ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਅਦਬੀ ਮਾਮਲਾ: ਮੋਹਲਗੜ੍ਹ ਵਾਸੀਆਂ ਵੱਲੋਂ ਪਸ਼ਚਾਤਾਪ ਲਈ ਸੇਵਾ ਸ਼ੁਰੂ

10:45 AM Oct 25, 2023 IST
ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਸੇਵਾ ਕਾਰਜ ਕਰਦੀ ਹੋਈ ਮੋਹਲਗੜ੍ਹ ਦੀ ਸੰਗਤ।

ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਕਤੂਬਰ
ਪਟਿਆਲਾ ਜ਼ਿਲ੍ਹੇ ਦੇ ਹਰਿਆਣਾ ਦੀ ਹੱਦ ’ਤੇ ਪੈਂਦੇ ਪਿੰਡ ਮੋਹਲਗੜ੍ਹ ’ਚ 19 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਦੇ ਮੱਦੇਨਜ਼ਰ ਪਿੰਡ ਵਾਸੀਆਂ ਵੱਲੋਂ ਅੱਜ ਤੋਂ ਇਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿੱਚ ਸੇਵਾ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਪਿੰਡ ਵਾਸੀਆਂ ਵੱਲੋਂ ਪਸ਼ਚਾਤਾਪ ਲਈ ਇਹ ਸੇਵਾ ਅਕਾਲ ਤਖਤ ਵੱਲੋਂ ਜਾਰੀ ਕੀਤੇ ਗਏ ਹੁਕਮਾਂ ’ਤੇ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ 19 ਅਕਤੂਬਰ 2023 ਨੂੰ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਪਿੰਡ ਮੋਹਲਗੜ੍ਹ ਵਿਚਲੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਪਾੜਨ ਮਗਰੋਂ ਅੱਗ ਲਗਾ ਦਿੱਤੀ ਗਈ ਸੀ। ਭਾਵੇਂ ਇਹ ਆਪਣੇ ਆਪ ’ਚ ਵੱਡੀ ਘਟਨਾ ਸੀ, ਪਰ ਘਟਨਾ ਮਗਰੋਂ ਮੌਕੇ ’ਤੇ ਅੱਪੜੇ ਐੱਸਐੱਸਪੀ ਵਰੁਣ ਸ਼ਰਮਾ, ਡੀਐੱਸਪੀ ਗੁਰਦੇਵ ਧਾਲ਼ੀਵਾਲ ਅਤੇ ਹੋਰ ਪੁਲੀਸ ਵਾਲਿਆਂ ਨੇ ਮਾਮਲੇ ਨੂੰ ਬੜੇ ਢੰਗ ਨਾਲ ਹੱਲ ਕੀਤਾ। ਅਗਲੇ ਦਿਨ ਹੀ ਸ਼੍ਰ੍ਰੋਮਣੀ ਕਮੇਟੀ ਦੀ ਟੀਮ ਸਮੇਤ ਭਾਈ ਬਲਜੀਤ ਸਿੰਘ ਦਾਦੂਵਾਲ, ਬਾਬਾ ਬਖਸ਼ੀਸ਼ ਸਿੰਘ, ਭਾਈ ਬਲਜਿੰਦਰ ਸਿੰਘ ਪਰਵਾਨਾ ਸਮੇਤ ਹੋਰ ਵੱਖ-ਵੱਖ ਸਿੱਖ ਸੰਗਠਨਾਂ ਦੇ ਨੁਮਾਇੰਦੇ ਵੀ ਇਸ ਪਿੰਡ ’ਚ ਪੁੱਜ ਗਏ ਸਨ। ਵਿਚਾਰ ਚਰਚਾ ਦੌਰਾਨ ਸਾਹਮਣੇ ਆਇਆ ਸੀ ਕਿ ਇਸ ਨਗਰ ਦੀ ਸੰਗਤ ’ਚ ਵਧੇਰੇ ਪਿਆਰ, ਸੇਵਾਭਾਵਨਾ, ਏਕਾ ਤੇ ਗੁਰੂ ਘਰ ’ਚ ਅਥਾਹ ਵਿਸ਼ਵਾਸ਼ ਰੱਖਣ ਵਾਲੀ ਵੀ ਹੈ, ਪਰ ਪਿੰਡ ਦਾ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਕਮੇਟੀ ਨਹੀਂ ਹੈ। ਕਮੇਟੀ ਦਾ ਨਾ ਹੋਣਾ ਵੀ ਬੇਅਦਬੀ ਦੀ ਘਟਨਾ ਵਾਪਰਨ ਦਾ ਇੱਕ ਕਾਰਨ ਮੰਨਿਆ ਗਿਆ। ਸਰਬਸੰਮਤੀ ਨਾਲ ਹੋਏ ਫ਼ੈਸਲੇ ਦੌਰਾਨ ਸ਼੍ਰੋਮਣੀ ਕਮੇਟੀ ਨੁਕਸਾਨੇ ਗਏ ਸਰੂਪ ਸਮੇਤ ਦੋ ਹੋਰ ਸਾਬਤ ਸੂਰਤ ਸਰੂਪ ਵੀ ਪਟਿਆਲਾ ਲੈ ਆਈ ਸੀ, ਜੋ ਕਮੇਟੀ ਦੇ ਗਠਨ ਮਗਰੋਂ ਹੀ ਪਿੰਡ ’ਚ ਪਹੁੰਚਾਏ ਜਾਣਗੇ। ਇਸ ਮੌਕੇ ਹੋਏ ਫ਼ੈਸਲੇ ਦੇ ਤਹਿਤ ਹੀ ਪਿੰਡ ਦੇ ਮੋਹਤਬਰਾਂ ਦਾ ਜਥਾ 22 ਅਕਤੂਬਰ ਨੂੰ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਇਆ। ਇਸ ਦੌਰਾਨ ਇਸ ਘਟਨਾ ’ਤੇ ਪਸਚਾਤਾਪ ਲਈ ਸਿੰਘ ਸਾਹਿਬ ਵੱਲੋਂ ਨਗਰ ਨਿਵਾਸੀਆਂ ਨੂੰ ਲਗਾਤਾਰ ਪੰਜ ਦਿਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਸੇਵਾ ਕਰਨ ਦੇ ਹੁਕਮ ਕੀਤੇ ਗਏ। ਇਸ ਦੇ ਚੱਲਦਿਆਂ ਹੀ ਅੱਜ ਮੋਹਲਗੜ੍ਹ ਦੀ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਪੁੱਜ ਕੇ ਸੇਵਾ ਸ਼ੁਰੂ ਕੀਤੀ। ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੇ ਜਸਮੇਰ ਸਿੰਘ ਲਾਛੜੂ ਸਮੇਤ ਮੈਨੇਜਰ ਕਰਨੈਲ ਸਿੰਘ ਵਿਰਕ, ਹਰਵਿੰਦਰ ਕਾਲ਼ਵਾ, ਸੁਖਬੀਰ ਅਬਲੋਵਾਲ, ਕਿਸਾਨ ਆਗੂ ਜਸਦੇਵ ਨੂਗੀ ਆਦਿ ਨੇ ਮੋਹਲਗੜ੍ਹ ਦੀ ਇਸ ਸੰਗਤ ਨਾਲ ਮੁਲਾਕਾਤ ਵੀ ਕੀਤੀ।

Advertisement

Advertisement