ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪਿਸ਼ੌਰ ਦੀ ਮੁੱਢਲੀ ਮੈਂਬਰਸ਼ਿਪ ਖਾਰਜ
ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਨਵੰਬਰ
ਇਥੇ ਲੇਹਲ ਖੁਰਦ /ਲਹਿਰਾਗਾਗਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਦੀ ਅਗਵਾਈ ਜਥੇਬੰਦੀ ਦੇ ਦਫਤਰ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ, ਸੂਬਾ ਮੀਤ ਪ੍ਰਧਾਨ ਜਨਕ ਭਟਾਲ, ਸੂਬਾ ਪ੍ਰਚਾਰ ਸਕੱਤਰ ਜਗਤਾਰ ਕਾਲਾ ਝਾੜ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਅੱਜ ਦੀ ਮੀਟਿੰਗ ਸਮੇਂ ਧਰਮਿੰਦਰ ਸਿੰਘ ਪਿਸ਼ੌਰ ’ਤੇ ਲੱਗੇ ਦੋਸ਼ਾਂ ਸਬੰਧੀ ਵਿਚਾਰ ਚਰਚਾ ਕਰਕੇ ਪਤਾ ਚੱਲਿਆ ਸਾਰੇ ਗੰਭੀਰ ਦੋਸ਼ ਸਾਬਤ ਹੋਏ ਹਨ, ਇਸ ਕਰਕੇ ਜਥੇਬੰਦੀ ਦੀ ਤਰਫੋਂ ਧਰਮਿੰਦਰ ਸਿੰਘ ਦੀ ਮੁਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਹੈ। ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀ ਵਾਲਾ, ਬਹਾਲ ਢੀਡਸਾ, ਦਿੜ੍ਹਬਾ ਬਲਾਕ ਦੇ ਪ੍ਰਧਾਨ ਭਰਪੂਰ ਸਿੰਘ ਮੋੜਾਂ, ਲਹਿਰਾਗਾਗਾ ਬਲਾਕ ਦੇ ਬਹਾਦਰ ਸਿੰਘ ਭਟਾਲਖੁਰਦ, ਸੁਨਾਮ ਬਲਾਕ ਦੇ ਜਸਵੰਤ ਸਿੰਘ ਤੋਲਾਵਾਲ, ਧੂਰੀ ਬਲਾਕ ਦੇ ਰਾਮ ਸਿੰਘ ਕੱਕੜਵਾਲ, ਮੂਨਕ ਬਲਾਕ ਦੇ ਸੁਖਦੇਵ ਸਿੰਘ ਕੜੈਲ, ਸੰਗਰੂਰ ਬਲਾਕ ਦੇ ਜਗਤਾਰ ਸਿੰਘ ਲੱਡੀ ਭਵਾਨੀਗੜ੍ਹ ਬਲਾਕ ਦੇ ਹਰਜੀਤ ਸਿੰਘ ਮਹਿਲਾ ਆਦਿ ਹਾਜ਼ਰ ਸਨ। ਉਧਰ ਧਰਮਿੰਦਰ ਸਿੰਘ ਪਿਸ਼ੌਰ ਬੀਮਾਰ ਹੋਣ ਕਰਕੇ ਤੇ ਉਨ੍ਹਾਂ ਦਾ ਮੋਬਾਈਲ ਬੰਦ ਹੋਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।