For the best experience, open
https://m.punjabitribuneonline.com
on your mobile browser.
Advertisement

ਕਾਲੇ ਪਾਣੀ ਦਾ ਮੋਰਚਾ ਤੇ ਡਾਇੰਗ ਇੰਡਸਟਰੀ ਆਹਮੋ-ਸਾਹਮਣੇ

05:00 AM Nov 29, 2024 IST
ਕਾਲੇ ਪਾਣੀ ਦਾ ਮੋਰਚਾ ਤੇ ਡਾਇੰਗ ਇੰਡਸਟਰੀ ਆਹਮੋ ਸਾਹਮਣੇ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਾਲਾ ਪਾਣੀ ਮੋਰਚਾ ਦੇ ਆਗੂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਨਵੰਬਰ
ਬੁੱਢੇ ਦਰਿਆ ਵਿੱਚ ਪੈ ਰਹੇ ਦੂਸ਼ਿਤ ਪਾਣੀ ਦਾ ਮੁੱਦਾ ਇੱਕ ਵਾਰ ਫਿਰ ਭਖ਼ ਗਿਆ ਹੈ। ਬੁੱਢਾ ਦਰਿਆ ਵਿੱਚ ਡਿੱਗ ਰਹੇ ਡਾਇੰਗਾਂ ਦੇ ਕਾਲੇ ਪਾਣੀ ਨੂੰ ਰੋਕਣ ਲਈ ਕਾਲੇ ਪਾਣੀ ਦਾ ਮੋਰਚੇ ਬਣਾਇਆ ਗਿਆ ਸੀ। ਇਸ ਮੋਰਚੇ ਨੇ ਵੀਰਵਾਰ ਨੂੰ ਪੱਤਰਕਾਰ ਮਿਲਣੀ ਕਰ ਕੇ ਐਲਾਨ ਕੀਤਾ ਹੈ ਕਿ 3 ਦਸੰਬਰ ਨੂੰ ਬੁੱਢੇ ਦਰਿਆ ਵਿੱਚ ਡਿੱਗਣ ਵਾਲੇ ਗੰਦੇ ਪਾਣੀ ਨੂੰ ਰੋਕਣ ਲਈ ਮਿੱਟੀ ਪੈ ਕੇ ਬੰਨ੍ਹ ਲਗਾ ਦਿੱਤਾ ਜਾਵੇਗਾ। ਉਧਰ, ਡਾਇੰਗ ਇੰਡਸਟਰੀ ਵੀ ਐੱਨਜੀਓ ਮੈਂਬਰਾਂ ਦੇ ਸਾਹਮਣੇ ਆ ਗਈ ਤੇ ਉਨ੍ਹਾਂ ਨੇ ਵੀ ਸਾਫ਼ ਤੌਰ ’ਤੇ ਆਖ ਦਿੱਤਾ ਹੈ ਕਿ ਐੱਨਜੀਓ ਦੇ ਨਾਂ ’ਤੇ ਕੁੱਝ ਲੋਕ ਬਲੈਕਮੇਲਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਸੀਈਟੀਪੀ ਪਲਾਟ ਲਗਾਇਆ ਗਿਆ ਹੈ, ਉਹ 200 ਕਰੋੜ ਰੁਪਏ ਖ਼ਰਚ ਕੇ ਬਣਾਇਆ ਗਿਆ ਹੈ। ਐੱਨਜੀਓ ਮੈਂਬਰ ਤੇ ਡਾਇੰਗ ਸਨਅਤਕਾਰ ਬੁੱਢੇ ਦਰਿਆ ਦੇ ਮੁੱਦੇ ’ਤੇ ਇੱਕ ਦੂਜੇ ’ਤੇ ਦੋਸ਼ ਲਗਾਉਂਦੇ ਰਹੇ।
ਕਾਲੇ ਪਾਣੀ ਕਾ ਮੋਰਚਾ ਵੱਲੋਂ ਵੀਰਵਾਰ ਨੂੰ ਗੁਰਦੁਆਰਾ ਗਊਘਾਟ ਵਿੱਚ ਮੋਰਚਾ ਪ੍ਰਧਾਨ ਅਮਿਤੋਜ ਮਾਨ, ਲੱਖਾ ਸਿਧਾਣਾ, ਡਾ. ਅਮਨਦੀਪ ਸਿੰਘ ਬੈਂਸ, ਕਪਿਲ ਅਰੋੜਾ ਤੇ ਕੁਲਦੀਪ ਖਹਿਰਾ ਨੇ ਪੱਤਰਕਾਰ ਮਿਲਣੀ ਕੀਤੀ ਤੇ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਵੱਲੋਂ ਸੀਈਟੀਪੀ ਟਰੀਟਮੈਂਟ ਪਲਾਂਟ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਇਹ ਪਲਾਂਟ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਇਸ ਪਾਣੀ ਨੂੰ ਬੁੱਢਾ ਦਰਿਆ ਵਿੱਚ ਸੁੱਟ ਕੇ ਲੁਧਿਆਣਾ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕਾਂ ਨੂੰ ਪੀਣ ਲਈ ਜ਼ਹਿਰੀਲਾ ਪਾਣੀ ਦਿੱਤਾ ਜਾ ਰਿਹਾ ਹੈ।
ਡਾ. ਅਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ 24 ਅਗਸਤ ਦੀ ਮੀਟਿੰਗ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਟਰੀਟਮੈਂਟ ਪਲਾਂਟ ਬੰਦ ਕਰਨ ਦੇ ਹੁਕਮ ਦਿੱਤੇ ਸਨ, ਉਸ ਦੇ ਬਾਵਜੂਦ ਕਾਲੇ ਪਾਣੀ ਦੇ ਮੋਰਚਾ ਵੱਲੋਂ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ। ਪਰ ਡਾਇੰਗ ਫੈਕਟਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚੱਲਦਿਆਂ 3 ਦਸੰਬਰ ਨੂੰ ਤਾਜਪੁਰ ਡਾਇੰਗ ਅਤੇ ਫੋਕਲ ਪੁਆਇੰਟ ਡਾਇੰਗ ਦੇ ਕਲੱਸਟਰਾਂ ਵੱਲੋਂ ਬੁੱਢੇ ਦਰਿਆ ਵਿੱਚ ਗੈਰ-ਕਾਨੂੰਨੀ ਢੰਗ ਨਾਲ 9 ਕਰੋੜ ਲਿਟਰ ਪਾਣੀ ਸੁੱਟਣ ਨੂੰ ਰੋਕਿਆ ਜਾਵੇਗਾ। ਉਸ ਦਿਨ ਸਵੇਰੇ 12 ਵਜੇ ਵੇਰਕਾ ਮਿਲਕ ਪਲਾਂਟ ਨੇੜੇ ਵੱਡਾ ਇਕੱਠ ਹੋਵੇਗਾ ਅਤੇ ਉਸ ਤੋਂ ਬਾਅਦ ਪੰਜਾਬ ਅਤੇ ਰਾਜਸਥਾਨ ਦੇ ਲੋਕ ਇਕੱਠੇ ਹੋ ਕੇ ਤਾਜਪੁਰ ਰੋਡ ਤੇ ਫੋਕਲ ਪੁਆਇੰਟ ਵੱਲ ਮਾਰਚ ਕਰਨਗੇ। ਜੇਲ੍ਹ ਦੇ ਸਾਹਮਣੇ ਦੀਆਂ ਦੋਵੇਂ ਪਾਈਪਾਂ, ਜਿਨ੍ਹਾਂ ਵਿੱਚੋਂ ਰੋਜ਼ਾਨਾ 9 ਕਰੋੜ ਲਿਟਰ ਜ਼ਹਿਰੀਲਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਹੈ, ਉਸਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ।
ਲੱਖਾ ਸਿਧਾਣਾ ਨੇ ਦੱਸਿਆ ਕਿ ਰਾਜਸਥਾਨ ਦੇ ਪ੍ਰਭਾਵਿਤ ਇਲਾਕੇ ਵਿੱਚ ਪੈਦਾ ਹੋਏ ਬੱਚਿਆਂ ਦੇ ਮੂੰਹ ਵਿੱਚ ਕੈਂਸਰ ਵਰਗੀ ਬਿਮਾਰੀ ਹੋ ਰਹੀ ਹੈ। ਕੁਲਦੀਪ ਸਿੰਘ ਖਹਿਰਾ ਅਤੇ ਕਪਿਲ ਅਰੋੜਾ ਨੇ ਕਿਹਾ ਕਿ ਰੰਗਾਈ ਫੈਕਟਰੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਡਾ ਟਰੀਟ ਕੀਤਾ ਪਾਣੀ ਵਾਤਾਵਰਨ ਦੇ ਨਿਯਮਾਂ ਅਨੁਸਾਰ ਹੈ, ਫਿਰ ਉਹ ਇਸ ਪਾਣੀ ਨੂੰ ਆਪਣੀਆਂ ਫੈਕਟਰੀਆਂ ਵਿੱਚ ਦੁਬਾਰਾ ਕਿਉਂ ਨਹੀਂ ਵਰਤਦੇ।
ਉਧਰ, ਡਾਇੰਗ ਸਨਅਤਕਾਰਾਂ ਨੇ ਪੱਤਰਕਾਰ ਮਿਲਣੀ ਕਰਕੇ ਕਿਹਾ ਕਿ ਸਨਅਤਕਾਰ ਪਾਣੀ ਨੂੰ ਪ੍ਰਦੂਸ਼ਣ ਬੋਰਡ ਦੇ ਨਿਯਮਾਂ ਮੁਤਾਬਕ ਹੀ ਟਰੀਟ ਕਰ ਰਹੀ ਹੈ, ਅਗਰ ਐੱਨਜੀਓ ਨੂੰ ਕੋਈ ਗਲਤਫਹਿਮੀ ਹੈ ਤਾਂ ਉਹ ਕਦੇ ਵੀ ਸਨਅਤਕਾਰਾਂ ਨਾਲ ਗਲੱਬਾਤ ਕਰਨ ਸਕਦੀ ਹੈ। ਡਾਇੰਗ ਸਨਅਤਕਾਰਾਂ ਨੇ ਇਸ ਮਾਮਲੇ ਵਿੱਚ ਸਰਕਾਰ ਕੋਲੋਂ ਵੀ ਮੰਗ ਕੀਤੀ ਹੈ ਕਿ ਇਸ ਮੁੱਦੇ ਦਾ ਹੱਲ ਕੱਢਿਆ ਜਾਵੇ। ਡਾਇੰਗ ਸਨਅਤਕਾਰਾਂ ਨੇ ਕਿਹਾ ਕਿ ਪਾਣੀ ਨੂੰ ਟਰੀਟ ਕਰਨ ’ਤੇ 4 ਕਰੋੜ ਰੁਪਏ ਮਹੀਨਾ ਖਰਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਗਰ ਡਾਇੰਗਾਂ ਦੇ ਟਰੀਟਮੈਂਟ ਪਲਾਂਟ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟੈਕਸਟਾਈਲ ਇੰਡਸਟਰੀ ਦਾ ਇੱਕ ਲੱਖ ਕਾਮਾ ਵੀ ਐੱਨਜੀਓ ਦਾ ਵਿਰੋਧ ਕਰੇਗਾ।

Advertisement

Advertisement
Advertisement
Author Image

Inderjit Kaur

View all posts

Advertisement