ਬੀਕੇਯੂ (ਏਕਤਾ-ਉਗਰਾਹਾਂ) ਵੱਲੋਂ ਟਰੈਵਲ ਏਜੰਟ ਦੇ ਦਫ਼ਤਰ ਬਾਹਰ ਧਰਨਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 16 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਭਵਾਨੀਗੜ੍ਹ ਬਲਾਕ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਦੀ ਅਗਵਾਈ ਹੇਠ ਅੱਜ ਮੁਹਾਲੀ ਦੇ ਸੈਕਟਰ-118 ਸਥਿਤ ਇੱਥ ਟਰੈਵਲ ਏਜੰਟ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਨੇ ਪਿੰਡ ਆਲੋਅਰਖ ਦੇ ਕਿਸਾਨ ਆਗੂ ਕਸ਼ਮੀਰ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਨੂੰ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ 5.20 ਲੱਖ ਰੁਪਏ ਐਡਵਾਂਸ ਵਿੱਚ ਲੈ ਕੇ ਉਸ ਨੂੰ ਜਾਅਲੀ ਵੀਜ਼ਾ ਦਿੱਤਾ ਗਿਆ। ਜਸਵਿੰਦਰ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਕਿ ਵੀਜ਼ਾ ਜਾਅਲੀ ਹੈ ਤਾਂ ਪਰਿਵਾਰ ਨੇ ਟਰੈਵਲ ਏਜੰਟ ਦੇ ਦਫ਼ਤਰ ਪਹੁੰਚ ਕੇ ਗੱਲ ਕੀਤੀ ਬਾਹਰ ਨਾ ਭੇਜੇ ਜਾਣ ’ਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਤਾਂ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਚੈੱਕ ਰਾਹੀਂ ਸਾਰੀ ਅਦਾਇਗੀ ਦੀ ਗੱਲ ਕਹੀ ਅਤੇ ਬੀਤੀ 10 ਤਰੀਕ ਨੂੰ 1 ਲੱਖ 25 ਹਜ਼ਾਰ ਵਾਪਸ ਕਰ ਦਿੱਤੇ ਪਰ ਬਾਅਦ ਵਿੱਚ ਬਾਕੀ ਪੈਸੇ ਮੋੜਨ ਲਈ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਏਜੰਟ ਦੇ ਚੈੱਕ ਵੀ ਬਾਊਂਸ ਹੋ ਗਏ। ਅੱਜ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਗੱਲਬਾਤ ਕੀਤੀ ਤਾਂ ਏਜੰਟ ਨੇ ਪੈਸੇ ਮੋੜਨ ਬਾਰੇ ਕੋਈ ਹਾਮੀ ਨਹੀਂ ਭਰੀ। ਇਸ ਮਗਰੋਂ ਕਿਸਾਨ ਤੇ ਬੀਬੀਆਂ ਟਰੈਵਲ ਏਜੰਟ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਬੈਠ ਗਏ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੈਸੇ ਵਾਪਸ ਨਹੀਂ ਕੀਤੇ ਜਾਂਦੇ, ਧਰਨਾ ਜਾਰੀ ਰਹੇਗਾ।
ਇਸ ਮੌਕੇ ਜਗਰੂਪ ਸਿੰਘ ਆਲੋਅਰਖ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਬਾਲਦ ਕਲਾਂ, ਨਿਰਮਲ ਸਿੰਘ, ਜਸਪਾਲ ਕੌਰ, ਗੁਰਮੇਲ ਕੌਰ, ਤੇਜ ਕੌਰ ਸਣੇ ਹੋਰ ਕਿਸਾਨ ਮੌਜੂਦ ਸਨ।