ਬੇਅਦਬੀ ਕਾਂਡ: ਪਸ਼ਚਾਤਾਪ ਸਮਾਗਮ ਦੌਰਾਨ ਫੜੇ ਦੋਵੇਂ ਸ਼ੱਕੀ ਪੁਲੀਸ ਮੁਲਾਜ਼ਮ ਨਿਕਲੇ
ਦਲੇਰ ਸਿੰਘ ਚੀਮਾ
ਭੁਲੱਥ, 23 ਅਗਸਤ
ਭਗਵਾਨਪੁਰ ਦੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ ਪਿੰਡ ਦੀ ਸੰਗਤ ਵਲੋਂ ਕਰਵਾਏ ਗਏ ਅਖੰਡ ਪਾਠ ਦੇ ਭੋਗ ਮੌਕੇ ਦੋ ਸ਼ੱਕੀ ਵਿਅਕਤੀਆਂ ਨੂੰ ਫੜਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਭੋਗ ਸਮਾਗਮ ਦੌਰਾਨ ਦੋ ਵਿਅਕਤੀ ਸੰਗਤ ਵਿੱਚ ਸ਼ਾਮਲ ਹੋਏ ਤੇ ਇਹ ਸ਼ੱਕੀ ਹਰਕਤਾਂ ਕਰ ਰਹੇ ਸਨ। ਉਨ੍ਹਾਂ ਦੀਆਂ ਹਰਕਤਾਂ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਸਟੇਨਗੰਨ ਬਰਾਮਦ ਹੋਈ ਅਤੇ ਥੈਲੇ ਵਿਚੋਂ ਇਕ ਸਰਿੰਜ ਤੇ ਖ਼ਸਖ਼ਸ ਵੀ ਮਿਲੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਦੋਵਾਂ ਨੂੰ ਭੁਲੱਥ ਪੁਲੀਸ ਦੇ ਹਵਾਲੇ ਕਰ ਦਿੱਤਾ। ਲੋਕਾਂ ਅਨੁਸਾਰ ਸ਼ੱਕੀ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਉਹ ਗ੍ਰੰਥੀ ਨੂੰ ਜਾਣਦੇ ਹਨ, ਜਿਸ ਕਾਰਨ ਗ੍ਰੰਥੀ ’ਤੇ ਵੀ ਸ਼ੱਕ ਦੀ ਸੂਈ ਘੁੰਮਦੀ ਹੈ। ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਕਿ ਇਹ ਦੋਵੇਂ ਵਿਅਕਤੀ ਪੁਲੀਸ ਮੁਲਾਜ਼ਮ ਹਨ ਤੇ ਘਟਨਾ ਸਬੰਧੀ ਸੂਚਨਾ ਉਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪਿੰਡ ਵਾਸੀਆਂ ਨੇ ਪੁੱਛਿਆ ਕਿ ਇਹ ਪੁਲੀਸ ਮੁਲਾਜ਼ਮ ਭਗਵਾਨਪੁਰ ਦੇ ਗੁਰਦੁਆਰੇ ਵਿਚ ਹਥਿਆਰ ਸਣੇ ਕੀ ਕਰਨ ਗਏ ਸਨ ਤੇ ਮੁਲਾਜ਼ਮਾਂ ਦੇ ਸਾਮਾਨ ਵਿਚੋਂ ਸਰਿੰਜ ਦਾ ਮਿਲਣਾ ਜਾਂਚ ਦਾ ਵਿਸ਼ਾ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਉਚ ਪੱਧਰੀ ਤਫ਼ਤੀਸ਼ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਬੇਅਦਬੀ ਹੋਣ ਤੋਂ ਬਾਅਦ ਇਲਾਕੇ ’ਚ ਇਹ ਮਾਮਲਾ ਕਾਫੀ ਭਖ਼ਿਆ ਹੋਇਆ ਹੈ।