ਸਹੂਲਤਾਂ ਨਾ ਮਿਲਣ ਕਾਰਨ ਨੇਤਰਹੀਣ ਵਿਦਿਆਰਥੀ ਪ੍ਰੇਸ਼ਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਗਸਤ
ਸਥਾਨਕ ਹੰਬੜਾਂ ਰੋਡ ’ਤੇ ਨੇਤਰਹੀਣ ਬੱਚਿਆਂ ਦੇ ਵੀਆਰਟੀਸੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਸਹੂਲਤਾਂ ਨਾ ਮਿਲਣ ਦੇ ਵਿਰੋਧ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਸ਼ਾਰਟਹੈਂਡ ਅਤੇ ਕੰਪਿਊਟਰ ਦੀਆਂ ਕਲਾਸਾਂ ਸ਼ੁਰੂ ਕਰਨ ਅਤੇ ਵਿਦਿਆਰਥੀਆਂ ਨੂੰ ਘਰੋਂ ਲਿਆਉਣ ਅਤੇ ਛੱਡ ਕੇ ਆਉਣ ਦੀ ਸਹੂਲਤ ਦੀ ਮੰਗ ਕੀਤੀ ਹੈ।
ਸ਼ਹਿਰ ਵਿੱਚ ਨੇਤਰਹੀਣ ਬੱਚਿਆਂ ਲਈ ਲੰਬੇ ਸਮੇਂ ਤੋਂ ਚੱਲ ਰਹੇ ਵੀਆਰਟੀਸੀ ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰ ਰਹੇ 85 ਦੇ ਕਰੀਬ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹੋਰਨਾਂ ਸਕੂਲਾਂ ਦੀ ਤਰ੍ਹਾਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਇਨ੍ਹਾਂ ਬੱਚਿਆਂ ਦੀ ਅਗਵਾਈ ਕਰ ਰਹੇ ਸ਼ਿਵ ਰਾਮ ਭਾਰਤੀ ਦਾ ਕਹਿਣਾ ਸੀ ਕਿ ਉਹ ਵੀ ਕਦੇ ਇਸ ਸਕੂਲ ਵਿੱਚ ਪੜ੍ਹਾਉਂਦਾ ਰਿਹਾ ਹੈ ਅਤੇ ਹੁਣ ਇੱਕ ਬੈਂਕ ਤੋਂ ਮੈਨੇਜਰ ਦੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਹੈ। ਸ੍ਰੀ ਭਾਰਤੀ ਨੇ ਦੱਸਿਆ ਕਿ ਇਸ ਸਕੂਲ ਵਿੱਚ ਪਹਿਲਾਂ ਸ਼ਾਰਟਹੈਂਡ ਦੀਆਂ ਕਲਾਸਾਂ ਲੱਗਦੀਆਂ ਸਨ। ਜਿਸ ਦਾ ਬੱਚਿਆਂ ਨੂੰ ਨੌਕਰੀ ਵੇਲੇ ਬਹੁਤ ਲਾਭ ਹੁੰਦਾ ਹੈ ਪਰ ਹੁਣ ਇੱਥੇ ਇਹ ਕਲਾਸਾ ਬੰਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਕੰਪਿਊਟਰ ਦੀ ਵੀ ਹਰ ਨੌਕਰੀ ਵਿੱਚ ਲੋੜ ਪੈਂਦੀ ਹੈ ਪਰ ਇੱਥੇ ਪੜ੍ਹਦੇ ਬੱਚਿਆਂ ਨੂੰ ਉਸ ਸਹੂਲਤ ਤੋਂ ਵੀ ਸੱਖਣੇ ਕਰ ਦਿੱਤਾ ਗਿਆ ਹੈ। ਰਾਤ ਸਮੇਂ ਬਿਮਾਰ ਹੋਣ ’ਤੇ ਬੱਚਿਆਂ ਦੀ ਦੇਖਭਾਲ ਲਈ ਕੋਈ ਡਾਕਟਰ ਦੀ ਸਹੂਲਤ ਨਹੀਂ ਹੈ। ਸ੍ਰੀ ਭਾਰਤੀ ਨੇ ਦੱਸਿਆ ਕਿ ਬੱਚਿਆਂ ਨੂੰ ਘਰਾਂ ਤੋਂ ਲਿਆਉਣ ਅਤੇ ਛੱਡ ਕੇ ਆਉਣ ਲਈ ਬੱਸ ਲਾਈ ਹੋਈ ਹੈ ਪਰ ਇਸ ਦਾ ਕਿਰਾਇਆ ਜ਼ਿਆਦਾ ਹੋਣ ਕਰ ਕੇ ਹੁਣ ਬੱਚਿਆਂ ਨੇ ਆਪ ਹੀ ਆਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਹੋਸਟਲ ਵਿੱਚ ਰਹਿਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀ ਜਗ੍ਹਾ ਬਹੁਤ ਹੈ ਪਰ ਇੱਥੇ ਨੇਤਰਹੀਣਾਂ ਲਈ ਚੱਲ ਰਹੇ ਹੋਰ ਸਕੂਲਾਂ ਦੇ ਮੁਕਾਬਲੇ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਵਿਦਿਆਰਥੀਆਂ ਦੇ ਖੇਡਣ ਲਈ ਖੇਡ ਮੈਦਾਨ ਵੀ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਸ ਸਕੂਲ ਵਿੱਚ 10 ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।