For the best experience, open
https://m.punjabitribuneonline.com
on your mobile browser.
Advertisement

ਕਾਲਾ ਦਿਵਸ: ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ

09:05 AM Feb 24, 2024 IST
ਕਾਲਾ ਦਿਵਸ  ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ
ਡੇਹਲੋਂ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਿਸਾਨ।
Advertisement

ਸਤਵਿੰਦਰ ਬਸਰਾ
ਲੁਧਿਆਣਾ, 23 ਫਰਵਰੀ
ਸੰਘਰਸ਼ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਅਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਕੇਂਦਰੀ ਟਰੇਡ ਯੂਨੀਅਨਾਂ, ਆਜ਼ਾਦ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਕਾਲਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਪ੍ਰਦਰਸ਼ਨ ਕੀਤੇ ਗਏ।
ਲੁਧਿਆਣਾ ਦੇ ਮਿਨੀ ਸਕੱਤਰੇਤ ਦੇ ਬਾਹਰ ਏਟਕ, ਸੀਟੀਯੂ ਪੰਜਾਬ, ਐੱਸਕੇਐੱਮ ਅਤੇ ਸੀਟੂ ਵੱਲੋਂ ਕੀਤੇ ਸਾਂਝੇ ਰੋਸ ਪ੍ਰਦਰਸ਼ਨ ਦੌਰਾਨ ਨਰਿੰਦਰ ਮੋਦੀ, ਅਮਿਤ ਸ਼ਾਹ, ਮਨੋਹਰ ਖੱਟਰ ਅਤੇ ਅਨਿਲ ਵਿਜ ਦੇ ਪੁਤਲੇ ਸਾੜੇ ਗਏ। ਉਧਰ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਦੋਸ਼ੀਆਂ ’ਤੇ ਪੰਜਾਬ ਵਿੱਚ ਆ ਕੇ ਗੋਲੀ ਚਲਾਉਣ ਦਾ ਕੇਸ ਦਰਜ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਕਾਨੂੰਨ ਵਾਪਸ ਲਏ, ਉਸ ਸਮੇਂ ਇਹ ਕਿਹਾ ਸੀ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣਗੇ ਪਰ ਹੁਣ ਉਹ ਆਪਣੇ ਵਾਅਦੇ ਤੋਂ ਭੱਜ ਰਹੇ ਹਨ। ਇਸ ਰੋਸ ਪ੍ਰਦਰਸ਼ਨ ਨੂੰ ਡੀਪੀ ਮੌੜ, ਐੱਮਐੱਸ ਭਾਟੀਆ, ਵਿਜੈ ਕੁਮਾਰ ਏਟਕ, ਜਗਦੀਸ਼ ਚੰਦ, ਪਰਮਜੀਤ ਸਿੰਘ ਅਤੇ ਬਲਰਾਮ ਸਿੰਘ ਸੀਟੀਯੂ ਪੰਜਾਬ, ਕਿਸਾਨ ਆਗੂ ਚਮਕੌਰ ਸਿੰਘ, ਚਰਨ ਸਰਾਭਾ ਆਦਿ ਨੇ ਵਿਚਾਰ ਸਾਂਝੇ ਕੀਤੇ।
ਸਮਰਾਲਾ (ਡੀਪੀਐੱਸ ਬੱਤਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸੂਬੇ ਭਰ ’ਚ ਕਿਸਾਨਾਂ ਵੱਲੋਂ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕ ਕੇ ‘ਕਾਲਾ ਦਿਵਸ’ ਮਨਾਇਆ ਗਿਆ। ਅੱਜ ਸਮਰਾਲਾ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਬੀਕੇਯੂ (ਰਾਜੇਵਾਲ), ਬੀਕੇਯੂ (ਲੱਖੋਵਾਲ), ਬੀਕੇਯੂ (ਕਾਦੀਆਂ), ਸਮਾਜ ਸੇਵੀ ਜਥੇਬੰਦੀਆਂ, ਟਰੇਡ ਯੂਨੀਅਨਾਂ ਅਤੇ ਸਹਿਯੋਗੀ ਪਾਰਟੀਆਂ ਨੇ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਪਾਇਲ (ਪੱਤਰ ਪ੍ਰੇਰਕ): ਬੀਕੇਯੂ ਏਕਤਾ ਉਗਰਾਹਾਂ ਦੀ ਮਲੌਦ ਇਕਾਈ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ ਸਾੜੇ ਅਤੇ ਮੇਨ ਚੌਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਹਰਿਅਣਾ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕਿਸਾਨਾਂ ਨੇ ਇਥੇ ਐੱਸਡੀਐੱਮ ਦਫ਼ਤਰ ਅੱਗੇ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ ਨੇ ਦੋਸ਼ ਕਿਹਾ ਕਿ ਸਰਕਾਰਾਂ ਲੋਕਾਂ ਦੀ ਸੁਰੱਖਿਆ ਲਈ ਹੁੰਦੀਆਂ ਹਨ ਪਰ ਸੰਘਰਸ਼ ਦੌਰਾਨ ਸਰਕਾਰਾਂ ਨੇ ਕਿਸਾਨਾਂ ’ਤੇ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

