ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਲ ਦਾ ਅੰਨ੍ਹਾ

08:44 AM Jul 15, 2023 IST

ਇਕਬਾਲ ਸਿੰਘ ਹਮਜਾਪੁਰ

ਰਿੰਕੂ ਚੂਹੇ ਨੇ ਟਿੰਕੂ ਚੂਹੇ ਨਾਲ ਮਿਤੱਰਤਾ ਗੰਢ ਲਈ ਸੀ। ਰਿੰਕੂ ਤੇ ਟਿੰਕੂ ਉਂਜ ਤਾਂ ਵੱਖੋ-ਵੱਖਰੇ ਘਰਾਂ ਵਿੱਚ ਰਹਿੰਦੇ ਸਨ, ਪਰ ਇੱਕ ਦਨਿ ਉਹ ਬਾਹਰ ਘੁੰਮਣ ਗਏ ਮਿਲ ਪਏ ਸਨ। ਪਹਿਲੀ ਮੁਲਾਕਾਤ ’ਤੇ ਹੀ ਰਿੰਕੂ ਨੇ ਟਿੰਕੂ ਵੱਲ ਮਿੱਤਰਤਾ ਲਈ ਹੱਥ ਵਧਾ ਦਿੱਤਾ ਸੀ। ਫਿਰ ਦੋਵੇਂ ਜਣੇ ਬਾਹਰ ਘੁੰਮਣ ਫਿਰਨ ਦੇ ਬਹਾਨੇ ਨਾਲ ਰੋਜ਼ਾਨਾ ਮਿਲਣ ਲੱਗ ਪਏ ਸਨ।
ਰਿੰਕੂ ਤੇ ਟਿੰਕੂ ਦੀ ਮਿੱਤਰਤਾ ਦਨਿੋਂ ਦਨਿ ਹੋਰ ਗੂੜ੍ਹੀ ਹੁੰਦੀ ਜਾ ਰਹੀ ਸੀ। ਉਹ ਜਦੋਂ ਵੀ ਮਿਲਦੇ, ਕਿੰਨੀ-ਕਿੰਨੀ ਦੇਰ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ।
ਰਿੰਕੂ ਦੀ ਟਿੰਕੂ ਨਾਲ ਵਧਦੀ ਜਾਂਦੀ ਨੇੜਤਾ ਨੂੰ ਗੋਮੂ ਗਾਲੜ੍ਹ ਕਈ ਦਨਿ ਵੇਖਦਾ ਰਿਹਾ। ਫਿਰ ਇੱਕ ਦਨਿ ਉਹ ਰਿੰਕੂ ਨੂੰ ਸਮਝਾਉਣ ਲੱਗਾ।
‘‘ਰਿੰਕੂ ਭਰਾ! ਟਿੰਕੂ ਨਿਰਾ ਬੁੱਧੂ ਹੈ। ਉਸ ਨੇ ਕਦੇ ਵੀ ਆਪਣੇ ਦਿਮਾਗ਼ ਤੋਂ ਕੰਮ ਨਹੀਂ ਲਿਆ। ਟਿੰਕੂ ਕਿਸੇ ਵੇਲੇ ਵੀ ਤੈਨੂੰ ਮੁਸੀਬਤ ਵਿੱਚ ਫਸਾ ਸਕਦਾ। ਇਸ ਕਰਕੇ ਤੂੰ ਟਿੰਕੂ ਨਾਲ ਨੇੜਤਾ ਨਾ ਵਧਾ।’’ ਗੋਮੂ ਗਾਲੜ੍ਹ ਨੇ ਆਖਿਆ। ਪਰ ਰਿੰਕੂ ਨੇ ਗੋਮੂ ਗਾਲੜ੍ਹ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ।
