ਬੀਟੀ ਕਾਟਨ ’ਤੇ ਝੁਲਸ ਰੋਗ ਦਾ ਹਮਲਾ; ਫਸਲ ਨੁਕਸਾਨੀ
ਜੋਗਿੰਦਰ ਸਿੰਘ ਮਾਨ
ਮਾਨਸਾ, 6 ਅਕਤੂਬਰ
ਇਸ ਖੇਤਰ ਵਿੱਚ ਝੁਲਸ ਰੋਗ ਨੇ ਕਈ ਥਾਈਂ ਨਰਮੇ ਦੀ ਪੱਕ ਕੇ ਤਿਆਰ ਹੋਈ ਫ਼ਸਲ ਤਬਾਹ ਕਰ ਦਿੱਤੀ ਹੈ। ਇਸ ਕਾਰਨ ਕਿਸਾਨ ਸਹਿਮੇ ਹੋਏ ਹਨ। ਖੇਤੀ ਮਹਿਕਮੇ ਨੇ ਮੰਨਿਆ ਕਿ ਕੁਝ ਥਾਵਾਂ ’ਤੇ ਨਰਮੇ ਦੇ ਬੂਟੇ ਸੁੱਕਣੇ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਬਿਮਾਰੀ ਨੂੰ ਝੁਲਸ ਰੋਗ ਦੀ ਥਾਂ ਬੈਕਟੀਰੀਅਲ ਲੀਫ ਬਲਾਇਟ (ਪੱਤਿਆਂ ’ਤੇ ਧੱਬਿਆਂ ਦਾ ਰੋਗ) ਦੱਸਿਆ ਹੈ ਪਰ ਕਈ ਕਿਸਾਨਾਂ ਨੇ ਕਿਹਾ ਕਿ ਇਸ ਰੋਗ ਨੇ ਉਨ੍ਹਾਂ ਦੀ ਪੱਕ ਕੇ ਤਿਆਰ ਫਸਲ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਕਿਸਾਨਾਂ ਨੇ ਖੇਤੀ ਵਿਭਾਗ ਅਨੁਸਾਰ ਸਪਰੇਆਂ ਕੀਤੀਆਂ ਸਨ ਪਰ ਇਸ ਨਾਲ ਵੀ ਉਨ੍ਹਾਂ ਨੂੰ ਫਸਲ ਬਚਾਉਣ ਵਿੱਚ ਕਾਮਯਾਬੀ ਨਾ ਮਿਲੀ।
ਜਾਣਕਾਰੀ ਅਨੁਸਾਰ ਪਹਿਲਾਂ ਨਰਮੇ ਦੇ ਪੱਤੇ ਸੁੱਕਣੇ ਸ਼ੁਰੂ ਹੋਏ ਸਨ ਪਰ ਹੁਣ ਇਸ ਫ਼ਸਲ ਦੇ ਟੀਂਡੇ ਵੀ ਖਰਾਬ ਹੋ ਗਏ ਹਨ। ਕਿਸਾਨਾਂ ਨੂੰ ਪਹਿਲਾਂ 30-35 ਮਣ ਨਰਮੇ ਨਿਕਲਣ ਦੀ ਉਮੀਦ ਸੀ, ਉਹ ਹੁਣ ਤੀਜੇ ਹਿੱਸੇ ਤੋਂ ਵੀ ਥੱਲੇ ਨਿਕਲਣ ਦੀ ਉਮੀਦ ਹੈ। ਖੇਤੀ ਵਿਭਾਗ ਵੱਲੋਂ ਕਿਹਾ ਜਾ ਰਿਹ ਹੈ ਕਿ ਇਹ ਰੋਗ ਕੇਵਲ ਗੈਰ ਮਾਨਤਾ ਪ੍ਰਾਪਤ ਕਿਸਮਾਂ ਨੂੰ ਪਿਆ ਹੈ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੁੱਕੇ ਬੂਟਿਆਂ ਨੂੰ ਵੇਖ ਕੇ ਕਿਸਾਨ ਸਹਿਮ ਗਏ ਹਨ। ਇਸ ਕਰ ਕੇ ਖੇਤੀ ਵਿਭਾਗ ਨੂੰ ਸਸਤੀਆਂ ਦਰਾਂ ’ਤੇ ਦਵਾਈਆਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਵਿਚ ਨਰਮਾ ਲਗਾਤਾਰ ਨੁਕਸਾਨਿਆ ਜਾ ਰਿਹਾ ਹੈ। ਇਸ ਫਸਲ ਨੂੰ ਕਦੇ ਸੁੰਡੀ, ਕਦੇ ਤੇਲਾ ਤੇ ਕਦੇ ਝੁਲਸ ਰੋਗ ਆ ਘੇਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤੇ ਕਿਸਾਨ ਪੱਖੀ ਨੀਤੀਆਂ ਬਣਨੀਆਂ ਚਾਹੀਦੀਆਂ ਹਨ ਤਾਂ ਕਿ ਕਿਸਾਨਾਂ ਨੂੰ ਹੋਰ ਆਰਥਿਕ ਮਾਰ ਨਾ ਪਵੇ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਵਿਭਾਗ ਦੇ ਕਹੇ ਅਨੁਸਾਰ ਬੀਜ ਤੇ ਸਪਰੇਆਂ ਵਰਤਣੀਆਂ ਚਾਹੀਦੀਆਂ ਹਨ ਤੇ ਮਾਹਿਰਾਂ ਦੇ ਸੁਝਾਅ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਨਾਲ ਪਹਿਲਾਂ ਪੱਤੇ ਲਾਲ ਹੁੰਦੇ ਹਨ ਅਤੇ ਪਿੱਛੋਂ ਸੁੱਕ ਕੇ ਹੇਠਾਂ ਡਿੱਗਣ ਲੱਗ ਪੈਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪੋਟਾਸ਼ੀਅਮ ਨਾਈਟ੍ਰੇਟ 2 ਕਿਲੋ ਪ੍ਰਤੀ ਏਕੜ ਦੀਆਂ ਹਫ਼ਤੇ ਹਫ਼ਤੇ ਬਾਅਦ ਤਿੰਨ ਸਪਰੇਆਂ ਕਰਨ।