ਬੇਅਦਬੀ ਮਾਮਲਾ: ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਨਵੰਬਰ
ਇੱਥੋਂ ਦੀ ਅਦਾਲਤ ਨੇ ਦਿੱਲੀ ਦੇ ਮਹਿਰੌਲੀ ਤੋਂ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਅੱਠ ਸਾਲ ਪੁਰਾਣੇ ਕੁਰਾਨ ਸ਼ਰੀਫ਼ ਦੀ ਬੇਅਦਬੀ ਸਬੰਧੀ ਮਾਮਲੇ ਵਿੱਚ ਅੱਜ ਦੋ ਸਾਲ ਦੀ ਸਜ਼ਾ ਸੁਣਾਈ ਹੈ ਅਤੇ 11 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ 24 ਜੂਨ 2016 ਨੂੰ ਮਾਲੇਰਕੋਟਲਾ ਵਿੱਚ ਵਾਪਰੇ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਵਿੱਚ ਵਿਧਾਇਕ ਨਰੇਸ਼ ਯਾਦਵ ਨੂੰ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਅਦਾਲਤ ਨੇ ਨਰੇਸ਼ ਯਾਦਵ ਨੂੰ ਅੱਜ ਧਾਰਾ 295 ਤਹਿਤ ਦੋ ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ, ਧਾਰਾ 153-ਏ ਤਹਿਤ ਦੋ ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 120-ਬੀ ਤਹਿਤ ਛੇ ਮਹੀਨੇ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਵੱਖ-ਵੱਖ ਧਾਰਾਵਾਂ ਹੇਠ ਸੁਣਾਈਆਂ ਇਹ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ। ਪੁਲੀਸ ਨੇ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਅੱਜ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਸ਼ਿਕਾਇਤਕਰਤਾ ਮੁਹੰਮਦ ਅਸ਼ਰਫ ਦੇ ਵਕੀਲ ਕਾਜ਼ਮ ਅਲੀ ਖ਼ਾਨ ਅਤੇ ਬਚਾਅ ਪੱਖ ਦੇ ਵਕੀਲ ਨਰੇਸ਼ ਯਾਦਵ ਦੇ ਵਕੀਲ ਐੱਨ ਐੱਸ ਧਾਲੀਵਾਲ ਮੌਜੂਦ ਸਨ।
ਮਾਮਲਾ ਰਾਜਨੀਤੀ ਤੋਂ ਪ੍ਰੇਰਿਤ: ਯਾਦਵ
ਜ਼ਿਲ੍ਹਾ ਅਦਾਲਤ ਦੇ ਫ਼ੈਸਲੇ ਮਗਰੋਂ ਪੁਲੀਸ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਮ ਕਰੀਬ ਸਾਢੇ ਛੇ ਵਜੇ ਆਪਣੇ ਨਾਲ ਲੈ ਗਈ। ਪੁਲੀਸ ਦੇ ਵਾਹਨ ਵਿੱਚ ਬੈਠਣ ਮੌਕੇ ਨਰੇਸ਼ ਯਾਦਵ ਨੇ ਕਿਹਾ ਕਿ ਇਹ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਨਾਲ ਇਸ ਮਾਮਲੇ ਵਿੱਚ ਧੱਕਾ ਹੋਇਆ ਹੈ।