For the best experience, open
https://m.punjabitribuneonline.com
on your mobile browser.
Advertisement

ਵੋਟਾਂ ਬਣਾਉਣ ਦੇ ਨਾਲ ਪੰਚਾਇਤੀ ਚੋਣਾਂ ’ਚ ਡਿਊਟੀ ਲੱਗਣ ਤੋਂ ਬੀਐੱਲਓ ਔਖੇ

06:42 AM Oct 07, 2024 IST
ਵੋਟਾਂ ਬਣਾਉਣ ਦੇ ਨਾਲ ਪੰਚਾਇਤੀ ਚੋਣਾਂ ’ਚ ਡਿਊਟੀ ਲੱਗਣ ਤੋਂ ਬੀਐੱਲਓ ਔਖੇ
ਜਗਰਾਉਂ ਵਿੱਚ ਚੋਣ ਡਿਊਟੀ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਬੀਐੱਲਓ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਅਕਤੂਬਰ
ਲਗਾਤਾਰ ਵੋਟਾਂ ਦੀ ਸੁਧਾਈ ਵਿੱ ਲੱਗੇ ਅਤੇ ਹੁਣ ਵੀ ਸ਼੍ਰੋਮਣੀ ਕਮੇਟੀ ਵੋਟਾਂ ਬਣਾਉਣ ’ਚ ਰੁੱਝੇ ਬੂਥ ਲੈਵਲ ਅਫ਼ਸਰਾਂ ਦੀ ਪੰਚਾਇਤੀ ਚੋਣਾਂ ਵਿੱਚ ਵੀ ਡਿਊਟੀ ਲਾ ਦਿੱਤੀ ਗਈ ਹੈ। ਇਸ ਫ਼ੈਸਲੇ ਖ਼ਿਲਾਫ਼ ਜਗਰਾਉਂ ਬਲਾਕ ਦੇ ਬੀਐੱਲਓ ’ਚ ਰੋਸ ਹੈ। ਅੱਜ ਸਥਾਨਕ ਡੀਏਵੀ ਕਾਲਜ ਵਿੱਚ ਪੰਚਾਇਤੀ ਚੋਣਾਂ ਦੀ ਪਹਿਲੀ ਰਿਹਰਸਲ ਮੌਕੇ ਬੀਐੱਲਓ ਨੇ ਵਿਰੋਧ ਪ੍ਰਦਰਸ਼ਨ ਰਾਹੀਂ ਆਪਣਾ ਰੋਸ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਬੀਐੱਲਓਜ਼ ਦੀ ਵੋਟਾਂ ਪਵਾਉਣ ਦੀ ਪ੍ਰਕਿਰਿਆ ਵਿੱਚ ਡਿਊਟੀ ਲੱਗੀ ਹੈ ਜਦਕਿ ਉਨ੍ਹਾਂ ਦੀ ਡਿਊਟੀ ਵੋਟਾਂ ਦੀ ਸੁਧਾਈ ’ਚ ਪਹਿਲਾਂ ਹੀ ਲੱਗੀ ਹੋਈ ਹੈ। ਇਸੇ ਤਰ੍ਹਾਂ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਦੀ ਵੀ ਪੰਚਾਇਤੀ ਚੋਣਾਂ ’ਚ ਡਿਊਟੀ ਲਾਈ ਹੈ। ਗੈਸਟ ਫੈਕਲਟੀ ਅਧਿਆਪਕ ਯੂਨੀਅਨ ਨਾਲ ਜੁੜੇ ਆਗੂਆਂ ਨੇ ਅੱਜ ਇਥੇ ਰਿਹਰਸਲ ਮੌਕੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਕ ਪੱਤਰ ਸੌਂਪਿਆ। ਇਸ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਦੀ ਚੋਣ ਡਿਊਟੀ ਨਾ ਲੱਗਣ ਦਾ ਜ਼ਿਕਰ ਕਰਦਿਆਂ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਵੀ ਲਾਈ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਹਲਕੇ ਦੇ 198 ਬੀਐੱਲਓਜ਼ ਨੇ ਸਬ ਡਵੀਜ਼ਨਲ ਮੈਜਿਸਟਰੇਟ ਨੂੰ ਮੰਗ ਪੱਤਰ ਵੀ ਦਿੱਤਾ। ਪਰਮਿੰਦਰ ਸਿੰਘ, ਜਸਪਾਲ ਸਿੰਘ, ਇੰਦਰਪ੍ਰੀਤ ਸਿੰਘ, ਅਤੇ ਤਰਸੇਮ ਸਿੰਘ ਦੇ ਦਸਤਖ਼ਤ ਵਾਲੇ ਮੰਗ ਪੱਤਰ ਵਿੱਚ ਵੀ ਬੀਐੱਲਓਜ਼ ਦੀ ਲੋਕ ਸਭਾ ਚੋਣਾਂ ਤੋਂ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਤੱਕ ਲਗਾਤਾਰ ਚੱਲੀ ਆ ਰਹੀ ਡਿਊਟੀ ਦਾ ਵੇਰਵਾ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਹੁਣ ਵੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਰਕੇ 31 ਅਕਤੂਬਰ ਤੱਕ ਵੋਟਾਂ ਬਣਾਉਣ ਤੇ ਕੱਟਣ ਦੀ ਡਿਊਟੀ ਲੱਗੀ ਹੋਈ ਹੈ। ਇਸ ਲਈ ਬਾਕਾਇਦਾ ਸਕੂਲਾਂ ਤੋਂ ਹਫ਼ਤੇ ਵਿੱਚ ਤਿੰਨ ਦਿਨ ਲਈ ਫਾਰਗ ਵੀ ਕੀਤਾ ਹੋਇਆ ਹੈ। ਇਸ ਦੇ ਮੱਦੇਨਜ਼ਰ ਪੰਚਾਇਤੀ ਚੋਣਾਂ ਦੀਆਂ ਵੋਟਾਂ ਪਵਾਉਣ ’ਚ ਡਿਊਟੀ ਤੋਂ ਛੋਟ ਮੰਗੀ ਗਈ ਹੈ। ਬੀਐੱਲਓਜ਼ ਨੇ ਕਿਹਾ ਕਿ ਉਹ ਇਕ ਦਿਨ ਦੀ ਡਿਊਟੀ ਤੋਂ ਨਹੀਂ ਭੱਜਦੇ ਪਰ ਇਹ ਡਿਊਟੀ ਇਕ ਪਾਸੇ ਲਈ ਜਾਵੇ। ਉਨ੍ਹਾਂ ਤੋਂ ਜਾਂ ਵੋਟਾਂ ਦੀ ਸੁਧਾਈ ਦਾ ਕੰਮ ਲਿਆ ਜਾਵੇ ਜਾਂ ਫੇਰ ਵੋਟਾਂ ਪਵਾਉਣ ਵਿੱਚ ਡਿਊਟੀ ਲਾਈ ਜਾਵੇ। ਰਿਹਰਸਲ ਵਿੱਚ ਸੱਦੇ ਜਾਣ ’ਤੇ ਇਨ੍ਹਾਂ ਬੀਐੱਲਓਜ਼ ਨੇ ਰੋਸ ਪ੍ਰਗਟਾਇਆ। ਉਨ੍ਹਾਂ ਨੂੰ ਰਜਿਸਟਰ ’ਤੇ ਹਾਜ਼ਰੀ ਲਈ ਕਿਹਾ ਗਿਆ ਪਰ ਇਹ ਹਾਜ਼ਰੀ ਇਕ ਵੱਖਰੇ ਸਫ਼ੇ ’ਤੇ ਲਾ ਕੇ ਦਿੱਤੀ ਗਈ ਹੈ। ਇਸੇ ਤਰ੍ਹਾਂ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਵੀ ਰਿਹਰਸਲ ’ਚ ਸੱਦ ਕੇ ਹਾਜ਼ਰੀ ਦੇਣ ਲਈ ਕਿਹਾ ਗਿਆ। ਯੂਨੀਅਨ ਨੇ ਸੂਬਾ ਪੱਧਰ ’ਤੇ ਇਸ ਦਾ ਵਿਰੋਧ ਕੀਤਾ ਹੈ।

