ਬੀਕੇਯੂ ਵੱਲੋਂ ਹੰਸਰਾਜ ਹੰਸ ਦਾ ਵਿਰੋਧ
ਪੱਤਰ ਪ੍ਰੇਰਕ
ਭਾਈ ਰੂਪਾ, 11 ਮਈ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਸੂਫ਼ੀ ਗਾਇਕ ਹੰਸਰਾਜ ਹੰਸ ਦਾ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ’ਚ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਸ਼ਾਮ ਹੰਸ ਰਾਜ ਹੰਸ ਨੇ ਆਪਣੇ ਚੋਣ ਪ੍ਰਚਾਰ ਤਹਿਤ ਨੇੜਲੇ ਪਿੰਡ ਦੁੱਲੇਵਾਲਾ ਵਿੱਚ ਵੋਟਰਾਂ ਨਾਲ ਰਾਬਤਾ ਕਰਨ ਲਈ ਆਉਣਾ ਸੀ, ਪਰ ਇਸ ਦੌਰਾਨ ਇਸ ਗੱਲ ਦੀ ਭਿਣਕ ਮਿਲਦਿਆਂ ਹੀ ਬੀਕੇਯੂ (ਕ੍ਰਾਂਤੀਕਾਰੀ) ਪੰਜਾਬ ਅਤੇ ਐਂਟੀ ਡਰੱਗ ਫੋਰਸ ਦੁੱਲੇਵਾਲਾ ਦੇ ਵਰਕਰਾਂ ਨੇ ਇਕੱਤਰ ਹੋ ਕੇ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬੀਕੇਯੂ (ਕ੍ਰਾਂਤੀਕਾਰੀ) ਇਕਾਈ ਦੁੱਲੇਵਾਲਾ ਦੇ ਪ੍ਰਧਾਨ ਹਰਬੰਸ ਸਿੰਘ ਢਿੱਲੋਂ, ਮੀਤ ਪ੍ਰਧਾਨ ਜਗਤਾਰ ਸਿੰਘ ਤਾਰੀ, ਖ਼ਜ਼ਾਨਚੀ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਐਂਟੀ-ਡਰੱਗ ਫੋਰਸ ਦੇ ਸਰਗਰਮ ਆਗੂ ਬਹਾਦਰ ਸਿੰਘ ਦੁੱਲੇਵਾਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਹੰਸ ਰਾਜ ਹੰਸ ਨੂੰ ਐਮ.ਐੱਸ.ਪੀ. ਸਮੇਤ ਹੋਰ ਕਿਸਾਨੀ ਮਸਲਿਆਂ ਤੇ ਸੂਬੇ ਅੰਦਰ ਵਧ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਸਬੰਧੀ ਸਵਾਲ ਕਰਨੇ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਹ ਇਥੋਂ ਜਲਦੀ ਹੀ ਖਿਸਕ ਗਏ। ਇਸ ਸਮੇਂ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਕੀਤੇ ਗਏ ਸਨ। ਇਸ ਮੌਕੇ ਹਰਮੇਲ ਸਿੰਘ ਮੇਲਾ, ਗੁਰਲਾਲ ਲਾਲੀ, ਸ਼ਰਨਜੀਤ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ, ਅਜੈਬ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।