ਕਾਲਾਬੂਲਾ ’ਚ ਟਿਊਬਵੈੱਲਾਂ ’ਚੋਂ ਕਾਲਾ ਪਾਣੀ ਨਿਕਲਿਆ
ਬੀਰਬਲ ਰਿਸ਼ੀ
ਸ਼ੇਰਪੁਰ, 18 ਨਵੰਬਰ
ਇੱਥੋਂ ਦੇ ਪਿੰਡ ਘਨੌਰੀ ਕਲਾਂ ਅਤੇ ਕਾਲਾਬੂਲਾ ਦੀ ਹੱਦ ’ਤੇ ਚੱਲਦੇ ਟਿਊਬਵੈੱਲਾਂ ’ਚੋਂ ਸੁਆਹ ਵਾਲਾ ਕਾਲਾ ਪਾਣੀ ਨਿਕਲਣ ਲੱਗਾ ਹੈ। ਜਾਣਕਾਰੀ ਅਨੁਸਾਰ ਪਿੰਡ ਕਾਲਾਬੂਲਾ ਦੇ ਕਿਸਾਨ ਗੁਰਦੀਪ ਸਿੰਘ ਦੇ ਟਿਊਬਵੈੱਲ ’ਚੋਂ ਜਦੋਂ ਮੱਛੀ ਮੋਟਰ ਬਾਹਰ ਕੱਢੀ ਗਈ ਤਾਂ ਮੋਟਰ ’ਤੇ ਰਾਖ ਦੀ ਪਰਤ ਜੰਮੀ ਹੋਈ ਸੀ। ਟਿਊਬਵੈੱਲ ਦੀਆਂ ਪਾਈਪਾਂ ’ਚੋਂ ਵੀ ਰਾਖ ਕੱਢੀ ਗਈ। ਇਸ ਦੌਰਾਨ ਜਦੋਂ ਗੁਰਦੀਪ ਸਿੰਘ ਦੇ ਗੁਆਂਢੀ ਕਿਸਾਨ ਜਸਵੀਰ ਸਿੰਘ ਨੇ ਆਪਣਾ ਟਿਊਬਵੈੱਲ ਚਲਾਇਆ ਤਾਂ ਪਹਿਲਾਂ ਉਸ ’ਚੋਂ ਕਾਲਾ ਪਾਣੀ ਨਿਕਲਿਆ ਅਤੇ ਬਾਅਦ ’ਚ ਪਾਣੀ ਸਾਫ਼ ਹੋ ਗਿਆ। ਇਸੇ ਤਰ੍ਹਾਂ ਕਿਸਾਨ ਧਰਮਵੀਰ ਸੋਨੂੰ ਅਤੇ ਗੁਰਵਿੰਦਰ ਸਿੰਘ ਨੇ ਵੀ ਆਪਣੇ ਟਿਊਬਵੈੱਲਾਂ ’ਚੋਂ ਕਾਲਾ ਪਾਣੀ ਨਿਕਲਣ ਦਾ ਦਾਅਵਾ ਕੀਤਾ ਹੈ। ਕੁਝ ਕਿਸਾਨਾਂ ਨੇ ਇਲਾਕੇ ਦੀ ਇੱਕ ਫੈਕਟਰੀ ਨੂੰ ਇਸ ਸਮੱਸਿਆ ਦੀ ਜੜ੍ਹ ਮੰਨਦਿਆਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ। ਦੂਜੇ ਪਾਸੇ ਖੇਤੀਬਾੜੀ ਵਿਸਥਾਰ ਅਫ਼ਸਰ ਹਰਵਿੰਦਰ ਸਿੰਘ ਸ਼ੇਰਪੁਰ, ਟੀਮ ’ਚ ਸ਼ਾਮਲ ਜੁਗਰਾਜ ਸਿੰਘ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦਾ ਵਾਅਦਾ ਕੀਤਾ ਹੈ। ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਾਂ ਲੈਬ ’ਚੋਂ ਪਾਣੀ ਤੇ ਮਿੱਟੀ ਦੀ ਪਰਖ ਕਰਵਾ ਸਕਦੇ ਹਨ ਜਦੋਂ ਕਿ ਨਿਕਲ ਰਹੀ ਰਾਖ ਦਾ ਮਾਮਲਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਹੈ।
ਜਾਂਚ ਲਈ ਪਾਣੀ ਦੇ ਨਮੂਨੇ ਲਵਾਂਗੇ: ਐੱਸਡੀਐੱਮ
ਧੂਰੀ ਦੇ ਐੱਸਡੀਐੱਮ ਵਿਕਾਸ ਹੀਰਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਹ ਪਹਿਲਾਂ ਖੇਤੀਬਾੜੀ ਵਿਭਾਗ ਤੋਂ ਪਾਣੀ ਦੀ ਜਾਂਚ ਲਈ ਨਮੂਨੇ ਭਰਵਾਉਣਗੇ। ਇਸ ਮਾਮਲੇ ’ਚ ਮੰਡਲ ਭੂਮੀ ਰੱਖਿਆ ਵਿਭਾਗ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋੜ ਪੈਣ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਹਿਰਾਂ ਦੀ ਟੀਮ ਸੱਦੀ ਜਾਵੇਗੀ।