For the best experience, open
https://m.punjabitribuneonline.com
on your mobile browser.
Advertisement

ਬਲੇਚਲੇ ਐਲਾਨਨਾਮਾ

08:05 AM Nov 09, 2023 IST
ਬਲੇਚਲੇ ਐਲਾਨਨਾਮਾ
Advertisement

ਇੰਗਲੈਂਡ ਵਿਚ ਪਿਛਲੇ ਹਫ਼ਤੇ ਮਸਨੂਈ ਬੁੱਧੀ (Artificial intelligence) ਸਬੰਧੀ ਸਿਖਰ ਵਾਰਤਾ ਵਿਚ ਭਾਰਤ ਸਮੇਤ 28 ਦੇਸ਼ਾਂ ਨੇ ਹਿੱਸਾ ਲਿਆ। ਬਕਿੰਘਮਸ਼ਾਇਰ ਦੇ ਬਲੇਚਲੇ ਪਾਰਕ ਵਿਚ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਜਾਰੀ ਐਲਾਨਨਾਮੇ ਵਿਚ ਇਸ ਵਰਤਾਰੇ ਤੋਂ ਪੈਦਾ ਹੋਏ ਖ਼ਤਰਿਆਂ ਦਾ ਜ਼ਿਕਰ ਹੈ।
ਪੰਜਾਬੀ ਵਿਚ ‘artificial’ ਸ਼ਬਦ ਦੇ ਅਰਥ ਨਿਰਮਤ, ਸ਼ਿਲਪ-ਨਿਰਮਤਿ, ਬਣਾਵਟੀ, ਨਕਲੀ, ਝੂਠਾ/ਝੂਠੀ ਆਦਿ ਹਨ। ਅਸੀਂ ਇਸ ਨੂੰ ਕੰਪਿਊਟਰ ਨਿਰਮਤ ਬੁੱਧੀ ਕਹਿ ਸਕਦੇ ਹਾਂ ਕਿਉਂਕਿ ਇਸ ਦੀ ਪੈਦਾਵਾਰ ਕੰਪਿਊਟਰਾਂ ਰਾਹੀਂ ਹੋਈ ਤੇ ਹੋ ਰਹੀ ਹੈ। ਕੰਪਿਊਟਰ ਆਪਣੇ ਆਪ ਵਿਚ ਗਿਆਨ/ਬੁੱਧੀ ਪੈਦਾ ਕਰਨ ਦੇ ਸਮਰੱਥ ਨਹੀਂ; ਉਸ ਨੂੰ ਗਿਆਨ/ਬੁੱਧੀ ਮਨੁੱਖ ਮੁਹੱਈਆ ਕਰਦਾ ਹੈ ਅਤੇ ਸਾਫਟਵੇਅਰ ਦੇ ਉਹ ਸੰਦ ਜਿਨ੍ਹਾਂ ਰਾਹੀਂ ਉਸ ਗਿਆਨ ਨੂੰ ਹਿਸਾਬ, ਅਲਜਬਰੇ, ਗਿਆਨ ਖੇਤਰ ਦੇ ਹੋਰ ਖੇਤਰਾਂ ਅਤੇ ਸੰਭਾਵਨਾਵਾਂ ਨਾਲ ਸਬੰਧਤਿ ਕਰ ਕੇ ਨਿਰਮਤ ਗਿਆਨ ਦਾ ਵਿਕਾਸ ਹੁੰਦਾ ਹੈ, ਵੀ ਮਨੁੱਖ ਤੋਂ ਪ੍ਰਾਪਤ ਹੁੰਦੇ ਹਨ। ਕੰਪਿਊਟਰਾਂ ਦੀ ਸਹਾਇਤਾ ਨਾਲ ਮਨੁੱਖੀ ਗਿਆਨ ਦੇ ਅਥਾਹ ਸੋਮਿਆਂ ਨੂੰ ਮਿਲਾ ਕੇ ਹੀ ਸਾਡੇ ਸਾਹਮਣੇ ਨਿਰਮਤ ਗਿਆਨ-ਸਮੱਗਰੀ ਥੋੜ੍ਹੇ ਸਮੇਂ ’ਚ ਪਰੋਸੀ ਜਾਂਦੀ ਹੈ ਜਿਸ ਨੂੰ ਏਨੀ ਤੇਜ਼ੀ ਨਾਲ ਬਣਾਉਣਾ ਆਮ ਮਨੁੱਖ ਦੀ ਸਮਰੱਥਾ ’ਚ ਨਹੀਂ ਹੁੰਦਾ।
