ਬੀਕੇਯੂ (ਲੱਖੋਵਾਲ) ਵੱਲੋਂ ਝੋਨੇ ਦੀ ਖਰੀਦ ਸ਼ੁਰੂ ਕਰਾਉਣ ਲਈ ਧਰਨਾ
ਡੀਪੀਐੱਸ ਬਤਰਾ
ਸਮਰਾਲਾ, 5 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਝੋਨੇ ਨਾਲ ਭਰੀਆਂ ਆਪਣੀਆਂ ਟਰਾਲੀਆਂ ਐੱਸਲੀਐੱਮ ਦੇ ਦਫ਼ਤਰ ਅੱਗੇ ਲਿਆ ਖੜ੍ਹੀਆਂ ਕੀਤੀਆਂ। ਇਸ ਮੌਕੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਗਜ਼ਾਂ ਵਿੱਚ ਸਰਕਾਰੀ ਖਰੀਦ ਦੀ ਸ਼ੁਰੂਆਤ ਇੱਕ ਅਕਤੂਬਰ ਤੋਂ ਹੋ ਚੁੱਕੀ ਹੈ ਪਰ ਮੰਡੀਆਂ ’ਚ ਬੈਠੇ ਕਿਸਾਨ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ। ਪਹਿਲੀ ਵਾਰ ਪੱਲੇਦਾਰ, ਆੜ੍ਹਤੀਏ ਤੇ ਸ਼ੈਲਰ ਮਾਲਕ ਝੋਨੇ ਦੇ ਸੀਜ਼ਨ ਦੌਰਾਨ ਹੜ੍ਹਤਾਲ ’ਤੇ ਗਏ ਹਨ ਪਰ ਸਰਕਾਰ ਨਾਲ ਉਨ੍ਹਾਂ ਦੀ ਇਸ ਤਕਰਾਰ ਦਾ ਪ੍ਰਭਾਵ ਸਭ ਤੋਂ ਵੱਧ ਕਿਸਾਨਾਂ ’ਤੇ ਪੈ ਰਿਹਾ ਹੈ। ਇਸੇ ਰੋਸ ਤਹਿਤ ਅੱਜ ਇਹ ਧਰਨਾ ਲਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ, ਚੁਕਾਈ ਅਤੇ ਬਾਰਦਾਨੇ ਆਦਿ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਭਰਥਲਾ, ਹਰਪ੍ਰੀਤ ਸਿੰਘ ਗੜ੍ਹੀ ਅਤੇ ਬਲਾਕ ਸਮਰਾਲਾ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਸਾਂਝੇ ਤੌਰ ’ਤੇ ਸਰਕਾਰ ਨੇ ਜਾਣ-ਬੁੱਝ ਕੇ ਝੋਨੇ ਦੀ ਖਰੀਦ ਦੇ ਸਮੇਂ ਪੰਚਾਇਤੀ ਚੋਣਾਂ ਰੱਖੀਆਂ ਹਨ। ਅੱਜ ਦੇ ਰੋਸ ਧਰਨੇ ਵਿੱਚ ਸਮਰਾਲਾ, ਮਾਛੀਵਾੜਾ ਸਾਹਿਬ ਮੰਡੀਆਂ ਦੇ ਆੜ੍ਹਤੀਆਂ ਤੇ ਪੱਲੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਰੋਸ ਧਰਨੇ ਮਗਰੋਂ ਐੱਸਡੀਐੱਮ ਸਮਰਾਲਾ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਹੜਤਾਲ ਖਤਮ ਕਰਾਵੇ ਸਰਕਾਰ: ਭਾਕਿਯੂ (ਰਾਜੇਵਾਲ)
ਰਾਏਕੋਟ (ਸੰਤੋਖ ਗਿੱਲ): ਭਾਕਿਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ ਅਤੇ ਬਲਾਕ ਰਾਏਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ ਦੀ ਅਗਵਾਈ ਹੇਠ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਮੰਗ ਲਈ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਵਿਧਾਇਕ ਹਾਕਮ ਸਿੰਘ ਨੂੰ ਅਪੀਲ ਕੀਤੀ ਕਿ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮੰਡੀ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਲਈ ਅਣਮਿਥੇ ਸਮੇਂ ਦੀ ਹੜਤਾਲ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਵਾਜਬ ਮੰਗਾਂ ਦਾ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਆਲੂਆਂ ਅਤੇ ਕਣਕ ਦੀ ਬਿਜਾਈ ਲਈ ਵੱਡੀ ਪੱਧਰ ‘ਤੇ ਡੀ.ਏ.ਪੀ ਖਾਦ ਦੀ ਜ਼ਰੂਰਤ ਹੈ, ਜਦਕਿ ਪੰਜਾਬ ਵਿੱਚ ਡੀ.ਏ.ਪੀ ਖਾਦ ਦਾ ਸਟਾਕ ਲਗਭਗ ਖ਼ਤਮ ਹੈ। ਉਨ੍ਹਾਂ ਡੀ.ਏ.ਪੀ ਖਾਦ ਦੀ ਘਾਟ ਨੂੰ ਜਲਦ ਪੂਰਾ ਕਰਨ ਦੀ ਮੰਗ ਵੀ ਕੀਤੀ ਹੈ। ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਸਾਨ ਆਗੂਆਂ ਨੂੰ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸਰਕਾਰ ਕੋਲ ਮਸਲਾ ਉਠਾਉਣ ਦਾ ਭਰੋਸਾ ਦਿਵਾਇਆ।