ਦਿੱਲੀ ਦੇ ਰੋਹਿਨੀ ਵਿਚ ਸੀਆਰਪੀਐੱਫ ਦੇ ਸਕੂਲ ਨੇੜੇ ਧਮਾਕਾ
ਨਵੀਂ ਦਿੱਲੀ, 20 ਅਕਤੂਬਰ
ਦਿੱਲੀ ਦੇ ਰੋਹਿਨੀ ਵਿਚ ਪ੍ਰਸ਼ਾਂਤ ਵਿਹਾਰ ਇਲਾਕੇ ’ਚ ਸੀਆਰਪੀਐੱਫ ਦੇ ਸਕੂਲ ਨੇੜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਦਿੱਲੀ ਫਾਇਰ ਸੇਵਾ (ਡੀਐੱਫਐੱਸ) ਨੇ ਕਿਹਾ ਕਿ ਧਮਾਕੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਰੋਹਿਨੀ ਦੇ ਸੈਕਟਰ 14 ਵਿਚ ਸੀਆਰਪੀਐੱਫ ਸਕੂਲ ਨੇੜੇ ਹੋਏ ਧਮਾਕੇ ਮਗਰੋਂ ਅੱਗ ਨੈਸ਼ਨਲ ਸਕਿਓਰਿਟੀ ਗਾਰਡ (ਐੱਨਐੱਸਜੀ), ਕੌਮੀ ਜਾਂਚ ਏਜੰਸੀ (ਐੱਨਆਈਏ), ਬੰਬ ਨਕਾਰਾ ਦਸਤੇ ਤੇ ਪੁਲੀਸ ਫੋਰੈਂਸਿਕ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਪੁਲੀਸ ਮੁਤਾਬਕ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਕੂਲ ਦੀ ਕੰਧ, ਨੇੜਲੀਆਂ ਦੁਕਾਨਾਂ ਤੇ ਇਕ ਕਾਰ ਨੂੰ ਨੁਕਸਾਨ ਪੁੱਜਾ ਹੈ। ਡੀਐੱਫਐੱਸ ਅਧਿਕਾਰੀਆਂ ਨੇ ਕਿਹਾ, ‘‘ਸਾਨੂੰ ਸਵੇਰੇ 7:50 ਵਜੇ ਸੀਆਰਪੀਐੱਫ ਸਕੁੂਲ ਦੀ ਚਾਰਦੀਵਾਰੀ ਨੇੜੇ ਧਮਾਕੇ ਬਾਰੇ ਸੂਚਨਾ ਮਿਲੀ ਸੀ। ਅਸੀਂ ਫੌਰੀ ਦੋ ਅੱਗ ਬੁਝਾਊ ਗੱਡੀਆਂ ਮੌਕੇ ’ਤੇੇ ਭੇਜੀਆਂ। ਹਾਲਾਂਕਿ ਉਥੇ ਕੋਈ ਅੱਗ ਨਹੀਂ ਲੱਗੀ ਸੀ ਤੇ ਕੋਈ ਵੀ ਜ਼ਖ਼ਮੀ ਨਹੀਂ ਸੀ, ਜਿਸ ਕਰਕੇ ਸਾਡੀਆਂ ਗੱਡੀਆਂ ਮੁੜ ਆਈਆਂ।’’ ਉਂਝ ਧਮਾਕੇ ਦਾ ਪਤਾ ਲੱਗਦੇ ਹੀ ਅਪਰਾਧ ਸ਼ਾਖਾ ਤੇ ਸਪੈਸ਼ਲ ਸੈੱਲ ਸਣੇ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਸਾਡੀ ਫੋਰੈਂਸਿਕ ਟੀਮ ਤੇ ਅਪਰਾਧ ਯੂਨਿਟ ਨੇ ਧਮਾਕੇ ਵਾਲੀ ਥਾਂ ਤੋਂ ਨਮੂਨੇ ਇਕੱਤਰ ਕੀਤੇ ਹਨ। ਇਹ ਪਟਾਕਿਆਂ ਦਾ ਧਮਾਕਾ ਹੋ ਸਕਦਾ ਹੈ, ਪਰ ਅਸੀਂ ਸਾਰੇ ਪੱਖਾਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ।’’ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। -ਪੀਟੀਆਈ