Advertisement

ਜਗਰਾਉਂ: ਸਰਪੰਚੀ ਦੇ ਅੱਠ ਉਮੀਦਵਾਰਾਂ ਦੇ ਕਾਗਜ਼ ਰੱਦ

ਪੰਚਾਇਤੀ ਚੋਣਾਂ ਵਿੱਚ ਜਗਰਾਉਂ ਹਲਕੇ ਤੋਂ ਸਰਪੰਚ ਲਈ ਖੜ੍ਹੇ 375 ਉਮੀਦਵਾਰਾਂ ‘ਚੋਂ 8 ਦੇ ਕਾਗਜ਼ ਰੱਦ ਹੋ ਗਏ ਹਨ ਜਦਕਿ ਪੰਚ ਲਈ ਖੜ੍ਹੇ ਕੁੱਲ 1521 ਉਮੀਦਵਾਰਾਂ ’ਚੋਂ 33 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਵੇਰਵਿਆਂ ਮੁਤਾਬਕ ਹਲਕੇ ਦੇ ਕੁੱਲ 81 ਪਿੰਡਾਂ ਲਈ ਸਰਪੰਚ ਦੀ ਚੋਣ ਵਾਸਤੇ 375 ਉਮੀਦਵਾਰਾਂ ਨੇ ਕਾਗਜ਼ ਭਰੇ ਸਨ। ਇਸੇ ਤਰ੍ਹਾਂ ਪੰਚ ਲਈ 1521 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ। ਹੁਣ ਭਲਕੇ ਕਾਗਜ਼ ਵਾਪਸ ਲੈਣ ਤੋਂ ਬਾਅਦ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ। ਉਂਝ ਕੁਝ ਪਿੰਡਾਂ ਵਿੱਚ ਕਾਗਜ਼ ਰੱਦ ਹੋਣ ਦੀ ਸੂਚਨਾ ਮਿਲਣ ’ਤੇ ਰੌਲਾ ਵੀ ਪੈ ਗਿਆ। ਪਿੰਡ ਅਮਰਗੜ੍ਹ ਕਲੇਰ ਵਿੱਚ ਹੋਈ ਇਕੱਤਰਤਾ ਦੌਰਾਨ ਹਾਕਮ ਧਿਰ ਤੇ ਹਲਕਾ ਵਿਧਾਇਕਾ ਖ਼ਿਲਾਫ਼ ਨਾਅਰੇਬਾਜ਼ੀ ਵੀ ਹੋਈ। ਇਥੇ ਬੀਤੇ ਦਿਨ ਸਰਪੰਚ ਦੇ ਇਕ ਉਮੀਦਵਾਰ ’ਤੇ ਕਥਿਤ ਹਮਲਾ ਹੋਇਆ ਸੀ ਜਿਸ ’ਚ ਉਹ ਜ਼ਖ਼ਮੀ ਹੋ ਗਿਆ ਸੀ। ਸਰਪੰਚ ਦੇ ਦੂਜੇ ਉਮੀਦਵਾਰ ਨੇ ਅੱਜ ਇਕੱਠ ਵਿੱਚ ਹਮਲੇ ਦੀ ਕਹਾਣੀ ਨੂੰ ਝੂਠਾ ਦੱਸਿਆ। ਭਾਵੇਂ ਅਧਿਕਾਰਤ ਤੌਰ ’ਤੇ ਚੋਣ ਲੜਨ ਦੇ ਚਾਹਵਾਨਾਂ ਨੂੰ ਕਾਗਜ਼ ਰੱਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਸੂਤਰਾਂ ਨੇ ਸਰਪੰਚ ਲਈ ਅੱਠ ਅਤੇ ਪੰਚ ਲਈ 33 ਨਾਮਜ਼ਦਗੀ ਕਾਗਜ਼ ਰੱਦ ਹੋਣ ਦੀ ਜਾਣਕਾਰੀ ਦਿੱਤੀ ਹੈ। ਕੁਝ ਪਿੰਡਾਂ ਵਿੱਚ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ ਪਰ ਭਲਕੇ ਕਾਗਜ਼ ਵਾਪਸ ਲੈਣ ਤੋਂ ਬਾਅਦ ਪਤਾ ਲੱਗੇਗਾ ਕਿ ਸਰਬਸੰਮਤੀ ਵਾਲੇ ਪਿੰਡ ’ਚ ਕਿਸੇ ਦੂਜੇ ਨੇ ਕਾਗਜ਼ ਭਰੇ ਹਨ ਜਾਂ ਨਹੀਂ। ਵੇਰਵਿਆਂ ਮੁਤਾਬਕ ਪਿੰਡ ਚਕਰ ਵਿੱ ਇਕ ਸਰਪੰਚ ਦੇ ਅਤੇ ਇਕ ਪੰਚ ਦੇ ਕਾਗਜ਼ ਰੱਦ ਹੋਏ ਹਨ। ਇਸੇ ਤਰ੍ਹਾਂ ਅਮਰਗੜ੍ਹ ਕਲੇਰ, ਸਿੱਧਵਾਂ ਕਲਾਂ ਤੇ ਰਸੂਲਪੁਰ ਮੱਲ੍ਹਾ ’ਚ ਇਕ-ਇਕ ਪੰਚ ਦੇ ਕਾਗਜ਼ ਰੱਦ ਹੋਏ ਹਨ। ਪਿੰਡ ਡਾਂਗੀਆਂ ਵਿੱਚ ਸਰਪੰਚ ਦੇ ਤਿੰਨ ਉਮੀਦਵਾਰਾਂ ਦੇ ਜਦਕਿ ਦੋ ਪੰਚ ਵਾਸਤੇ ਭਰੇ ਕਾਗਜ਼ ਰੱਦ ਹੋ ਗਏ ਹਨ। ਪਿੰਡ ਮੱਲ੍ਹਾ ਵਿੱਚ ਦੋ ਸਰਪੰਚ ਤੇ ਦੋ ਹੀ ਪੰਚ, ਕਾਉਂਕੇ ਕਲਾਂ ’ਚ ਵੀ ਦੋ ਸਰਪੰਚ ਜਦਕਿ ਛੇ ਪੰਚ ਲਈ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਬੇਟ ਇਲਾਕੇ ਦੇ ਪਿੰਡ ਕੰਨੀਆ ਖੁਰਦ ਵਿੱਚ ਇਕ ਪੰਚ ਦੇ, ਪਰਜੀਆਂ ਕਲਾਂ ’ਚ ਦੋ ਪੰਚਾਂ ਦੇ, ਫਤਿਹਗੜ੍ਹ ਸਿਵੀਆਂ ’ਚ ਇਕ ਪੰਚ ਦੇ, ਪਿੰਡ ਲੀਲਾਂ ਮੇਘ ਸਿੰਘ ਦੇ ਇਕ ਪੰਚ ਜਦਕਿ ਲੀਲਾਂ ਪੱਛਮੀ ਵਿੱਚ ਤਿੰਨ ਪੰਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ। ਕੋਠੇ ਫਤਿਹਦੀਨ ਦੇ ਇਕ ਸਰਪੰਚ ਦੇ ਜਦਕਿ ਗਾਲਿਬ ਖੁਰਦ, ਕਾਉਂਕੇ ਖੋਸਾ, ਨਾਨਕ ਨਗਰੀ, ਕੋਠੇ ਬੱਗੂ, ਅਗਵਾੜ ਖੁਆਜਾ ਬਾਜੂ, ਮੰਡ ਤਿਹਾੜਾ, ਮਲਕ ਪੱਤੀ, ਤਰਫ ਕੋਟਲੀ, ਕੋਠੇ ਖੰਜੂਰਾਂ ‘ਚ ਪੰਚ ਲਈ ਖੜ੍ਹੇ ਇਕ-ਇਕ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਪਿੰਡ ਮਨੱਵਰਪੁਰਾ ’ਚ ਦੋ ਪੰਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਹਲਕੇ ਦੇ 81 ਪਿੰਡਾਂ ਵਿੱਚੋਂ 23 ਜਨਰਲ, 18 ਐਸਸੀ ਔਰਤ, 22 ਔਰਤ ਅਤੇ 18 ਐੱਸਸੀ ਮਰਦ ਲਈ ਰਾਖਵੇਂ ਹਨ। ਇਨ੍ਹਾਂ ਕੁੱਲ ਪਿੰਡਾਂ ਵਿੱਚ ਇਕ ਲੱਖ 82 ਹਜ਼ਾਰ 699 ਵੋਟਾਂ ਹਨ।

Advertisement

ਮਾਛੀਵਾੜਾ: ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਮੁਕੰਮਲ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਬਲਾਕ ਮਾਛੀਵਾੜਾ ਦੇ 116 ਪਿੰਡਾਂ ਦੀਆਂ ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ। ਚੋਣ ਅਧਿਕਾਰੀ ਅਨੁਸਾਰ 5 ਸਰਪੰਚ ਅਤੇ 25 ਪੰਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਤਰੁਟੀਆਂ ਕਾਰਨ ਰੱਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਸਰਪੰਚ ਦੇ ਉਮੀਦਵਾਰ ਲਈ ਸਤਨਾਮ ਸਿੰਘ ਪਿੰਡ ਗੜ੍ਹੀ ਤਰਖਾਣਾ, ਰੁਪਾਂਜਲੀ ਪਿੰਡ ਸਿਹਾਲਾ, ਹਰਬੰਸ ਸਿੰਘ ਤੇ ਤਰਸੇਮ ਸਿੰਘ ਪਿੰਡ ਜੱਸੋਵਾਲ ਅਤੇ ਸੰਦੀਪ ਕੌਰ ਪਿੰਡ ਰੂੜੇਵਾਲ ਦੇ ਕਾਗਜ਼ ਰੱਦ ਹੋਏ ਹਨ। ਪੰਚਾਇਤ ਮੈਂਬਰ ਦੇ ਉਮੀਦਵਾਰ ਗੁਰਜੀਤ ਸਿੰਘ, ਰਣਜੀਤ ਸਿੰਘ, ਗਿਆਨ ਸਿੰਘ ਤੇ ਪਰਮਜੀਤ ਕੌਰ (ਸਾਰੇ ਪਿੰਡ ਸਹਿਜੋ ਮਾਜਰਾ), ਜੋਗਿੰਦਰ ਕੌਰ ਲੱਖੋਵਾਲ ਕਲਾਂ, ਨੀਲਮ ਰਾਣੀ, ਕੁਲਦੀਪ ਕੌਰ, ਪਰਵਿੰਦਰ ਕੌਰ, ਬਲਜਿੰਦਰ ਕੌਰ, ਸੁਖਵਿੰਦਰ ਕੌਰ (ਸਾਰੇ ਪਿੰਡ ਰਤੀਪੁਰ), ਕਮਲੇਸ਼ ਰਾਣੀ ਪਿੰਡ ਉਧੋਵਾਲ ਕਲਾਂ, ਗੁਰਮੁਖ ਸਿੰਘ ਪਿੰਡ ਲੁਹਾਰੀਆਂ, ਸੁਮਨ ਬਾਲਾ, ਗਿਆਨ ਸਿੰਘ, ਅਮਰ ਕੌਰ (ਸਾਰੇ ਪਿੰਡ ਹਿਯਾਤਪੁਰ), ਕ੍ਰਿਸ਼ਨ ਸਿੰਘ, ਸੁਰਜੀਤ ਕੌਰ, ਬਲਵੀਰ ਕੌਰ (ਸਾਰੇ ਪਿੰਡ ਗੌਂਸਗੜ੍ਹ), ਸ਼ੁੱਕਰ ਸਿੰਘ, ਮੁਖਤਿਆਰ ਸਿੰਘ (ਦੋਵੇਂ ਵਾਸੀ ਮੰਡ ਜੋਧਵਾਲ), ਧਰਮਪਾਲ ਪਿੰਡ ਚੱਕ ਸ਼ੰਮੂ ਦੇ ਨਾਮ ਸ਼ਾਮਲ ਹਨ। ਭਲਕੇ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ ਹੈ ਅਤੇ ਉਸ ਦਿਨ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਮਾਛੀਵਾੜਾ ਬਲਾਕ ਵਿਚ ਕਿੰਨੇ ਪਿੰਡਾਂ ਦੀ ਸਰਬਸੰਮਤੀ ਹੋਈ ਜਿੱਥੇ ਕਿ ਚੋਣ ਨਹੀਂ ਹੋਵੇਗੀ।

