ਬੀਟੀ ਕਾਟਨ ’ਤੇ ਝੁਲਸ ਰੋਗ ਦਾ ਹਮਲਾ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਸਤੰਬਰ
ਮਾਲਵਾ ਪੱਟੀ ਵਿਚ ਬੀਟੀ ਕਾਟਨ ’ਤੇ ਹੁਣ ਝੁਲਸ ਰੋਗ ਦਾ ਹਮਲਾ ਹੋ ਗਿਆ ਹੈ। ਖੇਤੀ ਮਹਿਕਮੇ ਨੇ ਮੰਨਿਆ ਹੈ ਕਿ ਕੁਝ ਥਾਵਾਂ ’ਤੇ ਨਰਮੇ ਦੇ ਬੂਟੇ ਸੁੱਕਣੇ ਸ਼ੁਰੂ ਹੋਏ ਹਨ ਪਰ ਇਸ ਨੂੰ ਝੁਲਸ ਰੋਗ ਹੋਣ ਤੋਂ ਇਨਕਾਰ ਕੀਤਾ ਹੈ। ਮਹਿਕਮੇ ਦਾ ਕਹਿਣਾ ਹੈ ਕਿ ਇਸ ਬਿਮਾਰੀ ਨੂੰ ਬੈਕਟੇਰੀਅਲ ਲੀਫ ਬਲਾਇਟ (ਪੱਤਿਆਂ ’ਤੇ ਧੱਬੇ ਪੈਣਾ) ਕਹਿੰਦੇ ਹਨ ਤੇ ਇਹ ਦਵਾਈਆਂ ਦੇ ਛਿੜਕਾਅ ਨਾਲ ਠੀਕ ਹੋ ਜਾਂਦੀ ਹੈ। ਦੂਜੇ ਪਾਸੇ ਕਿਸਾਨ ਹੁਣ ਫਟਾ-ਫਟ ਸਪਰੇਆਂ ਕਰਨ ਲੱਗੇ ਹਨ ਪਰ ਉਨ੍ਹਾਂ ਨੂੰ ਸਪਰੇਅ ਕਰਨ ਦੇ ਬਾਵਜੂਦ ਕੋਈ ਕਾਮਯਾਬੀ ਨਹੀਂ ਮਿਲੀ। ਨਰਮੇ ਦੀ ਫ਼ਸਲ ਨੂੰ ਇਹ ਬਿਮਾਰੀ ਉਸ ਸਮੇਂ ਪਈ, ਜਦੋਂ ਬੂਟੇ ਟੀਂਡਿਆਂ ਅਤੇ ਫੁੱਲਾਂ ਨਾਲ ਲੱਦੇ ਹੋਏ ਸਨ ਅਤੇ ਫ਼ਸਲ ਪੱਕਣ ਵਾਲੇ ਪਾਸੇ ਵੱਧ ਰਹੀ ਸੀ। ਕਿਸਾਨਾਂ ਨੂੰ ਇਸ ਵਾਰ 30-35 ਮਣ ਨਰਮਾ ਨਿਕਲਣ ਦੀ ਉਮੀਦ ਸੀ ਪਰ ਉਨ੍ਹਾਂ ਨੂੰ ਹੁਣ ਆਸ ਅਨੁਸਾਰ ਨਰਮਾ ਨਿਕਲਣ ਦੀ ਉਮੀਦ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੇਤੀ ਵਿਭਾਗ ਨੂੰ ਖੁਦ ਅਜਿਹੀਆਂ ਦਵਾਈਆਂ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।