Advertisement

ਡੇਹਲੋਂ ਤੇ ਰਾਏਕੋਟ ਵਿੱਚ ਰੋਸ ਪ੍ਰਦਰਸ਼ਨ

ਗੁਰੂਸਰ ਸੁਧਾਰ/ਰਾਏਕੋਟ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਸਬਾ ਡੇਹਲੋਂ ਤੇ ਰਾਏਕੋਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਪੁਤਲੇ ਫ਼ੂਕੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਲਾ ਦਿਵਸ ਮਨਾਇਆ ਗਿਆ। ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਪੰਜਾਬ ਕਿਸਾਨ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਆਲ ਇੰਡੀਆ ਪੇਂਡੂ ਡਾਕ ਸੇਵਕ ਯੂਨੀਅਨ, ਔਰਤ ਮੁਕਤੀ ਮੋਰਚਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂਆਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਜ਼ੋਰਦਾਰ ਮੁਹਿੰਮ ਵਿੱਢਣ ਦਾ ਸੁਨੇਹਾ ਦਿੱਤਾ।

ਜਗਰਾਉਂ ਦੇ ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ

ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਅੱਜ ਜਗਰਾਉਂ ਦੇ ਮੁੱਖ ਤਹਿਸੀਲ ਚੌਕ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਤੋਂ ਇਲਾਵਾ ਦਰਜਨ ਤੋਂ ਵਧੇਰੇ ਪਿੰਡਾਂ ਵਿੱਚ ਖਨੌਰੀ ਗੋਲੀ ਕਾਂਡ ਵਿਰੁੱਧ ਹਰਿਆਣਾ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਬੀਕੇਯੂ (ਲੱਖੋਵਾਲ), ਜਮਹੂਰੀ ਕਿਸਾਨ ਸਭਾ, ਪੰਜਾਬ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਕਿਸਾਨ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ 26 ਫਰਵਰੀ ਨੂੰ ਸਾਰੀਆਂ ਸੜਕਾਂ ਟਰੈਕਟਰ ਨਾਲ ਭਰ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ 14 ਮਾਰਚ ਨੂੰ ਸਾਰੇ ਪੰਜਾਬ ’ਚੋਂ ਕਿਸਾਨ ਦਿੱਲੀ ਰਾਮਲੀਲਾ ਮੈਦਾਨ ਵਿੱਚ ਮਹਾਪੰਚਾਇਤ ’ਚ ਵੱਡੀ ਗਿਣਤੀ ਸ਼ਾਮਲ ਹੋਣਗੇ।

Advertisement
Author Image

joginder kumar

View all posts

Advertisement
Advertisement
×