‘‘ਗੋਮੂ ਗਾਲੜ੍ਹ ਸਾਡੀ ਮਿੱਤਰਤਾ ਵੇਖ ਕੇ ਸੜਦਾ ਹੈ।’’ ਰਿੰਕੂ ਚੂਹੇ ਨੇ ਸੋਚਿਆ। ਰਿੰਕੂ ਨੇ ਟਿੰਕੂ ਨਾਲ ਮਿੱਤਰਤਾ ਹੋਰ ਪੱਕੀ ਕਰਨ ਵਾਸਤੇ ਉਸ ਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਦਿੱਤਾ।
‘‘ਟਿੰਕੂ ਯਾਰ! ਤੂੰ ਕਿਸੇ ਦਨਿ ਮੇਰੇ ਘਰ ਆਵੀਂ। ਆਪਾਂ ਉੱਥੇ ਬਹਿ ਕੇ ਕੁਝ ਖਾਵਾਂ-ਪੀਵਾਂਗੇ ਤੇ ਗੱਲਾ ਕਰਾਂਗੇ।’’ ਰਿੰਕੂ ਚੂਹੇ ਨੇ ਆਖਿਆ। ਰਿੰਕੂ ਦੇ ਸੱਦੇ ’ਤੇ ਟਿੰਕੂ ਅਗਲੇ ਦਨਿ ਹੀ ਉਸ ਦੇ ਘਰ ਪਹੁੰਚ ਗਿਆ।
ਟਿੰਕੂ ਚੂਹਾ, ਰਿਂੰਕੂ ਦੇ ਘਰ ਵਿਚਲੀ ਲਾਬੀ ਵਿੱਚੋਂ ਲੰਘ ਕੇ ਬੈੱਡਰੂਮ ਵਿੱਚ ਪਹੁੰਚ ਗਿਆ। ਰਿੰਕੂ ਨੇ ਟਿੰਕੂ ਨੂੰ ਸਿੱਧਾ ਬੈੱਡਰੂਮ ਵਿੱਚ ਹੀ ਆਉਣ ਲਈ ਆਖਿਆ ਸੀ। ਉਹ ਬੈੱਡਰੂਮ ਵਿੱਚ ਬਹਿ ਕੇ ਹੀ ਟਿੰਕੂ ਦੀ ਉਡੀਕ ਕਰ ਰਿਹਾ ਸੀ। ਟਿੰਕੂ, ਰਿੰਕੂ ਦੇ ਘਰ ਪਹੁੰਚਿਆ ਹੀ ਸੀ ਕਿ ਦੋਵਾਂ ਦੀ ਸ਼ਾਮਤ ਆ ਗਈ। ਰਿੰਕੂ ਜਿਸ ਘਰ ਵਿੱਚ ਰਹਿੰਦਾ ਸੀ, ਉਹ ਘਰ ਬੇਹੱਦ ਸਾਫ਼-ਸੁਥਰਾ ਸੀ। ਉਸ ਘਰ ਵਿੱਚ ਸੰਗਮਰਮਰ ਲੱਗਾ ਹੋਇਆ ਸੀ। ਘਰ ਵਿੱਚ ਮਿੱਟੀ ਦਾ ਕਿਧਰੇ ਵੀ ਨਾਮੋ-ਨਿਸ਼ਾਨ ਨਹੀਂ ਸੀ, ਪਰ ਟਿੰਕੂ ਦੇ ਗੰਦੇ ਪੈਰਾਂ ਦੇ ਨਿਸ਼ਾਨ ਘਰ ਦੀ ਲਾਬੀ ਵਿੱਚ ਲੱਗ ਗਏ ਸਨ। ਸੰਗਮਰਮਰੀ ਫਰਸ਼ ਗੰਦਾ ਹੋਇਆ ਵੇਖ ਕੇ ਘਰ ਦੀ ਮਾਲਕਣ ਦਾ ਪਾਰਾ ਚੜ੍ਹ ਗਿਆ ਸੀ। ਉਹ ਉਸੇ ਵੇਲੇ ਰਿੰਕੂ ਤੇ ਟਿੰਕੂ ਚੂਹੇ ਨੂੰ ਲੱਭਣ ਤੁਰ ਪਈ।
