ਘਲੋਟੀ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੀ ਮੀਟਿੰਗ
ਪੱਤਰ ਪ੍ਰੇਰਕ
ਪਾਇਲ, 3 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਪਿੰਡ ਘਲੋਟੀ ਦੇ ਗੁਰਦੁਆਰਾ ਸਾਹਿਬ ਵਿੱਚ ਕਿਸਾਨੀ ਮੁੱਦਿਆਂ ਦੇ ਸੰਬੰਧ ਦੇ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ। ਜਥੇਬੰਦੀ ਦੇ ਸਾਬਕਾ ਬਲਾਕ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵੇਚਣ ਸਮੇਂ ਦਾਣਾ ਮੰਡੀ ’ਚ ਆ ਰਹੀਆਂ ਸਮੱਸਿਆ ਸਬੰਧੀ, ਪਰਾਲੀ ਦੇ ਮੁੱਦੇ ਬਾਰੇ ਅਤੇ ਕਣਕ ਦੀ ਬਿਜਾਈ ਲਈ ਡੀਏਪੀ ਸਬੰਧੀ ਆ ਰਹੀ ਕਿੱਲਤ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਰਵਨਦੀਪ ਸਿੰਘ ਘਲੋਟੀ ਨੇ ਕਿਹਾ ਕਿ ਕਿਸਾਨਾਂ ਦੀ ਮੰਡੀਆਂ ’ਚ ਹੋ ਰਹੀ ਖੱਜਲ-ਖੁਆਰੀ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਜ਼ਿੰਮੇਵਾਰ ਹਨ, ਦੋਵੇਂ ਹੀ ਸਰਕਾਰਾਂ ਝੋਨੇ ਦੀ ਸਰਕਾਰੀ ਖਰੀਦ ਤੋਂ ਭੱਜਣਾ ਚਾਹੁੰਦੀਆਂ ਹਨ, ਪਰਾਲੀ ਵਾਲੇ ਮਸਲੇ ਸਬੰਧੀ ਸਰਕਾਰਾਂ ਇਸ ਮੁੱਦੇ ਨੂੰ ਹੱਲ ਕਰਨ ਦੀ ਥਾਂ ਕਿਸਾਨ ਦੇ ਉੱਪਰ ਪਰਚੇ ਦਰਜ ਕਰਨ, ਕਿਸਾਨਾਂ ਦੀਆਂ ਫਰਦਾਂ ’ਚ ਰੈਡ ਐਂਟਰੀ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਚੋਂ ਬਾਹਰ ਕਰਨ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਸੰਭਾਲਣ ਲਈ ਜ਼ੋਰ ਲਾ ਰਹੀਆਂ ਹਨ।