For the best experience, open
https://m.punjabitribuneonline.com
on your mobile browser.
Advertisement

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਮੀਤ ਹੇਅਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਚਿਤਾਵਨੀ

11:00 AM Apr 21, 2024 IST
ਬੀਕੇਯੂ ਏਕਤਾ  ਉਗਰਾਹਾਂ  ਵੱਲੋਂ ਮੀਤ ਹੇਅਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਚਿਤਾਵਨੀ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸਾਥੀ।
Advertisement

ਪਰਸ਼ੋਤਮ ਬੱਲੀ
ਬਰਨਾਲਾ, 20 ਅਪਰੈਲ
ਪਿੰਡ ਜਹਾਂਗੀਰ ਵਾਸੀ ਕਿਸਾਨ ਦੇ ਉਲਝੇ ਜ਼ਮੀਨੀ ਵਿਵਾਦ ਬਾਰੇ ਕੈਬਨਿਟ ਮੰਤਰੀ ਤੇ ਸੰਸਦੀ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹੱਲ ਲਈ ਲਿਆ 15 ਦਿਨ ਦਾ ਸਮਾਂ ਲੰਘਣ ’ਤੇ ਅੱਜ ਇੱਥੇ ਬੀਕੇਯੂ ਉਗਰਾਹਾਂ ਨੇ ਮੀਡੀਆ ਕਾਨਫਰੰਸ ਕਰ ਕੇ ਮੰਤਰੀ ਮੀਤ ਹੇਅਰ ਨੂੰ 5 ਮਈ ਤੱਕ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇ ਹੁਣ ਇਸ ਮਿਤੀ ਤੱਕ ਪੀੜਤ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਨਾ ਦਿਵਾਇਆ ਗਿਆ ਤਾਂ ਹਲਕੇ ’ਚ ਪ੍ਰਚਾਰ ਮੌਕੇ ਜਥੇਬੰਦੀ ਕਾਰਕੁਨਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਬਰਨਾਲਾ ਕੋਠੀ ਅੱਗੇ ਪੱਕਾ ਮੋਰਚਾ ਵੀ ਸ਼ੁਰੂ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਤਹਿਸੀਲ ਧੂਰੀ ਦੇ ਪਿੰਡ ਜਹਾਂਗੀਰ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਹਜੂਰਾ ਸਿੰਘ ਦੀ 15 ਵਿੱਘੇ ਤੇ ਉਸ ਦੇ ਚਾਚੇ ਦੀ 9 ਵਿੱਘੇ ਜ਼ਮੀਨ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਕਥਿਤ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਸੀ ਜਦੋਂ ਇਹ ਮਸਲਾ ਜਥੇਬੰਦੀ ਕੋਲ ਆਇਆ ਤਾਂ ਪੜਤਾਲ ਕਰਨ ’ਤੇ ਸਾਬਕਾ ਸਰਪੰਚ ਦੋਸ਼ੀ ਪਾਇਆ ਗਿਆ।
ਇਸ ਮਸਲੇ ’ਤੇ ਜਥੇਬੰਦੀ ਵੱਲੋਂ ਮੰਤਰੀ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਨੇੜੇ ਧਰਨਾ ਲਾਇਆ ਗਿਆ ਸੀ। ਉਸ ਮੌਕੇ ਮੰਤਰੀ ਵੱਲੋਂ ਹੱਲ ਵਾਸਤੇ 15 ਦਿਨ ਦਾ ਸਮਾਂ ਲੈਣ ’ਤੇ ਧਰਨਾ ਚੁੱਕਿਆ ਗਿਆ ਸੀ। ਇਹ ਸਮਾਂ ਲੰਘਣ ’ਤੇ ਅੱਜ ਮੀਡੀਆ ਕਾਨਫਰੰਸ ਕਰ ਕੇ ਆਗੂਆਂ ਨੇ ਮੰਤਰੀ ਮੀਤ ਹੇਅਰ ਨੂੰ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਨੂੰ ਮੁੜ 5 ਮਈ ਤੱਕ ਦਾ ਸਮਾਂ/ਅਲਟੀਮੇਟਮ ਦਿੰਦੇ ਹਨ। ਜੇ ਇਸ ਸਮੇਂ ਦੌਰਾਨ ਪੀੜਤ ਕਿਸਾਨ ਪਰਿਵਾਰ ਨੂੰ ਜ਼ਮੀਨ ਦਾ ਕਬਜ਼ਾ ਨਾ ਦਿਵਾਇਆ ਗਿਆ ਤਾਂ ਜਿੱਥੇ ਉਸ ਨੂੰ ਹਲਕੇ ‘ਚ ਪ੍ਰਚਾਰ ਮੌਕੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਉਸਦੀ ਬਰਨਾਲਾ ਰਿਹਾਇਸ਼ ਅੱਗੇ ਮੁੜ ਦਿਨ ਰਾਤ ਦਾ ਪੱਕਾ ਮੋਰਚਾ ਆਰੰਭ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਪਾਲ ਤੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਜਥੇਬੰਦੀ ਨੇ ਅਜੇ ਤੱਕ ਸਿਰਫ਼ ਭਾਜਪਾ ਉਮੀਦਵਾਰ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ।
ਇਸ ਮੌਕੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਮਹਿਰਾਜ ਤੇ ਜ਼ਿਲ੍ਹਾ ਸੰਗਰੂਰ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਆਦਿ ਆਗੂ ਦੀ ਹਾਜ਼ਰ ਸਨ।
ਆਗੂਆਂ ਇਹ ਵੀ ਕਿਹਾ ਕਿ ਜੋ ਬਲਾਕ ਲਹਿਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਿਸਾਨ ਸ਼ਹੀਦ ਹੋਇਆ ਹੈ, ਉਸ ਦੇ ਸਬੰਧਤ ਐੱਸਡੀਐੱਮ ਦਫ਼ਤਰ ਅੱਗੇ ਪੱਕਾ ਧਰਨਾ ਲੱਗਿਆ ਹੋਇਆ ਹੈ। ਜਥੇਬੰਦੀ ਵੱਲੋਂ ਮੰਗ ਕੀਤੀ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਉਸ ਦਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ 10 ਲੱਖ ਫੌਰੀ ਮੁਆਵਜ਼ਾ ਪਰਿਵਾਰ ਨੂੰ ਦਿੱਤਾ ਜਾਵੇ।

Advertisement

Advertisement
Author Image

sukhwinder singh

View all posts

Advertisement
Advertisement
×