ਮਾਲਕਣ ਤੋਂ ਡਰਦੇ ਮਾਰੇ ਰਿੰਕੂ ਤੇ ਟਿੰਕੂ ਘਰ ਵਿਚਲੀ ਇੱਕ ਚੀਜ਼ ਪਿੱਛੋਂ ਨਿਕਲ ਕੇ ਦੂਸਰੀ ਪਿੱਛੇ ਜਾ ਛੁਪਦੇ। ਉਨ੍ਹਾਂ ਕੋਲੋਂ ਪੱਕੇ ਸੰਗਮਰਮਰੀ ਫਰਸ਼ ਉੱਪਰ ਬਹੁਤੀ ਤੇਜ਼ ਭੱਜਿਆ ਨਹੀਂ ਜਾਂਦਾ ਸੀ। ਉਹ ਪੱਕੇ ਫਰਸ਼ ਉੱਪਰ ਵਾਰ-ਵਾਰ ਤਿਲ੍ਹਕ ਜਾਂਦੇ ਸਨ। ਪੱਕੇ ਫਰਸ਼ ਉੱਪਰ ਵਾਰ-ਵਾਰ ਤਿਲ੍ਹਕਣ ਕਰਕੇ ਉਨ੍ਹਾਂ ਦੇ ਗੋਡੇ ਤੇ ਅਰਕਾਂ ਛਿੱਲੀਆਂ ਗਈਆਂ ਸਨ।
ਮਾਲਕਣ ਨੇ ਰਿੰਕੂ ਤੇ ਟਿੰਕੂ ਚੂਹੇ ਦਾ ਉਦੋਂ ਤੱਕ ਖਹਿੜਾ ਨਾ ਛੱਡਿਆ, ਜਦੋਂ ਤੱਕ ਉਹ ਭੱਜ-ਭੱਜ ਕੇ ਹੰਭ ਨਾ ਗਏ। ਮਾਲਕਣ ਨੇ ਦੋਵਾਂ ਨੂੰ ਭਜਾ ਭਜਾ ਕੇ ਰੋਣਹਾਕਾ ਕਰ ਦਿੱਤਾ ਸੀ। ਅਖੀਰ ਰਿੰਕੂ ਤੇ ਟਿੰਕੂ ਨੇ ਇੱਕ ਅਲਮਾਰੀ ਪਿੱਛੇ ਛੁਪ ਕੇ ਜਾਨ ਬਚਾਈ। ਬਾਅਦ ਵਿੱਚ ਉਹ ਸਾਰਾ ਦਨਿ ਅਲਮਾਰੀ ਪਿੱਛੇ ਛੁਪੇ ਰਹੇ। ਇੱਥੇ ਬੈਠਿਆਂ ਰਿੰਕੂ ਨੇ ਟਿੰਕੂ ਨੂੰ ਕਈ ਕੁਝ ਸਮਝਾਇਆ।
‘‘ਟਿੰਕੂ ਮਿੱਤਰਾ! ਕਿਸੇ ਦੇ ਘਰ ਇਸ ਤਰ੍ਹਾਂ ਗੰਦੇ ਪੈਰ ਲੈ ਕੇ ਨਹੀਂ ਜਾਈਦਾ।’’ ਰਿੰਕੂ ਨੇ ਟਿੰਕੂ ਨੂੰ ਆਖਿਆ। ਟਿੰਕੂ ਨੇ ਵੀ ਰਿੰਕੂ ਨਾਲ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਇਸ ਤਰ੍ਹਾਂ ਦੀ ਗ਼ਲਤੀ ਨਹੀਂ ਕਰੇਗਾ।
ਸ਼ਾਮ ਨੂੰ ਮਾਲਕਣ ਦੇ ਬਾਜ਼ਾਰ ਜਾਣ ਤੋਂ ਬਾਅਦ ਰਿੰਕੂ ਨੇ ਟਿੰਕੂ ਨੂੰ ਅਲਮਾਰੀ ਪਿੱਛੋਂ ਕੱਢਿਆ। ਉਹ, ਟਿੰਕੂ ਨੂੰ ਉਸ ਦੇ ਘਰ ਤੱਕ ਛੱਡ ਕੇ ਗਿਆ।
ਫਿਰ ਕੁਝ ਦਨਿਾਂ ਬਾਅਦ ਰਿੰਕੂ ਦਾ ਟਿੰਕੂ ਦੇ ਘਰ ਜਾਣ ਦਾ ਸਬੱਬ ਬਣ ਗਿਆ। ਰਿੰਕੂ ਗਲੀ ਵਿੱਚੋਂ ਲੰਘ ਰਿਹਾ ਸੀ। ਰਿੰਕੂ ਦਾ ਆਪਣੇ ਮਿੱਤਰ ਟਿੰਕੂ ਨੂੰ ਮਿਲਣ ਲਈ ਦਿਲ ਕਰ ਆਇਆ ਤੇ ਉਹ ਟਿੰਕੂ ਦੇ ਘਰ ਪਹੁੰਚ ਗਿਆ।
ਰਿੰਕੂ ਨੂੰ ਆਉਂਦਾ ਵੇਖ ਕੇ ਟਿੰਕੂ ਨੇ ਆਪਣੇ ਪੈਰਾਂ ਵੱਲ ਧਿਆਨ ਮਾਰਿਆ। ਟਿੰਕੂ ਦੇ ਪੈਰ ਗੰਦੇ ਸਨ।
‘‘ਰਿੰਕੂ ਮੈਨੂੰ ਫਿਰ ਪੈਰ ਸਾਫ਼ ਕਰਨ ਲਈ ਆਖੇਗਾ।’’ ਰਿੰਕੂ ਨੂੰ ਸਾਹਮਣੇ ਵੇਖ ਕੇ ਟਿੰਕੂ ਨੇ ਸੋਚਿਆ। ਉਹ ਫਟਾਫਟ ਆਪਣੇ ਪੈਰ ਸਾਫ਼ ਕਰਨ ਦੀ ਕੋਸ਼ਿਸ਼ ਕਰਨ ਲੱਗਾ।
ਘਰ ਦੀ ਮਾਲਕਣ ਨੇ ਤੌਲੀਆ ਧੋ-ਸੰਵਾਰ ਕੇ ਕਿੱਲੀ ਨਾਲ ਟੰਗਿਆ ਹੋਇਆ ਸੀ। ਟਿੰਕੂ ਨੇ ਤੌਲੀਆ ਕਿੱਲੀ ਤੋਂ ਖਿੱਚਿਆ ਤੇ ਰਿੰਕੂ ਤੋਂ ਅੱਖ ਬਚਾ ਕੇ ਆਪਣੇ ਪੈਰ ਪੂੰਝ ਲਏ।
ਟਿੰਕੂ ਨੇ ਆਪਣੇ ਵੱਲੋਂ ਰਿੰਕੂ ਤੋਂ ਚੋਰੀ ਤੌਲੀਏ ਨਾਲ ਪੈਰ ਪੂੰਝੇ ਸਨ, ਪਰ ਉਸ ਨੂੰ ਪੈਰ ਪੂੰਝਦੇ ਨੂੰ ਰਿੰਕੂ ਦੇ ਨਾਲ ਨਾਲ ਘਰ ਦੀ ਮਾਲਕਣ ਨੇ ਵੀ ਵੇਖ ਲਿਆ ਸੀ। ਘਰ ਦੀ ਮਾਲਕਣ ਉਸੇ ਵੇਲੇ ਬਹੁਕਰ ਲੈ ਕੇ ਦੋਵਾਂ ਦੇ ਪਿੱਛੇ ਪੈ ਗਈ। ਜਿਸ ਘਰ ਵਿੱਚ ਟਿੰਕੂ ਚੂਹਾ ਰਹਿੰਦਾ ਸੀ, ਉਹ ਕੱਚਾ ਸੀ। ਟਿੰਕੂ ਨੇ ਕੱਚੇ ਘਰ ਵਿੱਚ ਆਪਣੇ ਛੁਪਣ ਵਾਸਤੇ ਥਾਂ-ਥਾਂ ਖੁੱਡਾਂ ਪੁੱਟੀਆਂ ਹੋਈਆਂ ਸਨ। ਮਾਲਕਣ ਤੋਂ ਜਾਨ ਬਚਾਉਂਦਾ ਹੋਇਆ ਟਿੰਕੂ ਤਾਂ ਭੱਜ ਕੇ ਇੱਕ ਖੁੱਡ ਵਿੱਚ ਵੜ ਗਿਆ। ਰਿੰਕੂ ਕਦੇ ਖੁੱਡ ਵਿੱਚ ਨਹੀਂ ਵੜਿਆ ਸੀ। ਰਿੰਕੂ ਮਾਲਕਣ ਤੋਂ ਜਾਨ ਬਚਾਉਂਦਾ ਹੋਇਆ ਕਿੰਨੀ ਦੇਰ ਲੁਕਣਮੀਟੀ ਖੇਡਦਾ ਰਿਹਾ। ਘਰ ਵਿੱਚ ਰਿੰਕੂ ਜਿੱਥੇ ਵੀ ਛੁਪਦਾ ਸੀ, ਮਾਲਕਣ ਉੱਥੇ ਹੀ ਪਹੁੰਚ ਜਾਂਦੀ ਸੀ। ਹਾਰ ਕੇ ਰਿੰਕੂ ਨੂੰ ਵੀ ਇੱਕ ਖੁੱਡ ਵਿੱਚ ਵੜਨਾ ਪਿਆ। ਉਹ ਖੁੱਡਾਂ ਵਿੱਚ ਭਉਂਦਾ ਹੋਇਆ ਮਸ੍ਵਾਂ ਬਾਹਰ ਨਿਕਲਿਆ।
ਰਿੰਕੂ ਦੀ ਜਾਨ ਤਾਂ ਬਚ ਗਈ ਸੀ। ਉਂਜ ਉਹ ਮਿੱਟੀ ਨਾਲ ਲਥਪਥ ਹੋ ਗਿਆ ਸੀ। ਰਿੰਕੂ ਇਸ ਤਰ੍ਹਾਂ ਮਿੱਟੀ ਨਾਲ ਲਥਪਥ ਅੱਜ ਤਾਈਂ ਕਦੇ ਵੀ ਨਹੀਂ ਸੀ ਹੋਇਆ। ਰਿੰਕੂ ਪੱਕੇ ਸੰਗਮਰਮਰੀ ਘਰ ਵਿੱਚ ਰਹਿੰਦਾ ਸੀ। ਉਸ ਨੇ ਆਪਣੇ ਸਰੀਰ ਨੂੰ ਕਦੇ ਵੀ ਮਿੱਟੀ ਨਹੀਂ ਲੱਗਣ ਦਿੱਤੀ ਸੀ। ਮਿੱਟੀ ਨਾਲ ਲਥਪਥ ਹੋਇਆ ਰਿੰਕੂ ਸਿੱਧਾ ਛੱਪੜ ਵੱਲ ਨੂੰ ਤੁਰ ਪਿਆ। ਉਸ ਨੂੰ ਨਹਾ ਧੋ ਕੇ ਘਰ ਜਾਣਾ ਪੈਣਾ ਸੀ।
‘‘ਟਿੰਕੂ ਸੱਚਮੁਚ ਹੀ ਅਕਲ ਦਾ ਅੰਨ੍ਹਾ ਹੈ। ਇਸ ਨੂੰ ਤੌਲੀਏ ਨਾਲ ਪੈਰ ਨਹੀਂ ਪੂੰਝਣੇ ਚਾਹੀਦੇ ਸਨ। ਟਿੰਕੂ ਦਾ ਘਰ ਕੱਚਾ ਸੀ। ਕੱਚੇ ਘਰ ਵਿੱਚ ਪੈਰ ਮਾੜੇ-ਮੋਟੇ ਤਾਂ ਗੰਦੇ ਹੋਣੇ ਹੀ ਸਨ।’’ ਛੱਪੜ ਨੂੰ ਤੁਰਿਆ ਜਾਂਦਾ ਰਿੰਕੂ ਸੋਚਣ ਲੱਗਾ। ਉਹ, ਟਿੰਕੂ ਚੂਹੇ ਦੀਆਂ ਵਾਰ-ਵਾਰ ਦੀਆਂ ਕੋਝੀਆਂ ਹਰਕਤਾਂ ਵੇਖ ਕੇ ਸਹਿਮ ਜਿਹਾ ਗਿਆ। ਉਸ ਨੇ ਟਿੰਕੂ ਚੂਹੇ ਨਾਲ ਮਿੱਤਰਤਾ ਨਾ ਰੱਖਣ ਦਾ ਫੈਸਲਾ ਕਰ ਲਿਆ ਸੀ।
ਸੰਪਰਕ: 94165-92149

Advertisement

Advertisement
Tags :
‘ਅੰਨ੍ਹਾ