ਬੇਅਦਬੀ ਕਾਂਡ: ਪ੍ਰਦੀਪ ਕਲੇਰ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ
ਜਸਵੰਤ ਜੱਸ
ਫਰੀਦਕੋਟ, 12 ਫਰਵਰੀ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਕਥਿਤ ਤੌਰ ’ਤੇ ਸ਼ਾਮਲ ਪ੍ਰਦੀਪ ਕਲੇਰ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਪੁੱਛ-ਪੜਤਾਲ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ ਅਤੇ ਪ੍ਰਦੀਪ ਕਲੇਰ ਆਪਣੇ ਕਰੀਬੀ ਸਾਥੀ ਹਰਸ਼ ਧੁਰੀ ਤੇ ਸੰਦੀਪ ਬਰੇਟਾ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ। ਅਦਾਲਤ ਨੇ ਪ੍ਰਦੀਪ ਕਲੇਰ ਨੂੰ ਦੋ ਦਿਨਾਂ ਲਈ ਹੋਰ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ। ਇਸੇ ਦਰਮਿਆਨ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਐੱਸਪੀ ਐੱਸ ਪਰਮਾਰ ਅਤੇ ਸੀਆਈਏ ਸਟਾਫ਼ ਫ਼ਰੀਦਕੋਟ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਲੰਬੀ ਪੁੱਛ- ਪੜਤਾਲ ਕੀਤੀ। ਸੂਚਨਾ ਅਨੁਸਾਰ ਪ੍ਰਦੀਪ ਕਲੇਰ ਤੋ ਮਿਲੇ ਕੁਝ ਸੁਰਾਗਾਂ ਮਗਰੋਂ ਵਿਸ਼ੇਸ਼ ਜਾਂਚ ਟੀਮ ਨੇ ਹਰਸ਼ ਧੁਰੀ ਅਤੇ ਸੰਦੀਪ ਬਰੇਟਾ ਦੀ ਗ੍ਰਿਫ਼ਤਾਰੀ ਲਈ ਛਾਪੇ ਵੀ ਮਾਰੇ ਹਨ। ਪ੍ਰਦੀਪ ਕਲੇਰ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦਾ ਮੈਂਬਰ ਹੈ ਅਤੇ ਪੁਲੀਸ ਦੀ ਪੜਤਾਲ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਵੀ ਡੇਰੇ ਅੰਦਰ ਰਚੀ ਗਈ ਸੀ। ਪ੍ਰਦੀਪ ਕਲੇਰ ਪੁਲੀਸ ਨੂੰ ਦਸ ਮੁਕੱਦਮਿਆਂ ਵਿੱਚ ਲੋੜੀਂਦਾ ਸੀ। ਪ੍ਰਦੀਪ ਕਲੇਰ ਨੇ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਮਹਿੰਦਰਪਾਲ ਬਿੱਟੂ ਦੀ ਡੇਰਾ ਮੁਖੀ ਨਾਲ ਕਥਿਤ ਤੌਰ ’ਤੇ ਮੁਲਾਕਾਤ ਵੀ ਕਰਵਾਈ ਸੀ। ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਵੀ ਬੇਅਦਬੀ ਕਾਂਡ ਦੇ ਕੇਸਾਂ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸੀ, ਜਿਸ ਦਾ ਚਾਰ ਸਾਲ ਪਹਿਲਾਂ ਨਾਭਾ ਦੀ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ।