ਬੀਕੇਯੂ ਏਕਤਾ ਉਗਰਾਹਾਂ ਨੇ ਸੰਸਦ ਮੈਂਬਰ ਮੀਤ ਹੇਅਰ ਰਾਹੀਂ ਕੇਂਦਰ ਨੂੰ ਮੰਗ ਪੱਤਰ ਭੇਜਿਆ
ਪਰਸ਼ੋਤਮ ਬੱਲੀ
ਬਰਨਾਲਾ, 17 ਜੁਲਾਈ
ਦਿੱਲੀ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਅਤੇ ਫੌਰੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ)ਉਗਰਾਹਾਂ ਦੀ ਜ਼ਿਲ੍ਹਾ ਬਰਨਾਲਾ ਤੇ ਸੰਗਰੂਰ ਇਕਾਈ ਵੱਲੋਂ ਇੱਥੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਉਪਰੰਤ ਜਥੇਬੰਦੀ ਨੇ ਕੇਂਦਰੀ ਹਕੂਮਤ ਦੇ ਨਾਂ ਮੀਤ ਹੇਅਰ ਦੇ ਪ੍ਰਤੀਨਿਧ ਨੂੰ ਮੰਗ ਪੱਤਰ ਸੌਂਪਿਆ।
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨਵੇਂ ਲਾਗੂ ਕੀਤੇ ਤਿੰਨੋਂ ਫੌਜਦਾਰੀ ਕਾਨੂੰਨ ਵਾਪਸ ਲਏ ਜਾਣ, ਪਾਣੀ, ਕੁਦਰਤੀ ਸਰੋਤਾਂ ਤੋਂ ਕਾਰਪੋਰੇਟ ਕੰਟਰੋਲ ਖਤਮ ਕਰਨ, ਮਗਨਰੇਗਾ ਦਿਹਾੜੀ 600 ਅਤੇ ਹੋਰ ਮੰਗਾਂ ਸਮੇਤ ਇਤਿਹਾਸਿਕ ਦਿੱਲੀ ਘੋਲ ਦੇ 736 ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਸਿੰਘੂ ਤੇ ਟਿਕਰੀ ਬਾਰਡਰ ਤੇ ਸ਼ਹੀਦੀ ਯਾਦਗਾਰ ਦਾ ਨਿਰਮਾਣ ਕਰਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦੀਆਂ ਮੰਗਾਂ ਨੂੰ ਦੁਹਰਾਇਆ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ,ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ , ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਖਜ਼ਾਨਚੀ ਭਗਤ ਸਿੰਘ ਛੰਨਾ, ਮੀਤ ਬੁੱਕਣ ਸਿੰਘ ਸੱਦੋਵਾਲ, ਦਰਸ਼ਨ ਸਿੰਘ, ਜਰਨੈਲ ਸਿੰਘ ਜਵੰਧਾ, ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਆਗੂ ਜਸਵੰਤ ਸਿੰਘ ਤੋਲਾ, ਵਾਲ ਬਹਾਦਰ ਸਿੰਘ ਭੁਟਾਲ, ਜਗਤਾਰ ਸਿੰਘ ਲੱਡੀ ਅਤੇ ਔਰਤ ਵਿੰਗ ਕਨਵੀਨਰ ਕਮਲਜੀਤ ਕੌਰ ਬਰਨਾਲਾ, ਬਿੰਦਰ ਪਾਲ ਕੌਰ ਭਦੌੜ, ਅਮਰਜੀਤ ਕੌਰ ਬਡਬਰ, ਲਖਵੀਰ ਕੌਰ ਧਨੌਲਾ, ਰਾਜ ਬਿੰਦਰ ਕੌਰ ਕਾਲੇਕੇ, ਸੁਖਦੇਵ ਕੌਰ , ਨਵਦੀਪ ਕੌਰ ਪੰਜਗਰਾਈਂ ਤੇ ਸੁਖਵਿੰਦਰ ਕੌਰ ਹਮੀਦੀ ਆਦਿ ਆਗੂ ਹਾਜ਼ਰ ਸਨ।