ਸਹੂਲਤਾਂ ਤੇ ਚੋਣ ਸਟਾਫ਼ ਦੀ ਘਾਟ ਕਾਰਨ ਸਰਕਾਰੀ ਕਰਮਚਾਰੀ ਪ੍ਰੇਸ਼ਾਨ

ਪੰਚਾਇਤ ਚੋਣਾਂ ਸਬੰਧੀ ਚੋਣ ਡਿਊਟੀ ਨਿਭਾ ਰਹੇ ਸਰਕਾਰੀ ਕਰਮਚਾਰੀ ਸਹੂਲਤਾਂ ਅਤੇ ਸਟਾਫ਼ ਦੀ ਘਾਟ ਕਾਰਨ ਪ੍ਰੇਸ਼ਾਨ ਦਿਖਾਈ ਦਿੱਤੇ। ਅੱਜ ਕਲੱਸਟਰਾਂ ਵਿਚ ਚੋਣ ਡਿਊਟੀ ਕਰ ਰਹੇ ਸਰਕਾਰੀ ਕਰਮਚਾਰੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਉਹ ਸਵੇਰੇ ਅੱਠ ਵਜੇ ਆ ਜਾਂਦੇ ਹਨ ਅਤੇ ਰਾਤ ਨੂੰ 12 ਵਜੇ ਕੰਮ ਸਮਾਪਤ ਕਰਕੇ ਘਰਾਂ ਨੂੰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚੋਣ ਡਿਊਟੀ ਦੌਰਾਨ ਸਟਾਫ ਬਹੁਤ ਘੱਟ ਲਗਾਇਆ ਗਿਆ ਅਤੇ ਬਣਦੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਿਸ ਕਾਰਨ ਇਹ ਚੋਣ ਪ੍ਰਕਿਰਿਆ ਬੜੀ ਔਖੀ ਨਿਭਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜੇ ਪੰਚਾਇਤ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਿੱਥੇ ਕਿਤੇ ਵੀ ਸਟਾਫ਼ ਤੇ ਸਹੂਲਤਾਂ ਦੀ ਘਾਟ ਹੈ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ।

ਡਿਊਟੀ ’ਤੇ ਤਾਇਨਾਤ ਮੁਲਾਜ਼ਮ ਨਹੀਂ ਪਾ ਸਕਣਗੇ ਵੋਟ

ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਪੰਚਾਇਤੀ ਚੋਣਾਂ ਦੌਰਾਨ ਡਿਊਟੀ ’ਤੇ ਤਾਇਨਾਤ ਵੱਡੀ ਗਿਣਤੀ ਸਰਕਾਰੀ ਮੁਲਾਜ਼ਮਾਂ ਨੇ ਅਫਸੋਸ ਪ੍ਰਗਟ ਕੀਤਾ ਹੈ ਕਿ ਲੋਕਤੰਤਰ ਦੀ ਨੀਂਹ ਸਮਝੀਆਂ ਜਾਂਦੀਆਂ ਪੰਚਾਇਤੀ ਚੋਣਾਂ ਦੌਰਾਨ ਉਹ ਆਪਣੀ ਵੋਟ ਦੀ ਇਸਤੇਮਾਲ ਨਹੀਂ ਕਰ ਸਕਣਗੇ ਕਿਉਂਕਿ ਇਨ੍ਹਾਂ ਚੋਣਾਂ ਦੌਰਾਨ ਪੋਸਟਲ ਵੋਟ ਦੀ ਸਹੂਲਤ ਉਪਲਬਧ ਨਹੀਂ ਹੈ। ਚੋਣ ਦਫ਼ਤਰਾਂ ਵਿੱਚ ਤਾਇਨਾਤ ਅਧਿਕਾਰੀਆਂ ਨੇ ਇਸ ਸਬੰਧੀ ਕੁੱਝ ਵੀ ਨਾ ਕਰ ਸਕਣ ਦੀ ਗੱਲ ਦੁਹਰਾਈ ਹੈ। ਵੱਖ ਵੱਖ ਜਥੇਬੰਦੀਆਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸਮਾਂ ਰਹਿੰਦੇ ਇਸ ਸਬੰਧੀ ਕਦਮ ਚੁੱਕੇ ਜਾਣ ਅਤੇ ਯਕੀਨੀ ਬਣਾਇਆ ਜਾਵੇ ਕਿ ਹਰੇਕ ਵੋਟਰ ਆਪਣੀ ਵੋਟ ਦਾ ਅਧਿਕਾਰ ਵਰਤ ਸਕੇ। ਅੱਜ ਪਹਿਲੇ ਦਿਨ ਦੀ ਰਿਹਰਸਲ ਦੌਰਾਨ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਰਾਜ ਚੋਣ ਕਮਿਸ਼ਨ ਦੀ ਦੇਖ-ਰੇਖ ਹੇਠ ਕਰਵਾਈਆਂ ਜਾ ਰਹੀਆਂ ਚੋਣਾਂ ਦੌਰਾਨ ਨਾ ਤਾਂ ਹੁਣ ਤੱਕ ਉਨ੍ਹਾਂ ਨੂੰ ਕੋਈ ਪੋਸਟਲ ਵੋਟ ਬਾਰੇ ਸੂਚਨਾ ਪ੍ਰਾਪਤ ਹੋਈ ਹੈ ਅਤੇ ਨਾ ਹੀ ਕੋਈ ਇਹੋ ਜਿਹੇ ਪ੍ਰਬੰਧ ਬਾਰੇ ਦੱਸਿਆ ਗਿਆ ਹੈ ਜਿਸ ਅਨੁਸਾਰ ਉਹ ਆਪਣੀ ਵੋਟ ਸਰਪੰਚੀ ਤੇ ਪੰਚੀ ਦੇ ਉਮੀਦਵਾਰ ਨੂੰ ਪਾ ਸਕਣ। ਪੰਜਾਬ ਰੈਵਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਹਵਿੰਦਰ ਸਿੰਘ ਢੀਂਡਸਾ ਨੇ ਆਪਣੀ ਯੂਨੀਅਨ ਦੇ ਮੈਂਬਰਾਂ ਤੋਂ ਪ੍ਰਾਪਤ ਸੂਚਨਾ ਦੇ ਵੇਰਵੇ ਨਾਲ ਦੱਸਿਆ ਕਿ ਵੱਡੀ ਗਿਣਤੀ ਸਰਕਾਰੀ ਮੁਲਾਜ਼ਮਾਂ ਦੀ ਚੋਣ ਡਿਊਟੀ ਲੱਗੀ ਹੋਣ ਕਰਕੇ ਉਹ ਆਪਣੇ ਪਿੰਡਾਂ ਵਿੱਚ ਹੋ ਰਹੀਆਂ ਚੋਣਾ ਵਿੱਚ ਹਿੱਸਾ ਲੈਣ ਤੋਂ ਵਾਂਝੇ ਰਹਿ ਜਾਣਗੇ। ਕਈ ਮੁਲਾਜ਼ਮਾਂ ਨੇ ਤਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਚੋਣ ਲੜੇ ਜਾਣ ਬਾਰੇ ਦੱਸਦਿਆਂ ਖਦਸ਼ਾ ਜਾਹਿਰ ਕੀਤਾ ਹੈ ਕਿ ਜੇ ਉਨ੍ਹਾਂ ਦੇ ਉਮੀਦਵਾਰ ਇੱਕ ਵੋਟ ਨਾਲ ਹਾਰ ਗਏ ਤਾਂ ਉਨ੍ਹਾਂ ਨੂੰ ਸਾਰੀ ਉਮਰ ਪਛਤਾਵਾ ਰਹੇਗਾ। ਸਥਾਨਕ ਗਾਂਧੀ ਸਕੂਲ ਵਿੱਚ ਰਿਹਰਸਲ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਜੋ ਵੀ ਸਹੂਲਤ ਦਿੱਤੀ ਜਾਣੀ ਹੈ ਉਹ ਰਾਜ ਚੋਣ ਕਮਿਸ਼ਨ ਨੇ ਤੈਅ ਕਰਨੀ ਹੈ।

Advertisement
Author Image

Advertisement