Blackmailing: ਵਪਾਰੀ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਤਿੰਨ ਔਰਤਾਂ ਸਣੇ ਚਾਰ ਗ੍ਰਿਫ਼ਤਾਰ
ਗੁਰਦੀਪ ਸਿੰਘ ਭੱਟੀ
ਟੋਹਾਣਾ, 16 ਨਵੰਬਰ
ਪੁਲੀਸ ਨੇ ਕਸਬਾ ਭੂਨਾ ਦੇ ਵਪਾਰੀ ਸੰਜੈ ਕੁਮਾਰ ਨੂੰ ਘਰ ਬੁਲਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਕਥਿਤ ਮਾਮਲੇ ਵਿਚ ਵਪਾਰੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਵਪਾਰੀ ਸੰਜੈ ਕੁਮਾਰ ਨੂੰ ਭਰੋਸੇ ਵਿੱਚ ਲੈ ਕੇ ਘਰ ਬੁਲਾ ਲਿਆ ਅਤੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਲਈ।
ਭੂਨਾ ਦੇ ਐਸਐਚਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵਪਾਰੀ ਸੰਜੈ ਕੁਮਾਰ ਦੀ ਭੂਨਾ ਦੀ ਇਕ ਬਸਤੀ ਦੇ ਪਰਿਵਾਰ ਨਾਲ ਵਾਕਫ਼ੀਅਤ ਸੀ ਅਤੇ ਘਰ ਦੀ ਇਕ ਔਰਤ ਨੇ ਉਸ ਨੂੰ ਕਥਿਤ ਤੌਰ ’ਤੇ ਘਰ ਪਾਰਟੀ ਹੋਣ ਦਾ ਲਾਰਾ ਲਾ ਕੇ ਬੀਅਰ ਦੀਆਂ ਬੋਤਲਾਂ ਲੈ ਕੇ ਘਰ ਬੁਲਾ ਲਿਆ। ਵਪਾਰੀ ਜਦੋਂ ਘਰ ਪੁਜਾ ਤਾਂ ਉਥੇ ਦੋ ਔਰਤਾਂ ਤੇ ਇਕ ਮਰਦ ਵੀ ਆ ਗਏ।
ਸ਼ਿਕਾਇਤ ਮੁਤਾਬਕ ਇਸ ਦੌਰਾਨ ਉਨ੍ਹਾਂ ਨੇ ਵਪਾਰੀ ਨੂੰ ਕਮਰੇ ਵਿਚ ਜਾ ਕੇ ਕਪੜੇ ਉਤਾਰਨ ਲਈ ਮਜਬੂਰ ਕਰ ਦਿੱਤਾ ਅਤੇ ਔਰਤਾ ਤੇ ਮਰਦ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਪੈਸਿਆਂ ਦੀ ਮੰਗ ਕੀਤੀ। ਵਪਾਰੀ ਦੀਆਂ ਜੇਬਾਂ ਖਾਲੀ ਕਰ ਕੇ ਅਤੇ ਪੈਸੇ ਭੇਜਣ ਪਿੱਛੋਂ ਹੀ ਉਸ ਨੂੰ ਛੱਡਿਆ ਗਿਆ। ਇਸ ਪਿਛੋਂ ਵਪਾਰੀ ਨੇ ਭੂਨਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੁਲੀਸ ਨੇ ਕਾਰਵਾਈ ਕਰਦਿਆਂ ਤਿੰਨ ਔਰਤਾਂ ਤੇ ਉਨ੍ਹਾਂ ਦੇ ਇਕ ਸਾਥੀ ਮਰਦ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।