ਬੀਕੇਯੂ (ਲੱਖੋਵਾਲ) ਨੇ ਕਿਸਾਨੀ ਮਸਲੇ ਵਿਚਾਰੇ
ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਿਸਾਨੀ ਨਾਲ ਸਬੰਧਿਤ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਯੂਨੀਅਨ ਦੇ ਸਾਬਕਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਬਾਰੇ ਦੱਸਦਿਆਂ ਅਵਤਾਰ ਸਿੰਘ ਮੇਹਲੋਂ ਸਰਪਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਤੱਕ ਝੋਨੇ ਦੀ ਖਰੀਦ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਸੀ, ਜਦਕਿ 10 ਅਕਤੂਬਰ ਤੱਕ ਵੀ ਮੰਡੀਆਂ ਵਿੱਚ ਝੋਨਾ ਉਡੀਕ ਕਰ ਰਿਹਾ ਹੈ। ਸਰੂਪ ਸਿੰਘ ਰਾਮਾ ਅਤੇ ਪਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਵਾਤਾਵਰਨ ਸਾਫ਼ ਰੱਖਣ ਦੀ ਜ਼ਿੰਮੇਵਾਰੀ ਤਹਿਤ 8 ਹਜ਼ਾਰ ਮੁਲਾਜ਼ਮ ਪਿੰਡ ਪੱਧਰ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਤਾਇਨਾਤ ਕੀਤੇ ਗਏ ਹਨ, ਜਦਕਿ ਫ਼ੈਕਟਰੀਆਂ ਅਤੇ ਪਟਾਕਿਆਂ ਰਾਹੀਂ ਫੈਲਦਾ ਪ੍ਰਦੂਸ਼ਣ ਨਹੀਂ ਰੋਕਿਆ ਜਾ ਰਿਹਾ। -ਨਿੱਜੀ ਪੱਤਰ ਪ੍ਰੇਰਕ