ਬੀਕੇਯੂ (ਉਗਰਾਹਾਂ) ਨੇ ਚਿੱਪ ਵਾਲੇ ਮੀਟਰ ਪੁੱਟ ਕੇ ਪਾਵਰਕੌਮ ਨੂੰ ਸੌਂਪੇ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 10 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚਿੱਪ ਵਾਲੇ ਬਿਜਲੀ ਮੀਟਰ ਖ਼ਿਲਾਫ਼ ਵਿੱਢੀ ਆਪਣੀ ਮੁਹਿੰਮ ਤਹਿਤ ਪਾਵਰਕੌਮ ਵੱਲੋਂ ਬੀਤੇ ਦਿਨੀਂ ਪਿੰਡ ਕੋਠਾ ਗੁਰੂ ਵਿੱਚ ਲਗਾਏ ਦੋ ਨਵੇਂ ਚਿੱਪ ਵਾਲੇ ਬਿਜਲੀ ਮੀਟਰ ਪੁੱਟ ਕੇ ਅਦਾਰੇ ਵੱਲੋਂ ਇਸ ਤਰ੍ਹਾਂ ਦੇ ਮੀਟਰ ਲਾਉਣ ਦਾ ਵਿਰੋਧ ਕੀਤਾ। ਇਸ ਮੌਕੇ ਜਥੇਬੰਦੀ ਦੇ ਵਰਕਰਾਂ ਨੇ ਪੰਜਾਬ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਅਤੇ ਬਲਾਕ ਭਗਤਾ ਭਾਈ ਦੇ ਪ੍ਰਧਾਨ ਜਸਪਾਲ ਸਿੰਘ ਪਾਲਾ ਨੇ ਦੱਸਿਆ ਕਿ ਪਾਵਰਕੌਮ ਨੇ ਪਿੰਡ ਕੋਠਾ ਗੁਰੂ ਦੇ ਬੱਸ ਸਟੈਂਡ ‘ਤੇ ਦੋ ਖ਼ਪਤਕਾਰਾਂ ਦੇ ਚਿੱਪ ਵਾਲੇ ਬਿਜਲੀ ਮੀਟਰ ਲਗਾਏ ਗਏ ਸਨ। ਇਸ ਦੀ ਭਿਣਕ ਜਦੋਂ ਬੀਕੇਯੂ (ਉਗਰਾਹਾਂ) ਨੂੰ ਪਈ ਤਾਂ ਜਥੇਬੰਦੀ ਨੇ ਇਸ ਦਾ ਵਿਰੋਧ ਕਰਦਿਆਂ ਮੀਟਰ ਪੁੱਟ ਕੇ ਪਾਵਰਕੌਮ ਦਫ਼ਤਰ ਭਗਤਾ ਭਾਈ ਨੂੰ ਸੌਂਪ ਦਿੱਤੇ। ਕਿਸਾਨ ਆਗੂਆਂ ਨੇ ਦੱਸਿਆ ਕਿ ਪਾਵਰਕੌਮ ਵੱਲੋਂਂ ਪਹਿਲਾਂ ਨਵੇਂ ਖ਼ਪਤਕਾਰਾਂ ਦੇ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ ਅਤੇ ਬਾਅਦ ਵਿਚ ਇਸ ਮੁਹਿੰਮ ਤਹਿਤ ਸਾਰੇ ਲੋਕਾਂ ਦੇ ਘਰਾਂ ਵਿਚ ਚਿੱਪ ਵਾਲੇ ਮੀਟਰ ਲਗਾਉਣ ਦੀ ਯੋਜਨਾ ਹੈ ਪਰ ਬੀਕੇਯੂ (ਉਗਰਾਹਾਂ) ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਨਿੱਜੀਕਰਨ ਦੀ ਨੀਤੀ ਤਹਿਤ ਬਿਜਲੀ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਲਈ ਚਿੱਪ ਵਾਲੇ ਮੀਟਰ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਫ਼ੈਸਲੇ ਮੁਤਾਬਕ ਚਿੱਪ ਵਾਲੇ ਮੀਟਰ ਕਿਸੇ ਵੀ ਸਰਕਾਰੀ ਥਾਂ ਜਾਂ ਲੋਕਾਂ ਘਰ ‘ਚ ਨਹੀਂ ਲੱਗਣ ਦਿੱਤੇ ਜਾਣਗੇ।
ਇਸ ਮੌਕੇ ਮਹਿੰਦਰ ਸਿੰਘ ਢਿੱਲੋਂ, ਰਣਧੀਰ ਮਲੂਕਾ, ਜਤਿੰਦਰ ਵੜੈਚ, ਸੰਸਾਰ ਸਿੰਘ, ਰਣਜੀਤ ਰਾਣਾ, ਔਰਤ ਆਗੂ ਮਾਲਣ ਕੌਰ ਤੇ ਗੁਰਮੇਲ ਕੌਰ ਹਾਜ਼ਰ ਸਨ।