ਅੰਮ੍ਰਿਤਸਰ ਦੀ ਗੁਰਬਖਸ਼ ਨਗਰ ਪੁਲੀਸ ਚੌਕੀ ’ਚ ਧਮਾਕਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਨਵੰਬਰ
ਸ਼ਹਿਰ ਦੇ ਅੰਦਰੂਨੀ ਇਲਾਕੇ ਵਿੱਚ ਸਥਿਤ ਗੁਰਬਖਸ਼ ਨਗਰ ਪੁਲੀਸ ਚੌਕੀ ਵਿੱਚ ਅੱਜ ਤੜਕੇ ਵੱਡਾ ਧਮਾਕਾ ਹੋਇਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਲਾਕੇ ਦੇ ਲੋਕਾਂ ਮੁਤਾਬਕ ਇਹ ਘਟਨਾ ਅੱਜ ਸਵਰੇ ਤੜਕੇ ਵਾਪਰੀ। ਅੱਜ ਸਵੇਰੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਫੋਰੈਂਸਿਕ ਟੀਮਾਂ ਨੂੰ ਸੱਦਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੁਲੀਸ ਚੌਕੀ ਪਿਛਲੇ ਪੁਲੀਸ ਕਮਿਸ਼ਨਰ ਵੱਲੋਂ ਬੰਦ ਕਰ ਦਿੱਤੀ ਗਈ ਸੀ ਤੇ ਇਹ ਇਮਾਰਤ ਪੁਲੀਸ ਵਿਭਾਗ ਦੇ ਕਬਜ਼ੇ ਵਿੱਚ ਸੀ। ਇਲਾਕਾਵਾਸੀ ਸੁਬਾਸ਼ ਕਪੂਰ ਨੇ ਦੱਸਿਆ ਕਿ ਇਹ ਧਮਾਕਾ ਤੜਕੇ 3 ਵਜੇ ਹੋਇਆ ਤੇ ਡਰ ਕਾਰਨ ਕੋਈ ਵੀ ਬਾਹਰ ਨਹੀਂ ਨਿਕਲਿਆ। ਪੁਲੀਸ ਨੇ ਇਲਾਕਾ ਸੀਲ ਕਰ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਦਿਹਾਤੀ ਖੇਤਰ ਵਿੱਚ ਅਜਨਾਲਾ ਪੁਲੀਸ ਥਾਣੇ ਦੇ ਬਾਹਰ ਵੀ ਵਿਸਫੋਟਕ ਸਮੱਗਰੀ ਬਰਾਮਦ ਹੋਈ ਸੀ।
ਗੈਂਗਸਟਰ ਹੈਪੀ ਪਛੀਆਂ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ
ਵਿਦੇਸ਼ ਅਧਾਰਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਛੀਆਂ ਵੱਲੋਂ ਗੁਰਬਖਸ਼ ਨਗਰ ਪੁਲੀਸ ਚੌਕੀ ਧਮਾਕੇ ਦੀ ਜ਼ਿੰਮੇਵਾਰੀ ਲਈ ਗਈ ਹੈ। ਉਸ ਵੱਲੋਂ ਇਹ ਖੁਲਾਸਾ ਆਪਣੇ ਸੋਸ਼ਲ ਮੀਡੀਆ ਮੰਚ ਰਾਹੀਂ ਕੀਤਾ ਗਿਆ ਹੈ ਪਰ ਪੁਲੀਸ ਅਧਿਕਾਰੀਆਂ ਨੇ ਇਸ ਬਾਰੇ ਚੁੱਪ ਧਾਰੀ ਹੋਈ ਹੈ।