰ ਸਿੰਘ ਕੈਨੇਡੀਅਨ ਐਕਡਮੀ ਟੱਲੇਵਾਲ ਨੂੰ 7-1 ਗੋਲ ਤੇ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਮਨਪ੍ਰੀਤ ਕੌਰ, ਜਸ਼ਨਦੀਪ ਕੌਰ, ਇਸ਼ਮੀਤ ਕੌਰ, ਪਰਮਵੀਰ ਕੌਰ, ਮਹਿਕਪ੍ਰੀਤ ਕੌਰ, ਪਲਕਪ੍ਰੀਤ ਕੌਰ, ਖੁਸ਼ਪ੍ਰੀਤ ਕੌਰ ਨੇ ਸਾਨਦਾਰ ਖੇਡ ਪ੍ਰਦਸ਼ਨ ਕੀਤਾ। ਇਕੱਲੀ ਅਮਨਦੀਪ ਕੌਰ ਨੇ ਅੱਧੇ ਸਮੇਂ ਤੱਕ ਤਿੰਨ ਗੋਲ ਕੀਤੇ। ਸਕੂਲ ਦੇ ਬੁਲਾਰੇ ਅਵਤਾਰ ਸਿੰਘ ਗੋਗੀ ਭੱਠਲ ਨੇ ਦੱਸਿਆ ਕਿ ਹੈਂਡਬਾਲ ਦੀ ਟੀਮ 19 ਸਾਲ ਲੜਕੀਆਂ ਨੇ ਜ਼ਿਲ੍ਹੇ ਵਿੱਚੋਂ ਬਾਬਾ ਸੰਦਰ ਸਿੰਘ ਕੈਨੇਡੀਅਨ ਐਕਡਮੀ ਟੱਲੇਵਾਲ ਬਰਨਾਲਾ ਨੂੰ 4-3 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਦੀ ਟੀਮ 17 ਸਾਲ ਲੜਕਿਆਂ ਨੇ ਜ਼ਿਲ੍ਹੇ ’ਚ ਗੋਰਮਿੰਟ ਹਾਈ ਸਕੂਲ ਜੰਗੀਆਣਾ ਨੂੰ 16-8 ਨਾਲ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਦੀ ਟੀਮ 19 ਸਾਲ ਲੜਕਿਆਂ ਨੇ ਜ਼ਿਲ੍ਹੇ ’ਚ ਸੇਂਟ ਜੋਸਫ ਸਕੂਲ ਬਰਨਾਲਾ ਨੂੰ 16-3 ਨਾਲ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਡੀਪੀਆਈ ਅਵਤਾਰ ਸਿੰਘ ਅਤੇ ਡੀਪੀਆਈ ਸੰਦੀਪ ਕੌਰ ਵੱਲੋਂ ਆਪਣੀ ਰਹਿਨੁਮਈ ਹੇਠ ਖੇਡਾਂ ਦੀ ਤਿਆਰੀ ਕਰਵਾਈ ਗਈ ਸੀ। ਸਕੂਲ ਦੇ ਚੇਅਰਮੈਨ ਬਿਕਰਮਜੀਤ ਸਿੰਘ ਵਾਲੀਆ ਤੇ ਪ੍ਰਿੰਸੀਪਲ ਵਰੁਣਦੀਪ ਕੌਰ ਵਾਲੀਆ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਸਖਤ ਮਿਹਨਤ ਲਈ ਪ੍ਰੇਰਿਆ।
ਕਰਾਟੇ ਚੈਂਪੀਅਨਸ਼ਿਪ: ਕਾਹਨਗੜ੍ਹ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਬਰੇਟਾ (ਪੱਤਰ ਪ੍ਰੇਰਕ): ਕਾਠਮੰਡੂ ਵਿੱਚ ਪਿਛਲੇ ਦਿਨੀਂ ਹੋਈ ਸਾਊਥ ਏਸ਼ੀਅਨ ਓਪਨ ਅੰਤਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਸਕੂਲ ਦੇ ਨੌਵੀਂ ਦੇ ਵਿਦਿਆਰਥੀ ਪ੍ਰਗਟ ਸਿੰਘ ਨੇ ਚਾਂਦੀ ਤੇ ਗਿਆਰਵੀਂ ਦੇ ਵਿਦਿਆਰਥੀ ਅਰਸ਼ਪ੍ਰੀਤ ਕਾਂਸੀ ਦਾ ਤਗ਼ਮਾ ਜਿੱਤਿਆ। ਪ੍ਰਿੰਸੀਪਲ ਭਾਰਤ ਦੀਪ ਗਰਗ, ਸਕੂਲ ਚੇਅਰਮੈਨ ਰਾਮਪਾਲ ਸੇਖੋਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਡੀਏਵੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਮਾਨਸਾ (ਪੱਤਰ ਪ੍ਰੇਰਕ): 68ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਡੀਏਵੀ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਾਨਸਾ ਦੇ ਵੱਖ-ਵੱਖ ਸਕੂਲਾਂ ਵਿੱਚ ਕਰਵਾਈਆਂ ਖੇਡਾਂ ’ਚ 10 ਜ਼ੋਨਾਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਲੜਕਿਆਂ ਦੇ ਮੁਕਾਬਲਿਆਂ ਦੌਰਾਨ ਬੈਡਮਿੰਟਨ ਅੰਡਰ-14 ’ਚ ਵੈਭਵ ਗੋਇਲ ਅਤੇ ਅੰਡਰ-19 ’ਚ ਨਮਨ ਜਿੰਦਲ, ਟੇਬਲ ਟੈਨਿਸ ਅੰਡਰ-19 ’ਚ ਹਰਸ਼ਿਤ ਗੋਇਲ, ਅੰਡਰ-19 ’ਚ ਗੁਰਕੰਵਰ ਸਿੰਘ ਅਤੇ ਸ਼ੂਟਿੰਗ ’ਚ ਗੁਰਕੰਵਰ ਸਿੰਘ ਮੋਹਰੀ ਪੁਜੀਸ਼ਨ ਹਾਸਲ ਕੀਤੀਆਂ। ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਮੁਕਾਬਲਿਆਂ ’ਚ ਅੰਡਰ-19 (ਟੇਬਲ ਟੈਨਿਸ) ’ਚ ਜਾਨਵੀ, ਅੰਡਰ-17 ’ਚ ਦੀਕਸ਼ਾ ਅਤੇ ਯੋਗ ਅੰਡਰ-19 (ਮੁੰਡੇ) ’ਚ ਅਨੁਰਾਗ ਅਤੇ ਅਰੁਣ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਵਿੱਦਿਆ ਭਾਰਤੀ ਉੱਤਰੀ ਖੇਤਰ ਦੀਆਂ ਤਿੰਨ ਰੋਜ਼ਾ ਖੇਡਾਂ ਸਮਾਪਤ
ਭੀਖੀ (ਪੱਤਰ ਪ੍ਰੇਰਕ): ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿੱਚ 35ਵੀਆਂ ਵਿੱਦਿਆ ਭਾਰਤੀ ਉੱਤਰੀ ਖੇਤਰ ਪੱਧਰ ਦੀਆਂ ਤਿੰਨ ਰੋਜ਼ਾ ਖੇਡਾਂ ਸਮਾਪਤ ਹੋ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਡੀਐੱਸਪੀ ਸਰਦੂਲਗੜ੍ਹ ਅਤੇ ਉੱਤਰੀ ਖੇਤਰ ਦੇ ਮੁੱਖ ਪ੍ਰਬੰਧਕ ਦੇਸ ਰਾਜ, ਪੰਜਾਬ ਸੂਬੇ ਤੋਂ ਡਾ. ਨਵਦੀਪ ਸ਼ੇਖਰ ਪਹੁੰਚੇ। ਉੱਤਰੀ ਖੇਤਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਜੂਡੋ, ਕੁਸ਼ਤੀ, ਕੁਰਾਸ਼ ਅਤੇ ਤਾਇਕਵਾਂਡੋ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 500 ਖਿਡਾਰੀਆਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਆ।