ਸੁਪਰਸੀਡਰ ਰਾਹੀਂ ਬੀਜੀ ਕਣਕ ’ਤੇ ਸੁੰਡੀ ਦੀ ਮਾਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 25 ਨਵੰਬਰ
ਸੁਪਰਸੀਡਰ ਰਾਹੀਂ ਬੀਜੀ ਕਣਕ ਨੂੰ ਪਈ ਸੁੰਡੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਨੇੜਲੇ ਪਿੰਡ ਦੇਹੜਕਾ, ਬੱਸੂਵਾਲ, ਚੀਮਾ, ਲੰਮੇ, ਜੱਟਪੁਰਾ ਦੇ ਦੌਰੇ ਸਮੇਂ ਕਿਸਾਨ ਆਗੂਆਂ ਨੇ ਦੇਖਿਆ ਕਿ ਸੁਪਰਸੀਡਰ ਰਾਹੀਂ ਬੀਜੀ ਕਣਕ ਬਹੁਤੇ ਖੇਤਾਂ ’ਚ ਹਰੀ ਨਹੀਂ ਹੋਈ। ਇਸ ’ਚ ਪਿੰਡ ਬੱਸੂਵਾਲ ਦੇ ਕਿਸਾਨ ਤਰਸੇਮ ਸਿੰਘ ਦਾ ਢਾਈ ਏਕੜ ਰਕਬਾ, ਗੁਰਪ੍ਰੀਤ ਸਿੰਘ ਬੱਸੂਵਾਲ ਦੇ ਤਿੰਨ ਏਕੜ, ਬਲਵਿੰਦਰ ਸਿੰਘ, ਨਿਰਪਾਲ ਸਿੰਘ, ਮੇਘ ਸਿੰਘ ਦਾ ਕ੍ਰਮਵਾਰ ਸੱਤ, ਛੇ-ਛੇ ਏਕੜ ਰਕਬਾ, ਜਰਨੈਲ ਸਿੰਘ ਤੇ ਜਗਦੇਵ ਸਿੰਘ ਪਿੰਡ ਲੰਮੇ ਦੇ ਤਿੰਨ-ਤਿੰਨ ਏਕੜ ’ਚ ਚਿੱਟੀ ਸੁੰਡੀ ਜਾਂ ਤੇਲੇ ਦੀ ਮਾਰ ਪੈਣ ਕਾਰਨ ਕਣਕ ਦੀ ਫ਼ਸਲ ਬਰਬਾਦ ਹੋਈ ਹੈ। ਉਕਤ ਪਿੰਡਾਂ ਦੇ ਸਰਵੇਖਣ ਮਗਰੋਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਹੋਰਨਾਂ ਪਿੰਡਾਂ ’ਚੋਂ ਵੀ ਆ ਰਹੀਆਂ ਹਨ। ਇਸ ’ਤੇ ਖੇਤੀਬਾੜੀ ਵਿਭਾਗ ਤੱਕ ਪੰਹੁਚ ਕੀਤੀ ਗਈ ਅਤੇ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਤੇ ਹੋਰ ਕਰਮਚਾਰੀਆਂ ਨੂੰ ਖੇਤਾਂ ਜਾਇਜ਼ਾ ਲੈਣ ਲਈ ਸੱਦਿਆ ਗਿਆ। ਉਨ੍ਹਾਂ ਸਰਵੇਖਣ ਕਰਨ ਉਪਰੰਤ ਕਿਸਾਨਾਂ ਨੂੰ ਖੇਤਾਂ ’ਚ ਡਰਸਬਾਨ ਜਾਂ ਕਲੋਰੋਪਾਇਰੀਫਾਰਸ ਦਵਾਈ ਡੇਢ ਲੀਟਰ ਪ੍ਰਤੀ ਕਿੱਲਾ ਫ਼ਸਲ ’ਚ ਪਾਣੀ ਭਰਕੇ ਛਿੜਕਾਅ ਕਰਨ ਦਾ ਸੁਝਾਅ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨਾ ਵੱਢਣ ਤੋਂ ਬਾਅਦ ਪਰਾਲੀ ਖੇਤ ’ਚ ਹੀ ਵਾਹ ਕੇ ਸੁਪਰਸੀਡਰ ਰਾਹੀਂ ਬੀਜੀ ਕਣਕ ਕਾਮਯਾਬ ਨਹੀਂ ਹੋਈ। ਪਹਿਲਾਂ ਝੋਨੇ ਦੇ ਘੱਟ ਝਾੜ, ਮੰਡੀਆਂ ’ਚ ਨਮੀ ਦੀ ਆੜ ’ਚ ਸ਼ੈਲਰ ਮਾਲਕਾਂ ਵਲੋਂ ਭਾਰੀ ਕਾਟ, ਮਿੱਥੇ ਭਾਅ ਤੋਂ ਘੱਟ ਕੀਮਤ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਸਰਕਾਰੀ ਨੀਤੀਆਂ ਕਾਰਨ ਹੁਣ ਇਹ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਕਣਕ ਹਰੀ ਨਾ ਹੋਣ, ਸੁੰਡੀ ਜਾਂ ਤੇਲੇ ਦੀ ਮਾਰ ਪੈਣ ਕਾਰਨ ਬਹੁਤੀਆਂ ਥਾਵਾਂ ’ਤੇ ਕਣਕ ਵਾਹੁਣ ਲਈ ਕਿਸਾਨ ਮਜਬੂਰ ਹੋ ਰਹੇ ਹਨ। ਪਰਾਲੀ ਦੇ ਪੁਲੀਸ ਪਰਚੇ, ਜੁਰਮਾਨੇ, ਰੈਡ ਐਂਟਰੀਆਂ ਦਾ ਡਰਾਵਾ ਦੇ ਕੇ ਸੁਪਰਸੀਡਰ ਰਾਹੀਂ ਬੀਜਵਾਈ ਕਣਕ ਵੀ ਬਰਬਾਦ ਹੋਣ ਲਈ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲਾਗੂ ਨੀਤੀਆਂ ਨੇ ਕਚੂਮਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਡੀਸੀ ਦਫ਼ਤਰ ਦੇ ਕੀਤੇ ਜਾ ਰਹੇ ਘਿਰਾਓ ਦੌਰਾਨ ਇਸ ਮੁੱਦੇ ‘ਤੇ ਸਰਕਾਰ ਤੋਂ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਦਾ ਮੁੱਦਾ ਉਠਾਇਆ ਜਾਵੇਗਾ।