ਕੰਪਿਊਟਰ ਨਿਰਮਤ ਬੁੱਧੀ ਨੂੰ ਸਕਾਰਾਤਮਕ ਤੌਰ ’ਤੇ ਵੀ ਵਰਤਿਆ ਜਾ ਸਕਦਾ ਹੈ ਪਰ ਬਹੁਤ ਸਾਰੇ ਵਿਦਵਾਨਾਂ ਤੇ ਚਿੰਤਕਾਂ ਨੂੰ ਇਸ ਵਿਚ ਵੱਡੇ ਖ਼ਤਰੇ ਨਜ਼ਰ ਆ ਰਹੇ ਹਨ। ਪਹਿਲਾ ਖ਼ਤਰਾ ਇਜਾਰੇਦਾਰੀ ਦਾ ਹੈ; ਕੰਪਿਊਟਰ ਨਿਰਮਤ ਬੁੱਧੀ ਕੁਝ ਵੱਡੇ ਕੰਪਿਊਟਰ ਅਦਾਰਿਆਂ ਦੀ ਮਲਕੀਅਤ ਹੈ; ਇਸ ਦਾ ਰੂਪ ਹੀ ਅਜਿਹਾ ਹੈ ਕਿ ਇਸ ਦਾ ਵਾਧਾ ਅਜਿਹੀਆਂ ਕੰਪਨੀਆਂ ਕਰ ਸਕਦੀਆਂ ਹਨ ਜੋ ਕੰਪਿਊਟਰਾਂ ਅਤੇ ਉਨ੍ਹਾਂ ਨੂੰ ਚਲਾਉਣ ਦੀ ਸਮਰੱਥਾ ਵਿਚ ਅਥਾਹ ਪੈਸਾ ਲਗਾਉਣ ਦੀ ਸਮਰੱਥਾ ਰੱਖਦੀਆਂ ਹੋਣ; ਕਿਸੇ ਕੰਪਨੀ ਕੋਲ ਕੰਪਿਊਟਰਾਂ, ਸਰਵਰਾਂ ਆਦਿ ਦੇ ਜਿੰਨੇ ਵੱਡੇ ਨੈਟਵਰਕ ਹੋਣਗੇ ਅਤੇ ਕੰਪਿਊਟਿੰਗ ਤੇ ਸੁਪਰ-ਕੰਪਿਊਟਿੰਗ ਕਰਨ ਦੀ ਜਿੰਨੀ ਜ਼ਿਆਦਾ ਸਮਰੱਥਾ ਹੋਵੇਗੀ, ਉਨੀ ਹੀ ਕੰਪਿਊਟਰ ਨਿਰਮਤ ਬੁੱਧੀ ਤੇ ਗਿਆਨ ’ਤੇ ਉਸ ਦੀ ਇਜਾਰੇਦਾਰੀ ਜ਼ਿਆਦਾ ਹੋਵੇਗੀ। ਕੁਝ ਸਮੇਂ ਲਈ ਜਾਂ ਸੀਮਤ ਰੂਪ ਵਿਚ ਕਈ ਵਾਰ ਕੁਝ ਛੋਟੀਆਂ ਫਰਮਾਂ ਇਸ ਗਿਆਨ-ਪੈਦਾਵਾਰ ਵਿਚ ਹਿੱਸਾ ਪਾ ਸਕਦੀਆਂ ਹਨ ਪਰ ਤਜਰਬਾ ਦੱਸਦਾ ਹੈ ਕਿ ਆਮ ਕਰ ਕੇ ਕਾਰਪੋਰੇਟ ਅਦਾਰੇ ਅਜਿਹੀਆਂ ਕੰਪਨੀਆਂ/ਫਰਮਾਂ ਨੂੰ ਖਰੀਦ ਲੈਂਦੇ ਹਨ। ਬਲੇਚਲੇ ਐਲਾਨਨਾਮੇ ਵਿਚ ਮਨੁੱਖੀ ਅਧਿਕਾਰਾਂ, ਪਾਰਦਰਸ਼ਤਾ, ਜਵਾਬਦੇਹੀ, ਨਿਗਰਾਨੀ, ਸੁਰੱਖਿਆ, ਨਿੱਜਤਾ, ਡੇਟਾ ਸੁਰੱਖਿਆ ਜਿਹੇ ਵਿਸ਼ਿਆਂ ਬਾਰੇ ਚੇਤੰਨ ਕੀਤਾ ਗਿਆ ਹੈ। ਮਨੁੱਖੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਬਹੁਤ ਸਾਰੇ ਮਾਹਿਰਾਂ ਦਾ ਖਿਆਲ ਹੈ ਕਿ ਇਸ ਐਲਾਨਨਾਮੇ ਨੂੰ ਚੰਗੀ ਸ਼ੁਰੂਆਤ ਕਿਹਾ ਜਾ ਸਕਦਾ ਹੈ ਪਰ ਇਹ ਪ੍ਰਤੀਕਾਤਮਕ (symbolic) ਹੈ; ਜੇ ਸਰਕਾਰਾਂ ਇਸ ਪ੍ਰਤੀ ਫ਼ਿਕਰਮੰਦ ਹਨ ਤਾਂ ਉਨ੍ਹਾਂ ਨੂੰ ਆਪਸੀ ਸਹਿਯੋਗ ਨਾਲ ਇਸ ਸਬੰਧੀ ਪੁਖ਼ਤਾ ਵਿਉਂਤਬੰਦੀ ਕਰਨੀ ਪਵੇਗੀ। ਕੰਪਿਊਟਰ ਨਿਰਮਤ ਬੁੱਧੀ/ਗਿਆਨ ’ਤੇ ਨਿਗਾਹਬਾਨੀ ਕਰਨਾ ਮਨੁੱਖਤਾ ਲਈ ਵੱਡੀ ਚੁਣੌਤੀ ਬਣ ਰਿਹਾ ਹੈ।

Advertisement

Advertisement
Author Image

Advertisement
Advertisement
×