ਬਲਾਈਟ ਬਿਮਾਰੀ ਨੇ ਖਰਬੂਜ਼ਾ ਕਾਸ਼ਤਕਾਰ ਕੱਖੋਂ ਹੌਲੇ ਕੀਤੇ
ਪੱਤਰ ਪ੍ਰੇਰਕ
ਸ਼ਾਹਕੋਟ, 4 ਜੂਨ
ਖਰਬੂਜ਼ਿਆਂ ਨੂੰ ਪਈ ਬਲਾਈਟ ਬਿਮਾਰੀ ਨੇ ਇਸ ਵਾਰ ਕਾਸ਼ਤਕਾਰਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿਚ ਵੱਡੀ ਪੱਧਰ ‘ਤੇ ਖਰਬੂਜ਼ੇ ਤੇ ਹਦਵਾਣੇ ਦੀ ਪੈਦਾਵਾਰ ਕੀਤੀ ਜਾਂਦੀ ਹੈ। ਖਰਬੂਜ਼ੇ ਨੂੰ ਬਲਾਈਟ ਬਿਮਾਰੀ ਨੇ ਖ਼ਤਮ ਕਰ ਦਿੱਤਾ, ਜੋਂ ਫ਼ਸਲ ਬਿਮਾਰੀ ਤੋਂ ਬਚੀ ਸੀ, ਉਹ ਇਲਾਕੇ ਵਿਚ ਪਏ ਭਾਰੀ ਬੇਮੌਸਮੀ ਮੀਂਹ ਦੀ ਭੇਟ ਚੜ੍ਹ ਗਈ।
ਕਿਸਾਨ ਆਗੂ ਸੁਖਪਾਲ ਸਿੰਘ ਰਾਈਵਾਲ ਨੇ ਦੱਸਿਆ ਕਿ ਇਸ ਵਾਰ ਕੁਦਰਤ ਕਹਿਰ ਨੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਪਹਿਲਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਤਬਾਹ ਕਰ ਦਿੱਤੀ, ਉਸ ਤੋਂ ਬਾਅਦ ਖਰਬੂਜ਼ਿਆਂ ਨੂੰ ਬਲਾਈਟ ਨੇ ਝੁਲਸ ਦਿੱਤਾ। ਉਨ੍ਹਾਂ ਕਿਹਾ ਕਿ ਖਰਬੂਜ਼ੇ ਦੀ ਕਾਸ਼ਤ ਕਰਨ ਲਈ ਇਕ ਏਕੜ ਵਿਚ 5500 ਰੁਪਏ ਦਾ ਤਾਂ ਬੀਜ ਹੀ ਪੈ ਜਾਂਦਾ ਹੈ। ਹੋਰ ਖ਼ਰਚਿਆਂ ਨੂੰ ਮਿਲਾ ਕੇ ਖਰਬੂਜ਼ੇ ਦੀ ਇਕ ਏਕੜ ਦੀ ਫ਼ਸਲ ਉੱਪਰ ਕਰੀਬ 20,000 ਰੁਪਏ ਦਾ ਖ਼ਰਚਾ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਠੇਕੇ ‘ਤੇ ਜ਼ਮੀਨ ਲੈ ਕੇ ਖਰਬੂਜ਼ੇ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਦਾ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਹੈ। ਰਾਈਵਾਲ ਦੋਨਾ ਦੇ ਕਿਸਾਨ ਤਰਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਠ ਏਕੜ ‘ਚ ਖਰਬੂਜ਼ੇ ਦੀ ਫ਼ਸਲ ਦੀ ਬਿਜਾਈ ਕੀਤੀ ਸੀ। ਬਲਾਈਟ ਬਿਮਾਰੀ ਨੇ ਖਰਬੂਜ਼ੇ ਦੀ ਫ਼ਸਲ ਦੀਆਂ ਵੇਲਾਂ ਹੀ ਸੁਕਾ ਦਿੱਤੀਆਂ। ਇਸ ਕਾਰਨ ਉਨ੍ਹਾਂ ਦੀ ਸਾਰੀ ਫ਼ਸਲ ਮਾਰੀ ਗਈ।
ਇਸੇ ਪਿੰਡ ਦੇ ਕਿਸਾਨ ਨਿਰਮਲ ਸਿੰਘ ਤੇ ਮਲਕੀਤ ਸਿੰਘ ਦੀ 10-10 ਏਕੜ, ਮਾਲੂਪੁਰ ਦੇ ਚੈਂਚਲ ਸਿੰਘ ਦੀ 150 ਏਕੜ ਤੇ ਜਾਨਕੀ ਦੀ 30 ਏਕੜ ਖਰਬੂਜ਼ੇ ਦੀ ਫਸਲ ਬਲਾਈਟ ਨੇ ਤਬਾਹ ਕਰ ਦਿੱਤੀ। ਕੋਟਲੀ ਗਾਜਰਾਂ ਦੇ ਬਲਜਿੰਦਰ ਸਿੰਘ ਬਿੱਟੂ ਦੀ ਕਰੀਬ 50 ਏਕੜ, ਜੱਜ ਕੋਟਲੀ ਦੀ 10 ਏਕੜ ਬਰਬਾਦ ਹੋ ਗਈ। ਇਸ ਤੋਂ ਇਲਾਵਾ ਨਿਹਾਲੂਵਾਲ, ਕੁਲਾਰ, ਕੋਟਲਾ ਹੇਰਾਂ, ਰੂਪੇਵਾਲ, ਕਾਸੂਪੁਰ, ਮੁਰੀਦਵਾਲ, ਬਾੜਾ ਜਗੀਰ, ਸੀਚੇਵਾਲ, ਤਲਵੰਡੀ ਮਾਧੋ, ਮੋਤੀਪੁਰ ਤੋਂ ਇਲਾਵਾ ਹੋਰ ਪਿੰਡਾਂ ਦੇ ਕਿਸਾਨਾਂ ਦੀ ਖਰਬੂਜ਼ੇ ਦੀ ਫ਼ਸਲ ਖ਼ਰਾਬ ਹੋਈ ਹੈ। ਕਿਸਾਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਖੇਤੀਬਾੜੀ ਵਿਕਾਸ ਅਫ਼ਸਰ ਸ਼ਾਹਕੋਟ ਨੇ ਕਿਹਾ ਕਿ ਇਸ ਵਾਰ ਖਰਬੂਜ਼ਿਆਂ ਦੀ ਅਗੇਤੀ ਫ਼ਸਲ ਬਲਾਈਟ ਨੇ ਅਤੇ ਪਛੇਤੀ ਫ਼ਸਲ ਬੇਮੌਸਮੇ ਮੀਂਹ ਨੇ ਤਬਾਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿਗਾੜ ਇਨ੍ਹਾਂ ਫ਼ਸਲਾਂ ਲਈ ਘਾਤਕ ਸਾਬਿਤ ਹੋ ਰਿਹਾ ਹੈ।